ਨਵੀਂ ਦਿੱਲੀ (ਸਮਾਜ ਵੀਕਲੀ): ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਿੱਤੀ ਵਰ੍ਹੇ 2022-23 ਲਈ ਰੱਖਿਆ ਬਜਟ ਪਿਛਲੇ ਸਾਲ ਦੇ 4.78 ਲੱਖ ਕਰੋੜ ਰੁਪਏ ਤੋਂ ਵਧਾ ਕੇ 5.25 ਲੱਖ ਕਰੋੜ ਰੁਪਏ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਫੌਜੀ ਸਾਜ਼ੋ-ਸਾਮਾਨ ਦੇ ਨਿਰਮਾਣ ’ਚ ਆਤਮਨਿਰਭਰਤਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕੇਂਦਰੀ ਬਜਟ ਪੇਸ਼ ਕੀਤਾ ਹੈ। ਇਸ ’ਚ ਪੂੰਜੀਗਤ ਖਰਚੇ ਲਈ ਕੁੱਲ 1,52,369 ਕਰੋੜ ਰੁਪਏ ਵੱਖਰੇ ਤੌਰ ’ਤੇ ਰੱਖੇ ਗਏ ਹਨ ਜਿਨ੍ਹਾਂ ’ਚ ਨਵੇਂ ਹਥਿਆਰ, ਜਹਾਜ਼, ਜੰਗੀ ਬੇੜੇ ਤੇ ਹੋਰ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਸ਼ਾਮਲ ਹੈ। ਸਾਲ 2021-22 ਲਈ ਪੂੰਜੀਗਤ ਖਰਚਿਆਂ ਲਈ ਬਜਟ ’ਚ 1,35,060 ਕਰੋੜ ਰੁਪਏ ਰੱਖੇ ਗਏ ਸਨ ਪਰ ਸੋਧੇ ਹੋਏ ਅਨੁਮਾਨ ਅਨੁਸਾਰ 1,38,850 ਕਰੋੜ ਰੁਪਏ ਖਰਚ ਕੀਤੇ ਗਏ।
ਬਜਟ ਦੇ ਦਸਤਾਵੇਜ਼ਾਂ ਅਨੁਸਾਰ ਮਾਲੀਆ ਖਰਚੇ ਲਈ 2,33,000 ਕਰੋੜ ਰੁਪਏ ਰੱਖੇ ਗਏ ਹਨ ਜਿਨ੍ਹਾਂ ’ਚ ਤਨਖਾਹਾਂ ਦੇ ਭੁਗਤਾਨ ਤੇ ਅਦਾਰਿਆਂ ਦੀ ਸਾਂਭ ਸੰਭਾਲ ’ਤੇ ਹੋਣ ਵਾਲੇ ਖਰਚੇ ਸ਼ਾਮਲ ਹਨ। ਇਸ ਦੇ ਨਾਲ ਹੀ ਰੱਖਿਆ ਪੈਨਸ਼ਨ ਲਈ ਵੱਖਰੇ ਤੌਰ ’ਤੇ 1,19,696 ਕਰੋੜ ਰੁਪਏ ਰੱਖੇ ਗਏ ਹਨ ਜਦਕਿ ਰੱਖਿਆ ਮੰਤਰਾਲਾ (ਸਿਵਲ) ਲਈ 20,100 ਕਰੋੜ ਰੁਪਏ ਵੱਖਰੇ ਤੌਰ ’ਤੇ ਰੱਖੇ ਗਏ ਹਨ। ਵਿੱਤ ਮੰਤਰੀ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਸਰਕਾਰ ਦਰਾਮਦ ਘਟਾਉਣ ਤੇ ਹਥਿਆਰਬੰਦ ਦਸਤਿਆਂ ਲਈ ਸਾਜ਼ੋ-ਸਾਮਾਨ ਦੇ ਲਿਹਾਜ ਨਾਲ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿੱਤੀ ਵਰ੍ਹੇ 2022-23 ’ਚ ਸਟਾਰਟ-ਅੱਪ ਅਤੇ ਨਿੱਜੀ ਖੇਤਰ ਲਈ ਰੱਖਿਆ ਖੋਜ ਤੇ ਵਿਕਾਸ ਬਜਟ ਦਾ 25 ਫੀਸਦ ਵੱਖਰੇ ਤੌਰ ’ਤੇ ਰੱਖੇ ਜਾਣ ਦੀ ਤਜਵੀਜ਼ ਨੂੰ ਬਿਹਤਰੀਨ ਕਦਮ ਦੱਸਿਆ।
ਰੱਖਿਆ ਮੰਤਰੀ ਨੇ ਵਿੱਤ ਮੰਤਰੀ ਦੇ ਇਸ ਐਲਾਨ ਦਾ ਵੀ ਸਵਾਗਤ ਕੀਤਾ ਕਿ ਰੱਖਿਆ ਪੂੰਜੀ ਖਰੀਦ ਬਜਟ ਦਾ 68 ਫੀਸਦ ਘਰੇਲੂ ਖਰੀਦ ਲਈ ਰੱਖਿਆ ਗਿਆ ਹੈ। ਇਹ ‘ਵੋਕਲ ਫਾਰ ਲੋਕਲ’ ਮੁਹਿੰਮ ਦੇ ਮੁਤਾਬਕ ਹੈ ਅਤੇ ਇਸ ਨਾਲ ਲਾਜ਼ਮੀ ਤੌਰ ’ਤੇ ਘਰੇਲੂ ਰੱਖਿਆ ਸਨਅਤ ਨੂੰ ਉਤਸ਼ਾਹ ਮਿਲੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly