ਹੈਲੀਕਾਪਟਰ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਇਮਰਾਨ ਖ਼ਾਨ ਤੋਂ ਪੁੱਛਗਿੱਛ

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖ਼ਾਨ ਤੋਂ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਦੇਸ਼ ਦੀ ਭਿ੍ਸ਼ਟਾਚਾਰ ਵਿਰੋਧੀ ਇਕਾਈ ਨੇ ਅੱਜ ਪੁੱਛਗਿੱਛ ਕੀਤੀ। ਇਸ ਮਾਮਲੇ ਵਿੱਚ ਖ਼ੈਬਰ ਪਖ਼ਤੂਨਖਵਾ ਦੇ ਸਰਕਾਰੀ ਖ਼ਜ਼ਾਨੇ ਨੂੰ 21 ਲੱਖ ਤੋਂ ਵਧ ਦਾ ਨੁਕਸਾਨ ਹੋਇਆ ਹੈ। ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਬੀਏ) ਨੇ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ (65) ਨੂੰ ਤਿੰਨ ਅਗਸਤ ਨੂੰ ਸੰਮਨ ਭੇਜਿਆ ਸੀ। ਬਿਊਰੋ ਖ਼ਾਨ ਤੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕਰਨਾ ਚਾਹੁੰਦੀ ਸੀ ਕਿ ਉਨ੍ਹਾਂ ਨੇ 72 ਘੰਟੇ ਤੋਂ ਵਧ ਸਮੇਂ ਤਕ ਸੂਬੇ ਦੇ ਹੈਲੀਕਾਪਟਰ ਦੀ ਵਰਤੋਂ ਕਰਕੇ ਸੂਬੇ ਦੇ ਖਜ਼ਾਨੇ ਨੂੰ 21.70 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਅਧਿਕਾਰਤ ਤੌਰ ’ਤੇ ਹੈਲੀਕਾਪਟਰ ਉਨ੍ਹਾਂ ਦੇ ਵਿਅਕਤੀਗਤ ਵਰਤੋਂ ਲਈ ਨਹੀਂ ਸੀ। ਐਨਏਬੀ ਨੇ ਖ਼ਾਨ ਅਤੇ ਉਨ੍ਹਾਂ ਦੇ ਵਕੀਲ ਲਈ 15 ਸਵਾਲਾਂ ਦੀ ਇਕ ਲਿਸਟ ਤਿਆਰ ਕੀਤੀ ਸੀ। ਐਨਏਬੀ ਅਧਿਕਾਰੀਆਂ ਮੁਤਾਬਕ ਇਸ ਨੂੰ 15 ਦਿਨਾਂ ਵਿੱਚ ਪੂਰਾ ਕਰਨਾ ਸੀ। ਖ਼ਾਨ ਦੀ ਪੇਸ਼ੀ ਦੇ ਮੱਦੇਨਜ਼ਰ ਐਨਏਬੀ ਦੇ ਪਿਸ਼ਾਵਰ ਸਥਿਤ ਦਫ਼ਤਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਖ਼ਾਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਗਰਦਾਨਿਆ। ਉਨ੍ਹਾਂ ਨੂੰ 18 ਜੁਲਾਈ ਨੂੰ ਸੰਮਨ ਭੇਜਿਆ ਗਿਆ ਸੀ ਪਰ ਚੋਣਾਂ ਦਾ ਹਵਾਲਾ ਦਿੰਦਿਆਂ ਉਹ ਪੈਨਲ ਅੱਗੇ ਪੇਸ਼ ਨਹੀਂ ਸੀ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਆਮ ਚੋਣਾਂ ਤੋਂ ਬਾਅਦ ਦੀ ਤਾਰੀਕ ਦੇਣ ਦੀ ਬੇਨਤੀ ਕੀਤੀ ਸੀ। ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋਈਆਂ ਚੋਣਾਂ ਵਿੱਚ ਪੀਟੀਆਈ ਸਭ ਤੋਂ ਵੱਡੇ ਰਾਜਨੀਤਕ ਦਲ ਵਜੋਂ ਉਭਰੀ ਹੈ।

Previous articleਅਦਾਕਾਰ ਔਲਖ ਨਾਲ 42 ਲੱਖ ਦੀ ‘ਠੱਗੀ’
Next articleਕਰੁਣਾਨਿਧੀ ਨੇ ਆਪਣੇ ਹੱਥੀਂ ਲਿਖੀ ਤਾਮਿਲ ਨਾਡੂ ਦੀ ਤਕਦੀਰ