ਫ਼ਤਹਿਗੜ੍ਹ ਸਾਹਿਬ– ਜ਼ਿਲ੍ਹੇ ਦੇ 26 ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸਾਫ਼ ਕਰ ਕੇ ਉਸ ਦੀ ਸੁਚੱਜੀ ਵਰਤੋਂ ਕਰਨ ਲਈ 7 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਆਧਾਰਤ ਪ੍ਰਾਜੈਕਟ ਲਾਏ ਜਾ ਰਹੇ ਹਨ। ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਨ੍ਹਾਂ 26 ਪਿੰਡਾਂ ਵਿਚੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਧੌਛੀ ਕਲਾਂ ਵਿਚ ਇਹ ਪ੍ਰਾਜੈਕਟ ਮੁਕੰਮਲ ਕੀਤਾ ਜਾ ਚੁੱਕਿਆ ਹੈ ਤੇ ਬਾਕੀ ਪਿੰਡਾਂ ਸਬੰਧੀ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਨੂੰ ਪਹਿਲਾਂ ਜਾਲੀ ਵਾਲੇ ਟੈਂਕ ਵਿੱਚ ਪਾਇਆ ਜਾਂਦਾ ਹੈ, ਮਗਰੋਂ ਤਿੰਨ ਖੂਹਾਂ ’ਚੋਂ ਲੰਘਾ ਕੇ ਸਾਫ਼ ਕਰਨ ਉਪਰੰਤ ਪਿੰਡ ਦੇ ਟੋਭੇ ਵਿੱਚ ਪਾਇਆ ਜਾਂਦਾ ਹੈ। ਪਾਣੀ ਨੂੰ ਇਸ ਢੰਗ ਨਾਲ ਖੂਹਾਂ ਵਿੱਚ ਪਾਇਆ ਜਾਂਦਾ ਹੈ ਕਿ ਹਰ ਖੂਹ ਵਿੱਚ ਪਾਣੀ ਘੁੰਮਦਾ ਹੈ। ਪਹਿਲੇ ਖੂਹ ’ਚ ਗਾਰ ਥੱਲੇ ਬੈਠ ਜਾਂਦੀ ਹੈ, ਦੂਜੇ ’ਚ ਤੇਲ ਜਾ ਹੋਰ ਪਦਾਰਥ ਨਿੱਤਰ ਕੇ ਪਾਣੀ ਦੇ ਉਪਰ ਆ ਜਾਂਦੇ ਹਨ ਤੇ ਤੀਜੇ ਖੂਹ ਵਿੱਚ ਪਾਣੀ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਡਿਪਟੀ ਕਮਿਸ਼ਨਰ ਪ੍ਰਸ਼ਾਤ ਕੁਮਾਰ ਗੋਇਲ ਨੇ ਦੱਸਿਆ ਕਿ ਪਿੰਡ ਬਧੌਛੀ ਕਲਾ ਵਿਚ ਇਹ ਮਾਡਲ ਲਾਗੂ ਕੀਤੇ ਜਾਣ ਤੋਂ ਪਹਿਲਾਂ ਪਿੰਡ ਨੂੰ ਪਾਣੀ ਦੀ ਨਿਕਾਸੀ ਸਬੰਧੀ ਦਿੱਕਤਾਂ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਘਰਾਂ ਨੂੰ ਸੀਵਰੇਜ ਦੇ ਕੁਨੈਕਸ਼ਨ ਦਿੱਤੇ ਗਏ ਹਨ, ਉਥੇ ਜਾਲੀ ਲਾਈ ਗਈ ਹੈ ਤਾਂ ਜੋ ਕੋਈ ਵੀ ਅਜਿਹੀ ਚੀਜ਼ ਸੀਵਰੇਜ ਵਿੱਚ ਨਾ ਜਾਵੇ, ਜਿਸ ਨਾਲ ਪਾਈਪਾ ਬੰਦ ਹੋਣ।
ਐਕਸੀਅਨ ਪੰਚਾਇਤੀ ਰਾਜ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਬਧੌਛੀ ਕਲਾ ਵਿਚ ਟੋਭੇ ਵਿੱਚ ਪਾਏ ਸਾਫ਼ ਪਾਣੀ ਦੀ ਵਰਤੋਂ ਸਿੰਜਾਈ ਲਈ ਕੀਤੇ ਜਾਣ ਸਦਕਾ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟੀ ਹੈ। ਇਸ ਦੇ ਨਾਲ-ਨਾਲ ਜਿਹੜੇ ਜਿਹੜੇ ਖੇਤਾ ਵਿੱਚ ਇਸ ਪਾਣੀ ਦੀ ਵਰਤੋਂ ਕੀਤੀ ਗਈ ਹੈ, ਉਥੇ ਫ਼ਸਲਾ ਦੇ ਝਾੜ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਖੂਹ ਦੀ ਸਫ਼ਾਈ ਵੇਲੇ ਜਿਹੜੀ ਮਿੱਟੀ ਜਾਂ ਗਾਰ ਨਿਕਲਦੀ ਹੈ, ਉਸ ਦੀ ਵਰਤੋਂ ਪਿੰਡ ਦੇ ਆਲੇ-ਦੁਆਲੇ ਦੇ ਟੋਏ ਭਰਨ ਜਾਂ ਸੜਕਾ ਦੇ ਬਰਮ ਉਤੇ ਪਾਉਣ ਲਈ ਕੀਤੀ ਜਾਂਦੀ ਹੈ।
INDIA 26 ਪਿੰਡਾਂ ’ਚ ਪਾਣੀ ਦੀ ਸਫ਼ਾਈ ਲਈ ਖਰਚੇ ਜਾਣਗੇ 7.8 ਕਰੋੜ