ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ, ਗਲੀ ਨੰਬਰ ਇੱਕ ਵੱਲੋਂ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢੀ ਗਈ। ਗੁਰੂ ਘਰ ਦੇ ਨਜ਼ਦੀਕ ਦੀਆਂ ਗਲੀਆਂ ਵਿੱਚ ਜਿੱਥੇ ਸਤਿਨਾਮ ਸ਼੍ਰੀ ਵਾਹਿਗੁਰੂ ਦੇ ਜੈਕਾਰੇ ਗੂੰਜੇ ਉੱਥੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਦੇ ਗੁਰਬਾਣੀ ਦੀ ਧੁਨ ਨਾਲ ਇਲਾਕਾ ਨਿਹਾਲ ਹੋ ਗਿਆ। ਇਸ ਪ੍ਰਭਾਤ ਫੇਰੀ ਵਿੱਚ ਸੰਗਤ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਚੇਅਰਮੈਨ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅੱਜ ਦੇ ਸਮੇਂ ਵਿੱਚ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਜੀਵਨ ਸੁਨੇਹਾ ਸਾਨੂੰ ਸੱਚ, ਇਮਾਨਦਾਰੀ ਅਤੇ ਭਾਈਚਾਰੇ ਦੀ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਏਕਤਾ ਅਤੇ ਸਮਾਨਤਾ ਦਾ ਪਾਠ ਪੜ੍ਹਾਇਆ। ਉਹਨਾਂ ਦੇ ਆਦਰਸ਼ਾਂ ਨੂੰ ਅੱਜ ਦੀ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਤੱਕ ਹਰ ਰੋਜ਼ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਜਾਰੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਉੱਭੀ, ਹਰੀ ਸਿੰਘ, ਜੋਗਾ ਸਿੰਘ, ਹਰਪਾਲ ਸਿੰਘ ਗਹੀਰ, ਬੀਬੀ ਮਨਜੀਤ ਕੌਰ, ਬੀਬੀ ਹਰਭਜਨ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਜਸਵੀਰ ਕੌਰ ਵੀ ਹਾਜ਼ਰ ਸਨ।



