
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਸੰਗਤਾਂ ਸਮੇਤ ਹੋਣਗੇ ਸ਼ਾਮਲ , 22 ਨਵੰਬਰ ਨੂੰ ਨਵਾਂਸ਼ਹਿਰ ਪੁੱਜੇਗਾ ਵਿਸ਼ਾਲ ਨਗਰ ਕੀਰਤਨ
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਆਈ.ਟੀ.ਆਈ ਗਰਾਊਂਡ ਵਿਖੇ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਅਤੇ ਲਾਸਾਨੀ ਸ਼ਹਾਦਤ ’ਤੇ ਆਧਾਰਤ ਲਾਈਟ ਐਂਡ ਸਾਊਂਡ ਸ਼ੋਅ ‘ਹਿੰਦ ਦੀ ਚਾਦਰ’ ਸੋਮਵਾਰ (17 ਨਵੰਬਰ) ਨੂੰ ਹੋਵੇਗਾ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫ਼ੇ ਅਤੇ ਮਹਾਨ ਸ਼ਹਾਦਤ ’ਤੇ ਆਧਾਰਤ ਲਾਈਟ ਐਂਡ ਸਾਊਂਡ ਸ਼ੋਅ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਆਈ.ਟੀ.ਆਈ ਗਰਾਊਂਡ ਵਿਖੇ ਸ਼ੁਰੂ ਹੋਵੇਗਾ ਜਿਥੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਢਾਡੀ ਜੱਥੇ ਵਾਰਾਂ ਗਾਉਣਗੇ। ਉਨ੍ਹਾਂ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ ਅਤੇ ਸ਼ਹਾਦਤ ਨੂੰ ਡਿਜੀਟਲ ਤਰੀਕੇ ਨਾਲ ਸੰਗਤਾਂ ਨੂੰ ਜਾਣੂ ਕਰਾਇਆ ਜਾਵੇਗਾ। ਉਨ੍ਹਾਂ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸੁਰੱਖਿਆ, ਆਵਾਜਾਈ ਅਤੇ ਪਾਰਕਿੰਗ ਦੇ ਢੁੱਕਵੇਂ ਇੰਤਜਾਮ ਕਰਨ ਦੇ ਨਾਲ-ਨਾਲ ਬਾਕੀ ਸਬੰਧਤ ਵਿਭਾਗਾਂ ਨੂੰ ਵੀ ਸੰਗਤਾਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 5 ਵਜੇ ਤੋਂ ਸ਼ੁ੍ਰੂ ਹੋਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਵਿਚ ਢਾਡੀ ਜਥੇ ਵੱਲੋਂ ਵਾਰਾਂ ਵੀ ਗਾਈਆਂ ਜਾਣਗੀਆਂ । ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਲਵਿੰਦਰ ਸਿੰਘ ਕੰਗ ਲਾਈਟ ਐਂਡ ਸਾਊਂਡ ਸ਼ੋਅ ਮੌਕੇ ਸੰਗਤਾਂ ਨਾਲ ਸ਼ਾਮਲ ਹੋਣਗੇ। ਸ੍ਰੀਨਗਰ ਤੋਂ 19 ਨਵੰਬਰ ਨੂੰ ਆਰੰਭ ਹੋਣ ਵਾਲੇ ਵਿਸ਼ਾਲ ਨਗਰ ਕੀਰਤਨ ਦੀ 22 ਨਵੰਬਰ ਨੂੰ ਜ਼ਿਲ੍ਹੇ ਵਿੱਚ ਆਮਦ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਵੱਲੋਂ ਵੱਖ-ਵੱਖ ਥਾਂਵਾਂ ‘ਤੇ ਸਵਾਗਤ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਜ਼ਿਲ੍ਹੇ ’ਚ ਦਾਖਲ ਹੋਣ ਉਪਰੰਤ ਨਗਰ ਕੀਰਤਨ ਦਾ ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਵਿਖੇ ਸਵਾਗਤ ਹੋਵੇਗਾ ਅਤੇ ਸੰਗਤਾਂ ਵਲੋਂ ਵੱਖ-ਵੱਖ ਥਾਂਵਾਂ ’ਤੇ ਲੰਗਰ ਆਦਿ ਦੇ ਇੰਤਜਾਮ ਕੀਤੇ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਅਤੇ ਵਸਨੀਕਾਂ ਨੂੰ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਸਮਾਗਮਾਂ ਦੀ ਲੜੀ ਤਹਿਤ 15 ਨਵੰਬਰ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਹਕੀਮਪੁਰ, ਬੰਗਾ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਬੰਗਾ ਰੋਡ, ਨਵਾਂਸ਼ਹਿਰ ਵਿਖੇ ਕੀਰਤਨ ਸਮਾਗਮ ਕਰਵਾਏ ਗਏ ਜਿਥੇ ਕੀਰਤਨੀ ਜਥਿਆ ਨੇ ਸੰਗਤਾਂ ਨੂੰ ਈਲਾਹੀ ਬਾਣੀ ਨਾਲ ਜੋੜਿਆ।


