99 ਪ੍ਰਤੀਸ਼ਤ ਮੂੰਹ ਦੇ ਕੈਂਸਰ ਦਾ ਕਾਰਨ-ਤੰਬਾਕੂ ਦਾ ਸੇਵਨ – ਡਾ.ਸੰਦੀਪ ਡਮਾਣਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਵਿਖੇ ਓਰਲ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੂੰ ਤੰਬਾਕੂ ਦੇ ਸੇਵਨ ਕਰਨ ਨਾਲ ਦੰਦਾਂ ਅਤੇ ਮੂੰਹ ਦੇ ਕੈਂਸਰ ਬਾਰੇ ਜਾਗਰੂਕ ਕੀਤਾ। ਇਸ ਮੌਕੇ ਮੈਡੀਕਲ ਅਫਸਰ (ਡੈਂਟਲ) ਡਾ.ਸੰਦੀਪ ਡਮਾਣਾ ਨੇ ਦੱਸਿਆ ਕਿ ਤੰਬਾਕੂ ਇੱਕ ਜਾਨਲੇਵਾ ਪਦਾਰਥ ਹੈ। ਦੁਨੀਆਂ ਭਰ ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦਾ ਇੱਕ ਵੱਡਾ ਕਾਰਣ ਤੰਬਾਕੂ ਦਾ ਸੇਵਨ ਹੈ। ਉਨਾਂ ਕਿਹਾ ਕਿ ਤੰਬਾਕੂ ਖਾਣ ਨਾਲ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ ਜਿਨਾਂ’ਚੋ ਇੱਕ ਮੂੰਹ ਦਾ ਕੈਂਸਰ ਹੈ ਜੋ ਕਿ ਬਹੁਤ ਖਤਰਨਾਕ ਰੋਗ ਹੈ । 99% ਪ੍ਰਤੀਸ਼ਤ ਮੂੰਹ ਦਾ ਕੈਂਸਰ ਤੰਬਾਕੂ ਉਤਪਾਦਾਂ ਦੀ ਵਰਤੋਂ ਕਰਨ ਨਾਲ ਹੁੰਦਾ ਹੈ।

ਉਨਾਂ ਦੱਸਿਆ ਕਿ ਤੰਬਾਕੂ ਵਿੱਚ ਕਾਰਸੀਨੋਜਨਿਕ ਰਸਾਇਣ ਹੁੰਦੇ ਹਨ ਜੋ ਮੂੰਹ ਦੇ ਸੈੱਲਾਂ ਵਿੱਚ ਜੈਨੇਟਿਕ ਤਬਦੀਲੀਆਂ ਦਾ ਕਾਰਨ ਬਣ ਸਕਦੇ ਹਨ ਜਿਸ ਨਾਲ ਮੂੰਹ ਦਾ ਕੈਂਸਰ ਹੋ ਜਾਂਦਾ ਹੈ। ਇਹ ਕੈਂਸਰ ਮੂੰਹ, ਬੁੱਲ੍ਹਾਂ ਜਾਂ ਗਲੇ ਦੇ ਉੱਪਰਲੇ ਹਿੱਸੇ ਵਿੱਚ ਵਿਕਸਤ ਹੁੰਦਾ ਹੈ ਜੋ ਇੱਕ ਦਰਦ ਰਹਿਤ ਲਾਲ ਜਾਂ ਚਿੱਟੇ ਪੈਚ ਦੇ ਰੂਪ ਵਿੱਚ ਸ਼ੁਰੂ ਹੋ ਸਕਦਾ ਹੈ ਅਤੇ ਹੌਲੀ ਹੌਲੀ ਵੱਧਦਾ ਰਹਿੰਦਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਤੰਬਾਕੂ ਉਤਪਾਦਾਂ ਜਿਵੇਂ ਸਿਗਰਟ ਪੀਂਦਾ ਹੈ, ਤਾਂ ਉਸ ਦੇ ਮੂੰਹ ਦੇ ਕੈਂਸਰ ਦਾ ਖਤਰਾ ਉਸ ਵਿਅਕਤੀ ਨਾਲੋਂ ਲਗਭਗ 5 ਤੋਂ 10 ਗੁਣਾ ਵੱਧ ਹੁੰਦਾ ਹੈ ਜਿਸਨੇ ਕਦੇ ਸਿਗਰਟ ਨਹੀਂ ਪੀਤੀ ਹੈ। ਉਨਾਂ ਦੱਸਿਆ ਕਿ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਮੂੰਹ ਦਾ ਕੈਂਸਰ 2 ਤੋਂ 3 ਗੁਣਾ ਜ਼ਿਆਦਾ ਹੁੰਦਾ ਹੈ। ਤੰਬਾਕੂ ਦੀ ਵਰਤੋਂ ਨਾਲ ਮੂੰਹ ਦੇ ਕੈਂਸਰ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੇ ਕੈਂਸਰ ਵੀ ਹੋ ਜਾਂਦੇ ਹਨ, ਜਿਸ ਵਿੱਚ ਫੇਫੜੇ ਦਾ ਕੈਂਸਰ , ਗਲੇ ਦਾ ਕੈਂਸਰ, ਜਿਗਰ ਦਾ ਕੈਂਸਰ, ਪੇਟ ਦਾ ਕੈਂਸਰ ਆਦਿ ਸ਼ਾਮਿਲ ਹਨ। ਇਸ ਲਈ ਸਾਨੂੰ ਤੰਬਾਕੂ ਜਾਂ ਇਸ ਤੋਂ ਬਣੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਬਲਕਿ ਇਸ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ ।ਸਾਨੂੰ ਸਰੀਰ ਦੇ ਬਾਕੀ ਅੰਗਾਂ ਵਾਂਗ ਦੰਦਾਂ ਦੀ ਵੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।

ਇਸ ਮੌਕੇ ਡਾ.ਸੰਦੀਪ ਕੁਮਾਰ ਨੇ ਤੰਬਾਕੂ ਦੇ ਸੇਵਨ ਦੀ ਮਹਾਂਮਾਰੀ ਨੂੰ ਘੱਟ ਕਰਕੇ ਲੋਕਾਂ ਦੀ ਸਿਹਤ ਨੂੰ ਬਚਾਉਣ ਲਈ ਸਰਕਾਰ ਵੱਲੋਂ ਸਾਲ 2003 ਵਿੱਚ ਪਾਸ ਕੀਤੇ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਕੋਟਪਾ ਐਕਟ) ਬਾਰੇ ਦੱਸਿਆ, ਜਿਸ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ। ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦ ਵੇਚਣਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ਼ਤਿਹਾਰਬਾਜੀ ਤੇ ਰੋਕ ਹੈ। ਇਸ ਦੀ ਉਲਘਣਾ ਕਰਨਾ ਕਾਨੂੰਨ ਜੁਰਮ ਹੈ, ਜਿਸਦੇ ਲਈ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ। ਇਸ ਮੋਕੇ ਸਿਹਤ ਵਿਭਾਗ ਦੀ ਟੀਮ ਵਲੋਂ ਹਾਜ਼ਰ ਬੱਚਿਆਂ ਦੇ ਦੰਦਾਂ ਦਾ ਚੈਕਅਪ ਵੀ ਗਿਆ। ਇਸ ਮੌਕੇ ਡਾ.ਬਲਜੀਤ,ਸਟਾਫ ਨਰਸ ਸ਼੍ਰੀਮਤੀ ਕਾਂਤਾਂ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮ੍ਰਿਦੁਲਾ ਸ਼ਰਮਾ ਅਤੇ ਹੋਰ ਸਟਾਫ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ ਭਿੱਖਿਆ ਖਤਮ ਕਰਨ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਚੈਕਿੰਗ
Next articleਗੁਰੂ ਨਾਨਕ ਕਾਲਜ ਆਫ ਨਰਸਿੰਗ ’ਚ ਨਵੇਂ ਵਿਦਿਆਰਥੀਆਂ ਦੀ ਆਮਦ ’ਤੇ ਸਵਾਗਤੀ ਸਮਾਗਮ ਪ੍ਰੀਆ ਸਿਰ ਸਜਿਆ ‘ਮਿਸ ਫਰੈਸ਼ਰ’ ਦਾ ਤਾਜ, ਵਿਵੇਕ ਬਣਿਆਂ ‘ਮਿਸਟਰ ਫਰੈਸ਼ਰ’