ਵਿਰਾਸਤ ਏ ਖਾਲਸਾ, ਭਾਈ ਜੈਤਾ ਜੀ ਮੈਮੋਰੀਅਲ ਅਤੇ ਪੰਜ ਪਿਆਰਾ ਪਾਰਕ ਵਿੱਚ ਜਾਵੇਗਾ ਗਾਈਡਡ ਟੂਰ- ਕੈਬਨਿਟ ਮੰਤਰੀ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ 23 ਨਵੰਬਰ ਨੂੰ ਗਾਈਡਡ ਟੂਰ ਵਿਰਾਸਤ ਏ ਖਾਲਸਾ ਤੋ ਸ਼ੁਰੂ ਹੋ ਕੇ ਭਾਈ ਜੈਤਾ ਜੀ ਮੈਮੋਰੀਅਲ ਤੇ ਪੰਜ ਪਿਆਰਾ ਪਾਰਕ ਵਿਖੇ ਸਮਾਪਤੀ ਕੀਤੀ ਜਾਵੇਗੀ। ਇਹ ਟੂਰ ਖਾਸ ਤੌਰ ‘ਤੇ ਆਏ ਹੋਏ ਸੈਲਾਨੀਆਂ, ਸੰਗਤਾਂ ਅਤੇ ਵਿਦਿਆਰਥੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਅਤੇ ਸੱਭਿਆਚਾਰਕ ਨਾਲ ਰੁਬਰੂ ਕਰਵਾਉਣ ਲਈ ਤਿਆਰ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਗਾਈਡਡ ਟੂਰ ਵਿਰਾਸਤ-ਏ-ਖਾਲਸਾ ਤੋਂ ਸਵੇਰੇ ਸ਼ੁਰੂ ਹੋਵੇਗਾ, ਜਿੱਥੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਨੂੰ ਆਧੁਨਿਕ ਤਕਨੀਕਾਂ ਰਾਹੀਂ ਸੰਭਾਲਿਆ ਗਿਆ ਹੈ। ਸੰਗਤ ਨੂੰ ਇੱਥੇ ਖਾਲਸੇ ਦੀ ਸਿਰਜਨਾ, ਗਾਥਾ ਅਤੇ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਗਿਆ ਕਿ ਇਸ ਟੂਰ ਦੌਰਾਨ ਵਿਦਵਾਨ, ਗਾਈਡ ਸੰਗਤ ਨੂੰ ਹਰ ਗੈਲਰੀ, ਪ੍ਰਦਰਸ਼ਨੀ ਅਤੇ ਚਿੱਤਰਕਲਾ ਦੇ ਇਤਿਹਾਸਕ ਸੰਦਰਭ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਉਣਗੇ। ਇਸ ਤੋਂ ਬਾਅਦ ਟੂਰ ਭਾਈ ਜੈਤਾ ਜੀ ਮੈਮੋਰੀਅਲ ਤੱਕ ਅੱਗੇ ਵਧੇਗਾ। ਭਾਈ ਜੈਤਾ ਜੀ, ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਿੱਖ ਇਤਿਹਾਸ ਵਿੱਚ ਅਮਰ ਉਦਾਹਰਨ ਕਾਇਮ ਕੀਤੀ, ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਸਥਾਨ ਸੰਗਤਾਂ ਨੂੰ ਡੂੰਘੀ ਆਧਿਆਤਮਿਕਤਾ ਅਤੇ ਸੇਵਾ ਦੇ ਸੰਦੇਸ਼ ਨਾਲ ਜੋੜਦਾ ਹੈ। ਸ੍ਰ.ਬੈਂਸ ਨੇ ਕਿਹਾ ਕਿ ਸੰਗਤ ਨੂੰ ਇੱਥੇ ਭਾਈ ਜੈਤਾ ਜੀ ਦੇ ਮਹਾਨ ਯੋਗਦਾਨ ਬਾਰੇ ਵਿਸਥਾਰਿਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਟੂਰ ਦੀ ਸਮਾਪਤੀ ਪੰਜ ਪਿਆਰਾ ਪਾਰਕ ਵਿਖੇ ਕੀਤੀ ਜਾਵੇਗੀ, ਜਿੱਥੇ ਖਾਲਸਾ ਪੰਥ ਦੇ ਪੰਜ ਪਿਆਰਿਆਂ ਦੀ ਧਾਰਮਿਕ, ਸਮਾਜਿਕ ਅਤੇ ਇਤਿਹਾਸਿਕ ਮਹੱਤਤਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਜਾਵੇਗਾ। ਇੱਥੇ ਸੰਗਤ ਨੂੰ ਖਾਲਸੇ ਦੀ ਰਚਨਾ ਅਤੇ ਪੰਜ ਪਿਆਰਿਆਂ ਦੁਆਰਾ ਦਿੱਤੇ ਬਲਿਦਾਨ ਦੀਆਂ ਗਾਥਾਵਾਂ ਵੀ ਸੁਣਵਾਈਆਂ ਜਾਣਗੀਆਂ। ਸ੍ਰ.ਬੈਂਸ ਨੇ ਕਿਹਾ ਕਿ ਇਹ ਗਾਈਡਡ ਟੂਰ 350 ਸਾਲਾ ਸ਼ਹੀਦੀ ਸਮਾਗਮਾਂ ਦੇ ਸੰਦਰਭ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਇਆ ਜਾਵੇਗਾ, ਜਿਸ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਦੀ ਸਹੂਲਤ ਲਈ ਪੂਰੇ ਪੱਧਰ ‘ਤੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਗਾਈਡਡ ਟੂਰ ਨੂੰ ਲੈ ਕੇ ਸੰਗਤ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਦੀ ਰੂਹਾਨੀ ਅਤੇ ਇਤਿਹਾਸਕ ਮਹੱਤਤਾ ਨੂੰ ਹੋਰ ਗਹਿਰਾਈ ਨਾਲ ਉਜਾਗਰ ਕਰੇਗੀ।



