ਧਰਮ ਦੀ ਆਜ਼ਾਦੀ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਸਿਰਜਿਤ “ਜਵੱਦੀ ਟਕਸਾਲ” ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾਗੱਦੀ ਦੇ ਸੰਬੰਧ ‘ਚ ਹਫਤਾਵਾਰੀ ਸਮਾਗਮਾਂ ਦੀ ਆਰੰਭਤਾ ਲਈ ਸੰਗਤੀ ਰੂਪ ‘ਚ ਅਰਦਾਸ ਕੀਤੀ। ਉਨ੍ਹਾਂ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਗੁਰੂ ਸਾਹਿਬਾਨ ਅਨੇਕਤਾ ਵਿੱਚ ਏਕਤਾ ਦੇ ਹਾਮੀ ਸਨ। ਉਹ ਸਮੁੱਚੀ ਮਾਨਵਤਾ ਨੂੰ ਅਜਿਹੀ ਗੁਲਜ਼ਾਰ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ ਜਿਸ ਵਿੱਚ ਭਾਂਤ-ਭਾਂਤ ਦੇ ਫੁੱਲ ਖਿੜਨ ਅਤੇ ਆਪੋ-ਆਪਣੀ ਗੁਣਾਂ ਰੂਪੀ ਖੁਸ਼ਬੂ ਵੰਡਣ। ਭਾਵ ਵੱਖ-ਵੱਖ ਧਰਮਾਂ, ਕੌਮਾਂ, ਸੱਭਿਆਚਾਰਾਂ ਦੇ ਲੋਕਾਂ ਨੂੰ ਧਾਰਮਿਕ ਤੇ ਸਮਾਜਿਕ ਆਜ਼ਾਦੀ ਹੋਵੇ। ਉਨ੍ਹਾਂ ਫ਼ੁਰਮਾਇਆ ਕਿ ਗੁਰੂ ਸਾਹਿਬ ਜੀ ਦੇ ਸ਼ਬਦਾਂ ਵਿੱਚ ਕਿੰਨੀ ਵਿਸ਼ਾਲਤਾ ਝਲਕਦੀ ਹੈ। ਗੁਰੂ ਜੀ ਨੇ ਪਰਮਾਤਮਾ ਨੂੰ ਧਿਆਉਣ ਵਾਲਿਆਂ ਦਾ ਕਿੰਨਾ ਵਿਸ਼ਾਲ ਨਕਸ਼ਾ ਪੇਸ਼ ਕੀਤਾ। ਇਨੇ ਵਿਸ਼ਾਲ ਹਿਰਦੇ ਵਾਲੇ ਗੁਰੂ ਸਾਹਿਬਾਨ ਧਰਮ ਵਿੱਚ ਸੰਕੀਰਣਤਾ ਨੂੰ ਕਿਵੇਂ ਪ੍ਰਵਾਨ ਕਰ ਸਕਦੇ ਸਨ ? ਕਿਉਕਿ ਸਭਨਾਂ ਦੇ ਸੱਭਿਆਚਾਰ, ਰਸਮੋ-ਰਿਵਾਜ ਵੱਖੋ-ਵੱਖਰੇ ਹਨ, ਇਨ੍ਹਾਂ ਸਭ ਨੂੰ ਇੱਕ ਕਿਵੇਂ ਕੀਤਾ ਜਾ ਸਕਦਾ ਹੈ ? ਦਿੱਲੀ ਦੇ ਹਾਕਮਾਂ ਨੂੰ ਕੀ ਅਧਿਕਾਰ ਹੈ ਕਿ ਉਹ ਆਪਣੇ ਰਸਮੋ-ਰਿਵਾਜ ਸਾਰਿਆਂ ਉੱਪਰ ਥੋਪਣ ਦਾ ਹੀਆ ਕਰਨ ? ਔਰੰਗਜ਼ੇਬ ਦੀ ਏਕੀਕਰਨ ਦੀ ਨੀਤੀ ਵਿਰੁੱਧ ਧਰਮ ਦੀ ਆਜ਼ਾਦੀ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹਾਦਤ ਦਿੱਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਸੱਚ ਨਿਆਂ ਅਤੇ ਧਾਰਮਿਕ ਆਜ਼ਾਦੀ ਦੀ ਖਾਤਰ ਜ਼ਾਲਮ ਹਕੂਮਤ ਵਿਰੁੱਧ ਸੰਘਰਸ਼ ਕਰਦਿਆਂ ਆਪਣਾ ਸਰਬੰਸ ਤੱਕ ਵਾਰ ਦਿੱਤਾ। ਬਾਬਾ ਜੀ ਨੇ ਸਪੱਸ਼ਟ ਕੀਤਾ ਕਿ ਜੇਕਰ ਦਸ਼ਮੇਸ਼ ਪਿਤਾ ਜੀ ਇਸ ਸੰਸਾਰ ਅੰਦਰ ਪ੍ਰਗਟ ਨਾ ਹੁੰਦੇ ਤਾਂ ਦੇਸ਼ ਅੰਦਰੋਂ ਕੁਦਰਤੀ ਵੰਨ- ਸਵੰਨਤਾ ਖਤਮ ਹੋ ਜਾਣੀ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਵੱਦੀ ਟਕਸਾਲ ਵਿਖੇ ਹਰ ਹਫ਼ਤੇ 350 ਸਾਲਾ ਸ਼ਤਾਬਦੀ ਸਮਾਗਮਾਂ ਦੇ ਸੰਬੰਧ ਵਿੱਚ ਸਮਾਗਮ ਹੋਇਆ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤੇ।


