ਟਿੱਡੀ ਦਲ ਦੇ ਹਮਲੇ ਨੇ ਕਿਸਾਨਾਂ ਦੇ ਸਾਹ ਸੂਤੇ

ਮੋਗਾ (ਸਮਾਜਵੀਕਲੀ) – ਕਰੋਨਾਵਾਇਰਸ ਸੰਕਟ ਦੀ ਮਾਰ ਝੱਲ ਰਹੇ ਅੰਨਦਾਤਾ ਨੂੰ ਹੁਣ ਟਿੱਡੀ ਦਲ ਦੇ ਹਮਲੇ ਨੇ ਫਿਕਰਾਂ ਵਿਚ ਪਾ ਦਿੱਤਾ ਹੈ। ਬੇਮੌਸਮੀ ਬਾਰਸ਼ ਤੋਂ ਬਾਅਦ ਹੁਣ ਟਿੱਡੀ ਦਲ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਮੁੱਢਲੀਆਂ ਰਿਪੋਰਟਾਂ ਮੁਤਾਬਕ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਖੂਹੀਆਂ ਸਰਵਰ ਅਧੀਨ ਕਈ ਪਿੰਡਾਂ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਪੰਜਾਬ ਅੰਦਰ ਟਿੱਡੀ ਦਲ ਦਾ ਹਮਲਾ ਹੋਇਆ ਹੈ।

ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਸਦਰ ਮੁਕਾਮ ਉੱਤੇ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਹਨ। ਟਿੱਡੀ ਦਲ ਨੂੰ ਉਡਾਉਣ ਲਈ ਕਿਸਾਨ ਵੀ ਪੀਪਿਆਂ ਆਦਿ ਦੇ ਇੰਤਜ਼ਾਮ ਕਰਨ ਵਿਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਮਹੀਨੇ ਵੀ ਟਿੱਡੀ ਦਲ ਦਾ ਹਮਲਾ ਹੋਇਆ ਸੀ ਪਰ ਖੇਤੀਬਾੜੀ ਵਿਭਾਗ ਨੇ ਸਥਿਤੀ ਉੱਤੇ ਕਾਬੂ ਪਾ ਲਿਆ ਸੀ।

ਖੇਤੀਬਾੜੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਟਿੱਡੀ ਦਲ ਦੇ ਹਮਲੇ ਦੀ ਗੱਲ ਮੰਨੀ ਹੈ ਪਰ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਟਿੱਡੀ ਦਲ ਦੇ ਹਮਲੇ ਲਈ ਖੇਤੀਬਾੜੀ ਵਿਭਾਗ ਨੇ ਪੂਰੇ ਪ੍ਰਬੰਧ ਕਰ ਲਏ ਹਨ। ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਅਤੇ ਵਿਭਾਗ ਦੀਆਂ ਟੀਮਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਸਥਾਨਕ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਡਾ. ਜਸਵਿੰਦਰ ਸਿੰਘ ਬਰਾੜ ਸਟੇਟ ਐਵਾਰਡੀ ਦੀ ਅਗਵਾਈ ਹੇਠ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਵਣ ਰੇਂਜ ਅਫ਼ਸਰ ਬਲਜੀਤ ਸਿੰਘ ਕੰਗ ਤੇ ਬਲਾਕ ਫਾਰੈਸਟ ਅਫ਼ਸਰ ਕੁਲਵਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦਾ ਹਮਲਾ ਫ਼ਾਜ਼ਿਲਕਾ ਵਿਚ ਹੋਣ ਦੀ ਖ਼ਬਰ ਹੈ। ਇੱਥੇ ਜ਼ਿਲ੍ਹਾ ਸਕੱਤਰੇਤ ਵਿਚ ਕਮਰਾ ਨੰਬਰ 202 ਸੀ ਵਿਚ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ।

ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਡਾ. ਮਨਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਤਰਫ਼ੋਂ ਟਿੱਡੀ ਦਲ ਨੇ ਬਲਾਕ ਖੂਹੀਆਂ ਸਰਵਰ ਅਧੀਨ ਪਿੰਡ ਬਾਰੇਕਾ ਅਤੇ ਰੂਪ ਨਗਰ ’ਚ ਹਮਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਟਿੱਡੀ ਦਲ ਰਾਤ ਨੂੰ ਦਰੱਖ਼ਤਾਂ ਉੱਤੇ ਇਕੱਠਾ ਹੁੰਦਾ ਹੈ। ਉਨ੍ਹਾਂ ਟਿੱਡੀ ਦਲ ਨੂੰ ਮਾਰਨ ਲਈ ਸਪਰੇਅ ਕਰਨੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਦਾਖ਼ਲ ਹੋਣ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾ ਚੁੱਕੀ ਹੈ। ਜ਼ਿਲ੍ਹੇ ਅੰਦਰ ਪੁੱਜੀਆਂ ਟਿੱਡੀਆਂ ਅਸਲ ਵਿਚ ਵੱਡੇ ਝੁੰਡ ਤੋਂ ਵਿਛੜ ਕੇ ਆਈਆਂ ਹਨ। ਆਂਡਿਆਂ ’ਚ ਪੈਦਾ ਹੋਏ ਬੱਚੇ ਵੀ ਉੱਡ ਕੇ ਇੱਧਰ ਆਏ ਹਨ। ਖੇਤੀ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਟਿੱਡੀ ਦਲ ਦੇ ਝੁੰਡ ਸਾਹਮਣੇ ਆਉਣ ਮਗਰੋਂ ਕਿਸਾਨਾਂ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਚੌਕਸ ਹੋ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਤੇ ਗੁਲਜ਼ਾਰ ਸਿੰਘ ਘੱਲਕਲਾਂ ਨੇ ਕਿਹਾ ਕਿ ਟਿੱਡੀ ਦਲ ਦੇ ਸੰਭਾਵਿਤ ਹਮਲੇ ਨਾਲ ਨਜਿੱਠਣ ਲਈ ਖਾਲੀ ਪੀਪਿਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

Previous articleਕਰੋਨਾ ਨੇ ਪੰਜਾਬ ’ਚ ਲਈ ਇਕ ਹੋਰ ਜਾਨ
Next articleਪੰਜਾਬ ਤੋਂ ਮਜ਼ਦੂਰਾਂ ਦਾ ਪਰਵਾਸ