ਨਵੀਂ ਦਿੱਲੀ (ਸਮਾਜ ਵੀਕਲੀ): ਏਅਰ ਇੰਡੀਆ ਦੀਆਂ ਬੁਖਾਰੈਸਟ (ਰੋਮਾਨੀਆ) ਅਤੇ ਬੁਡਾਪੈਸਟ (ਹੰਗਰੀ) ਤੋਂ ਆਈਆਂ ਦੋ ਉਡਾਣਾਂ ਰਾਹੀਂ 489 ਹੋਰ ਭਾਰਤੀਆਂ ਨੂੰ ਮੁਲਕ ਲਿਆਂਦਾ ਗਿਆ ਹੈ। ਕੁਝ ਹੋਰ ਪ੍ਰਾਈਵੇਟ ਕੰਪਨੀਆਂ ਸਪਾਈਸਜੈੱਟ, ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਵੀ ਦੋ ਸ਼ਹਿਰਾਂ ’ਚ ਆਪਣੇ ਜਹਾਜ਼ ਭੇਜੇ ਹਨ ਤਾਂ ਜੋ ਭਾਰਤੀਆਂ ਨੂੰ ਯੂਕਰੇਨ ’ਚੋਂ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ। ਯੂਕਰੇਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਨੇ ਰੋਮਾਨੀਆ ਅਤੇ ਹੰਗਰੀ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ ਜਿਥੇ ਵੱਡੀ ਗਿਣਤੀ ’ਚ ਭਾਰਤੀ, ਯੂਕਰੇਨ ਤੋਂ ਪਹੁੰਚ ਰਹੇ ਹਨ।
ਹੁਣ ਤੱਕ ਏਅਰ ਇੰਡੀਆ ਦੀਆਂ ਛੇ ਉਡਾਣਾਂ ਰਾਹੀਂ 1,396 ਭਾਰਤੀਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਹੈ। ਸੋਮਵਾਰ ਨੂੰ 249 ਭਾਰਤੀ ਨਾਗਰਿਕਾਂ ਨਾਲ ਭਰੀ ਇਕ ਉਡਾਣ ਬੁਖਾਰੈਸਟ ਤੋਂ ਇਥੇ ਪਹੁੰਚੀ ਜਦਕਿ ਛੇਵੀ ਉਡਾਣ ਬੁਡਾਪੈਸਟ ਤੋਂ ਆਈ ਜਿਸ ’ਚ 240 ਭਾਰਤੀ ਸਵਾਰ ਸਨ। ਅਧਿਕਾਰੀਆਂ ਮੁਤਾਬਕ ਅਜੇ ਵੀ ਕਰੀਬ 14 ਹਜ਼ਾਰ ਭਾਰਤੀ, ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਹਨ, ਯੂਕਰੇਨ ’ਚ ਫਸੇ ਹੋਏ ਹਨ। ਸਪਾਈਜੈੱਟ ਦਾ ਜਹਾਜ਼ ਬੋਇੰਗ 737 ਮੈਕਸ ਅੱਜ ਸ਼ਾਮ ਦਿੱਲੀ ਤੋਂ ਬੁਡਾਪੈਸਟ ਲਈ ਰਵਾਨਾ ਹੋਇਆ ਹੈ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਸ਼ੁੱਕਰਵਾਰ ਰਾਤ ਨੂੰ ਬੁਖਾਰੈਸਟ-ਮੁੰਬਈ ਉਡਾਣ ਦਾ ਪ੍ਰਬੰਧ ਕੀਤਾ ਗਿਆ ਹੈ ਜੋ 182 ਮੁਸਾਫ਼ਰਾਂ ਨੂੰ ਲੈ ਕੇ ਆਵੇਗੀ। ਇੰਡੀਗੋ ਦੀਆਂ ਦੋ ਉਡਾਣਾਂ ਦੇ ਮੰਗਲਵਾਰ ਨੂੰ ਦਿੱਲੀ ਉਤਰਨ ਦੀ ਸੰਭਾਵਨਾ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵੱਲੋਂ ਯੂਕਰੇਨ ਨੂੰ ਮਾਨਵੀ ਸਹਾਇਤਾ ਵੀ ਭੇਜੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly