ਅੰਮ੍ਰਿਤਸਰ (ਸਮਾਜਵੀਕਲੀ) : ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚੋਂ ਘੱਟ ਹੋਏ 267 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਅੱਜ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਆਪਣੇ ਸਮਰਥਕਾਂ ਸਮੇਤ ਪੁਲੀਸ ਕਮਿਸ਼ਨਰ ਨੂੰ ਪੱਤਰ ਦਿੱਤਾ। ਉਨ੍ਹਾਂ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ।
ਪੁਲੀਸ ਕਮਿਸ਼ਨਰ ਦੇ ਦਫਤਰ ਪੁੱਜੇ ਸ੍ਰੀ ਬੈਂਸ ਨੇ ਆਖਿਆ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸ਼੍ਰੋਮਣੀ ਕਮੇਟੀ ਦੇ ਸੇਵਾਮੁਕਤ ਹੋਏ ਕਰਮਚਾਰੀ ਦੇ ਕੁਝ ਫੰਡ ਰੋਕੇ ਗਏ। ਇਸ ਤੋਂ ਬਾਅਦ ਸਪੱਸ਼ਟ ਹੋਇਆ ਕਿ ਮਈ 2016 ਵਿੱਚ ਗੁਰਦੁਆਰਾ ਰਾਮਸਰ ’ਚ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਅੱਗ ਲੱਗੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਦਬਾਅ ਹੇਠ ਇਸ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ ਤੇ ਨੁਕਸਾਨੇ ਗਏ ਸਰੂਪਾਂ ਦਾ ਚੁੱਪ ਚਪੀਤੇ ਹੀ ਗੋਇੰਦਵਾਲ ’ਚ ਸਸਕਾਰ ਕਰ ਦਿੱਤਾ ਗਿਆ ਸੀ।
ਇਸ ਦਾ ਵੀ ਕੋਈ ਰਿਕਾਰਡ ਨਹੀਂ ਰੱਖਿਆ ਗਿਆ। ਸ੍ਰੀ ਬੈਂਸ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਪੁਲੀਸ ਕਮਿਸ਼ਨਰ ਨੂੰ ਇਸ ਮਾਮਲੇ ਵਿਚ ਕੇਸ ਦਰਜ ਕਰਨ ਅਤੇ ਮਾਮਲੇ ਦੀ ਸਮੁੱਚੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਇਹ ਵੀ ਪਤਾ ਲਾਇਆ ਜਾਵੇ ਕਿ ਨੁਕਸਾਨੇ ਗਏ ਸਰੂਪਾਂ ਤੋਂ ਇਲਾਵਾ ਬਾਕੀ ਸਰੂਪ ਕਿੱਥੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਸੱਤਾ ਵਿੱਚ ਰਹੇ ਹਨ, ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਜਾਂਚ ਕਮੇਟੀ ਬਣਾਈ ਗਈ ਹੈ।