ਦੇਸ਼ ਭਰ ਵਿੱਚ ‘ਕਰੋਨਾ ਯੋਧਿਆਂ’ ਨੂੰ ਹਥਿਆਰਬੰਦ ਬਲਾਂ ਦਾ ਸਲਾਮ

ਨਵੀਂ ਦਿੱਲੀ (ਸਮਾਜਵੀਕਲੀ) – ਦੇਸ਼ ਭਰ ਵਿਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਆਪਣੀ ਜ਼ਿੰਦਗੀ ਨੂੰ ਖ਼ਤਰੇ ’ਚ ਪਾ ਕੇ ਮੂਹਰਲੀ ਕਤਾਰ ’ਚ ਹੋ ਕੇ ਲੜ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਪੁਲੀਸ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ ਤੇ ਹੋਰ ਯੋਧਿਆਂ ਦੀ ਬਹਾਦਰੀ ਨੂੰ ਅੱਜ ਹਥਿਆਰਬੰਦ ਸੈਨਾਵਾਂ ਵੱਲੋਂ ਸਲਾਮ ਕੀਤਾ ਗਿਆ।

ਇਸ ਦੌਰਾਨ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਗਏ ਦੇਸ਼ਵਿਆਪੀ ਲੌਕਡਾਊਨ ਨੂੰ ਲਾਗੂ ਕਰਵਾਉਣ ਲਈ ਡਿਊਟੀ ਕਰ ਰਹੇ ਪੁਲੀਸ ਮੁਲਾਜ਼ਮਾਂ ਦੇ ਸਨਮਾਨ ਹਿੱਤ ਸਭ ਤੋਂ ਪਹਿਲਾਂ ਤਿੰਨੋਂ ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਅੱਜ ਸਵੇਰੇ ਦਿੱਲੀ ਵਿੱਚ ਸਥਿਤ ਪੁਲੀਸ ਯਾਦਗਾਰ ਵਿਖੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।

ਉਪਰੰਤ ਦਿੱਲੀ, ਮੁੰਬਈ, ਚੰਡੀਗੜ੍ਹ, ਪੰਚਕੂਲਾ, ਜੈਪੁਰ, ਅਹਿਮਦਾਬਾਦ, ਗੁਹਾਟੀ, ਪਟਨਾ, ਲਖਨਊ, ਸ੍ਰੀਨਗਰ, ਜੈਪੁਰ, ਭੁਪਾਲ, ਹੈਦਰਾਬਾਦ, ਬੰਗਲੌਰ, ਕੋਇੰਬਟੂਰ ਤੇ ਤਿਰੂਵਨੰਤਪੁਰਮ ਸਣੇ ਦੇਸ਼ ਦੇ ਵੱਖ-ਵੱਖ ਮੁੱਖ ਸ਼ਹਿਰਾਂ ਤੇ ਕਸਬਿਆਂ ਉੱਪਰੋਂ ਭਾਰਤੀ ਹਵਾਈ ਸੈਨਾ ਦੇ ਜੰਗੀ ਤੇ ਢੋਆ-ਢੁਆਈ ਵਾਲੇ ਜਹਾਜ਼ਾਂ ਵੱਲੋਂ ਫਲਾਈ-ਪਾਸਟ ਕੀਤਾ ਗਿਆ।

ਦੇਸ਼ ਦੇ ਲੱਖਾਂ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਤੇ ਹੋਰ ਕਰੋਨਾਵਾਇਰਸ ਯੋਧਿਆਂ ਦਾ ਧੰਨਵਾਦ ਕਰਨ ਲਈ ਫ਼ੌਜ ਦੇ ਹੈਲੀਕਾਪਟਰਾਂ ਵੱਲੋਂ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ, ਏਮਜ਼, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ ਤੇ ਹੋਰ ਹਸਪਤਾਲਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਪੀਜੀਆਈ ਤੇ ਹੋਰ ਪ੍ਰਮੁੱਖ ਹਸਪਤਾਲਾਂ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ, ਮੁੰਬਈ, ਕੇਰਲ, ਲਖਨਊ, ਅਹਿਮਦਾਬਾਦ, ਪਟਨਾ ਤੇ ਦੇਸ਼ ਦੇ ਹੋਰ ਸ਼ਹਿਰਾਂ ਤੇ ਕਸਬਿਆਂ ਦੇ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ’ਤੇ ਵੱਖ-ਵੱਖ ਸੈਨਾਵਾਂ ਦੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਕਈ ਪ੍ਰਮੁੱਖ ਹਸਪਤਾਲਾਂ ਵਿੱਚ ਫ਼ੌਜੀ ਬੈਂਡ ਦੀਆਂ ਧੁਨਾਂ ਵੀ ਸੁਣਾਈ ਦਿੱਤੀਆਂ।

ਇਸੇ ਦੌਰਾਨ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਵੀ ਕਰੋਨਾਵਾਇਰਸ ਯੋਧਿਆਂ ਨੂੰ ਸਲਾਮੀ ਦਿੱਤੀ ਗਈ। ਇਸੇ ਤਰ੍ਹਾਂ ਭਾਰਤੀ ਤੱਟ ਰੱਖਿਅਕਾਂ ਵੱਲੋਂ ਵੀ ਸਮੁੰਦਰੀ ਜਹਾਜ਼ਾਂ ਦੀਆਂ ਲਾਈਟਾਂ ਜਗਾਈਆਂ ਗਈਆਂ ਅਤੇ ਆਪਣੇ ਹੈਲੀਕਾਪਟਰਾਂ ਰਾਹੀਂ ਗੋਆ, ਦਮਨ, ਮੁੰਬਈ, ਪੋਰਟ ਬਲੇਅਰ ਆਦਿ ਥਾਵਾਂ ਦੇ ਹਸਪਤਾਲਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਸੇ ਤਰ੍ਹਾਂ ਜੰਮੂ ਖੇਤਰ ਵਿੱਚ ਵੀ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਪ੍ਰੋਗਰਾਮਾਂ ਦੀ ਲੜੀ ਤਹਿਤ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜ ਰਹੇ ਯੋਧਿਆਂ ਨੂੰ ਸਲਾਮ ਕੀਤਾ ਗਿਆ।

Previous articleਪੰਜਾਬ ’ਚ ਕਰੋਨਾਵਾਇਰਸ ਨਾਲ ਦੋ ਮੌਤਾਂ
Next articleਪੰਜਾਬ ’ਚ ਝੱਖੜ ਤੇ ਮੀਂਹ ਨੇ ਸਮੇਟਣ ’ਤੇ ਆਈ ਫ਼ਸਲ ਝੰਬੀ