267 ਪਾਵਨ ਸਰੂਪ: ਸੇਵਾਮੁਕਤ ਸਹਾਇਕ ਸੁਪਰਵਾਈਜ਼ਰ ਕੋਲੋਂ ਲੰਮੀ ਪੁੱਛ-ਪੜਤਾਲ

ਅੰਮ੍ਰਿਤਸਰ (ਸਮਾਜ ਵੀਕਲੀ) :  ਸ਼੍ਰੋਮਣੀ ਕਮੇਟੀ ਦੇ ਰਿਕਾਰਡ ’ਚੋਂ 267 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਅੱਜ ਸ਼ਾਮ ਇਥੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪਬਲੀਕੇਸ਼ਨ ਵਿਭਾਗ ਦੇ ਸੇਵਾਮੁਕਤ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਕੋਲੋਂ ਪੁੱਛ-ਪੜਤਾਲ ਕੀਤੀ। ਸੇਵਾਮੁਕਤ ਸਹਾਇਕ ਸੁਪਰਵਾਈਜ਼ਰ ਨੂੰ ਜਾਂਚ ਟੀਮ ਨੇ ਤਲਬ ਕਰਕੇ ਅੱਜ ਬਾਅਦ ਦੁਪਹਿਰ ਆਉਣ ਦਾ ਸਮਾਂ ਦਿੱਤਾ ਸੀ।

ਵੇਰਵਿਆਂ ਮੁਤਾਬਕ ਇਹ ਪੁੱਛ-ਪੜਤਾਲ ਲਗਪਗ 5 ਘੰਟੇ ਤੋਂ ਵੀ ਵੱਧ ਸਮਾਂ ਚੱਲੀ ਅਤੇ ਖ਼ਬਰ ਲਿਖਣ ਤੱਕ ਵੀ ਜਾਰੀ ਸੀ। ਉਸ ਨੇ ਦਾਅਵਾ ਕਿ ਉਸ ਨੇ ਕਈ ਸਰੂਪ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਦੇ ਕਹਿਣ ’ਤੇ ਇਸ ਆਧਾਰ ’ਤੇ ਦਿੱਤੇ ਸਨ ਕਿ ਬਾਅਦ ਵਿੱਚ ਇਨ੍ਹਾਂ ਦੀ ਲਿਖਤੀ ਪ੍ਰਵਾਨਗੀ ਮਿਲ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਇੱਕ ਹੋਰ ਕਰਮਚਾਰੀ ਕੋਲੋਂ ਵੀ ਪੁੱਛ-ਪੜਤਾਲ ਕੀਤੀ ਗਈ ਹੈ ਜੋ ਪਾਵਨ ਸਰੂਪ ਦੂਜੇ ਸੂਬਿਆਂ ਵਿੱਚ ਭੇਜਣ ਅਤੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ।

ਜਾਂਚ ਕਮੇਟੀ ਕੋਲ ਇੱਕ ਅਜਿਹੀ ਰਿਕਾਰਡਿੰਗ ਵੀ ਪੁੱਜੀ ਹੈ, ਜਿਸ ਵਿੱਚ ਇਨ੍ਹਾਂ ਦੋਵਾਂ ਕਰਮਚਾਰੀਆਂ ਦੀ ਆਪਸੀ ਗੱਲਬਾਤ ਦੇ ਵੇਰਵੇ ਸ਼ਾਮਲ ਹਨ। ਜਾਂਚ ਟੀਮ ਵੱਲੋਂ ਇਸ ਮਾਮਲੇ ਦੀ ਸ਼ਿਕਾਇਤਕਰਤਾ ਧਿਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੂੰ ਹਾਲੇ ਤੱਕ ਪੁੱਛ-ਪੜਤਾਲ ਵਾਸਤੇ ਨਹੀਂ ਸੱਦਿਆ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਸਾਬਕਾ ਜੱਜ ਨਵਿਤਾ ਸਿੰਘ ਅਤੇ ਤਿਲੰਗਾਨਾ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਨੂੰ ਸੌਂਪੀ ਗਈ ਹੈ। ਇਹ ਜਾਂਚ ਇੱਕ ਮਹੀਨੇ ਵਿਚ ਮੁਕੰਮਲ ਹੋਵੇਗੀ।

Previous articleਮ੍ਰਿਤਕ ਦੇਹਾਂ ਬਦਲਣ ਮਾਮਲੇ ’ਚ ਜਾਂਚ ਕਮਿਸ਼ਨ ਗਠਿਤ ਕਰਨ ਤੋਂ ਨਾਂਹ
Next articleMP CM Shivraj Singh Chouhan tests positive for Covid-19