ਮਨਰੇਗਾ ਵਰਕਰਾਂ ਵੱਲੋਂ ਸਰਹਿੰਦ ਵਿੱਚ ਮੁਜ਼ਾਹਰਾ

ਫਤਹਿਗੜ੍ਹ ਸਾਹਿਬ (ਸਮਾਜਵੀਕਲੀ) :  ਜ਼ਿਲ੍ਹੇ ਦੇ ਪਿੰਡ ਮਲਕੋ ਮਾਜਰਾ ਦੀਆਂ ਮਨਰੇਗਾ ਵਰਕਰਾਂ ਨੇ ਗਰਾਮ ਸੇਵਕ ਅਤੇ ਮੇਟ ’ਤੇ ਵਿਤਕਰੇ ਤਹਿਤ ਕੰਮ ਦੇਣ ਅਤੇ ਤੰਗ ਪ੍ਰੇਸ਼ਾਨ ਦੇ ਦੋਸ਼ ਲਗਾਉਂਦਿਆਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਸਰਹਿੰਦ ਵਿਚ ਰੋਸ ਮੁਜ਼ਾਹਰਾ ਕੀਤਾ। ਰੋਹ ਵਿਚ ਆਈਆਂ ਮਨਰੇਗਾ ਵਰਕਰਾਂ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਮਨਰੇਗਾ ਵਰਕਰਾਂ ਦੇ ਇਸ ਮੁਜ਼ਾਹਰੇ ਨੂੰ ਉਦੋਂ ਹੋਰ ਬਲ ਮਿਲ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਧਰਨੇ ਵਿਚ ਆਣ ਸ਼ਾਮਲ ਹੋਏ। ਇਸ ਮੌਕੇ ਮਨਰੇਗਾ ਵਰਕਰਾਂ ਨੇ ਦੱਸਿਆ ਕਿ ਗਰਾਮ ਸੇਵਕ ਅਸਲਮ ਖ਼ਾਨ ਦਾ ਵਤੀਰਾ ਉਨ੍ਹਾਂ ਪ੍ਰਤੀ ਮਾੜਾ ਹੈ ਅਤੇ ਉਹ ਵਰਕਰਾਂ ਨਾਲ ਬਦਸਲੂਕੀ ਕਰਦਾ ਹੈ। ਉਹ ਲਗਪਗ ਪਿਛਲੇ ਇਕ ਮਹੀਨੇ ਤੋਂ ਵਿਹਲੀਆਂ ਬੈਠੀਆਂ ਹਨ, ਪਰ ਗਰਾਮ ਸੇਵਕ ਉਨ੍ਹਾਂ ਨੂੰ ਜਾਣ ਬੁੱਝ ਕੇ ਕੰਮ ਨਹੀਂ ਦੇ ਰਿਹਾ।

ਇਸ ਸਬੰਧੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਹਰ ਵਰਗ ਦੁਖੀ ਹੈ। ਇਨਸਾਫ਼ ਲੈਣ ਲਈ ਗ਼ਰੀਬ ਲੋਕਾਂ ਨੂੰ ਧਰਨੇ ਦੇਣੇ ਪੈ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗ੍ਰਾਮ ਸੇਵਕ ਨੂੰ ਕੰਮ ਤੋਂ ਤੁਰੰਤ ਹਟਾਇਆ ਜਾਵੇ ਤੇ ਗ਼ਰੀਬਾਂ ਨੂੰ ਮਨਰੇਗਾ ਦਾ ਕੰਮ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣ।

ਇਸ ਮੌਕੇ ਬੀਡੀਪੀਓ ਸਰਹਿੰਦ ਮਹਿੰਦਰਜੀਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿੰਡਾ ’ਚ ਬੋਲੀ ਕਰਾਉਣ ਵਿੱਚ ਮਸ਼ਰੂਫ਼ ਹਨ ਤੇ ਇਸ ਮਾਮਲੇ ਸਬੰਧੀ ਫਿਰ ਗੱਲ ਕਰਨਗੇ।

Previous articleਡਿਫੈਂਸ ਇੰਡਸਟਰੀਜ਼ ਕੌਰੀਡੋਰ ਸਥਾਪਤ ਕਰਨ ਦੀ ਮੰਗ
Next article267 ਪਾਵਨ ਸਰੂਪਾਂ ਦੇ ਮਾਮਲੇ ਦੀ ਉੱਚ-ਪੱਧਰੀ ਜਾਂਚ ਮੰਗੀ