ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਮਨਾਈ ਪੰਜਾਬ ਦੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਨੂੰ ਬਚਾਉਣ ਦਾ ਸੱਦਾ
ਵਿਧਾਨ ਸਭਾ ਚੋਣਾਂ ਦੌਰਾਨ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਦੀ ਅਪੀਲ:- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਦੇਸ਼ ਦੇ ਪਲੀਤ ਹੋ ਚੁੱਕੇ ਦਰਿਆਵਾਂ ਲਈ ਰਾਹ ਦਸੇਰਾ ਬਣੀ ਬਾਬੇ ਨਾਨਕ ਦੀ ਚਰਨਛੋਹ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਤੇ ਸੁੱਕ ਰਹੇ ਦਰਿਆਵਾਂ ਬਾਰੇ ਫਿਕਰਮੰਦੀ ਜਾਹਰ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਇੱਕਸੁਰ ਹੁੰਦਿਆ ਕਿਹਾ ਕਿ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਰਲਮਿਲ ਕੇ ਹੰਭਲਾ ਮਾਰਿਆ ਜਾਵੇ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 21 ਸਾਲਾਂ ਦੀ ਕਾਰ ਸੇਵਾ ਵਿੱਚ ਸੰਗਤਾਂ ਵੱਲੋਂ ਪਾਏ ਗਏ ਨਿਸ਼ਕਾਮ ਯੋਗਦਾਨ ਦੀ ਸਲਾਂਘਾ ਕੀਤੀ। ੳਨ੍ਹਾਂ ਕਿਹਾ ਕਿ ਕਾਰ ਸੇਵਾ ਨੇ ਦੁਨੀਆਂ ਦੇ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਦੁੱਖ ਦੀ ਗੱਲ ਹੈ ਕਿ 21 ਸਾਲ ਬੀਤ ਜਾਣ ਦੇ ਬਾਵਜੂਦ ਵੀ ਪਵਿੱਤਰ ਵੇਈਂ ਵਿੱਚ ਪੈ ਰਹੇ ਗੰਦੇ ਪਾਣੀ ਪੈਣੋਂ ਬੰਦ ਨਹੀਂ ਹੋਏ। ਉਨ੍ਹਾਂ ਨੇ ਅਪੀਲ ਕੀਤੀ ਕਿ ਬਰਸਾਤਾਂ ਦੇ ਦਿਨਾਂ ਵਿੱਚ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਰੁੱਖ ਲਾ ਕੇ ਭਰ ਦਿੱਤਾ ਜਾਵੇ। ਜਦੋਂ ਗੰਦੇ ਪਾਣੀ ਦਰਿਆਵਾਂ ਵਿੱਚ ਪਾਉਣੇ ਸ਼ੁਰੂ ਕੀਤੇ ਉਦੋਂ ਤੋਂ ਹੀ ਮਨੁੱਖ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਗਿਆ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਸਬਸਿਡੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਵਾਤਾਵਰਣ ਦਾ ਮੁੱਦਾ ਬਣਾਉਣ। ਲੋਕ ਉਸ ਨੂੰ ਵੋਟਾਂ ਪਾਉਣ ਜਿਹੜੇ ਸਾਡੇ ਬੱਚਿਆਂ ਲਈ ਸਾਫ ਸੁਥਰਾ ਹਵਾ ਤੇ ਪਾਣੀ ਦੇਣ। ਕਰੋਨਾ ਦੀ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਬੜੇ ਮਹਿੰਗੇ ਭਾਅ ਦੇ ਆਕਸੀਜਨ ਸਿਲੰਡਰ ਖ੍ਰੀਦਣ ਲਈ ਮਜ਼ਬੂਰ ਹੋਣਾ ਪਿਆ। ਇਸ ਕਰਕੇ ਵੱਧ ਤੋਂ ਵੱਧ ਰੁੱਖ ਲਾਏ ਜਾਣ।
ਖੇਤੀ ਮਾਮਲਿਆਂ ਵਿੱਚ ਕੌਮਾਂਤਰੀ ਪੱਧਰ ਦੀ ਮੁਹਾਰਤ ਰੱਖਣ ਵਾਲੇ ਦਵਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਵੱਡਾ ਸੰਕਟ ਖੜਾ ਹੁੰਦਾ ਜਾ ਰਿਹਾ ਹੈ। ਇੱਕ ਕਿਲੋ ਚੌਲ ਪੈਦਾ ਕਰਨ ਲਈ ਪੰਜ ਹਾਜ਼ਾਰ ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਬਚਾਉਣਾ ਹੈ। ਦੁਨੀਆਂ ਵਿੱਚ ਅਜਿਹੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜਿਹੜੀਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਦੁਨੀਆਂ ਵਿੱਚ ਜਿਹੜਾ ਮੌਸਮ ਬਦਲ ਰਿਹਾ ਉਸ ਨਾਲ ਸਾਡਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਗ੍ਰੀਨ ਹਾਊਸ ਗੈਸਾਂ ਵੱਧਣ ਨਾਲ ਸਭ ਤੋਂ ਮਾੜਾ ਅਸਰ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰੀਕਾਂ੍ਰਤੀ ਦੇ 50 ਸਾਲਾਂ ਭਾਵੇ ਦੇਸ਼ ਦਾ ਢਿੱਡ ਭਰ ਦਿੱਤਾ ਪਰ ਇਸ ਨੇ ਕਿਸਾਨ ਨੂੰ ਵੱਡਾ ਨੁਕਸਾਨ ਪਹੁੰਚਾਇਆ। ਮਹਾਰਾਸ਼ਟਰ ਤੇ ਪੰਜਾਬ ਵਿੱਚ ਕਿਸਾਨਾਂ ਨੇ ਬਹੁਤ ਜ਼ਿਆਦਾ ਆਤਮ ਹੱਤਿਆਵਾਂ ਕੀਤੀਆਂ ਹਨ। ਜੋ ਅਨਾਜ ਅਸੀਂ ਖ੍ਰੀਦ ਦੇ ਹਾਂ ਉਸ ਨਾਲੋਂ ਤਿੰਨ ਗੁਣਾ ਵੱਧ ਵਾਤਾਵਰਨ ਦਾ ਨੁਕਸਾਨ ਕਰਦੇ ਹਾਂ। ਦਿੱਲੀ ਦੀਆਂ ਬਾਰੂਹਾਂ ‘ਤੇ ਸਘਰਸ਼ ਕਰ ਰਹੇ ਕਿਸਾਨਾਂ ਦਾ ਜ਼ਿਕਰ ਕਰਦਿਆ ਦਵਿੰਦਰ ਸ਼ਰਮਾ ਨੇ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਕਰਨ ਲਈ ਬੜੇ ਸੌਖੇ ਢੰਗ ਨਾਲ ਕਿਸਾਨਾਂ ਨੂੰ ਜੁੰਮੇਵਾਰ ਦੱਸ ਦਿੱਤਾ ਜਾਂਦਾ ਹੈ ਪਰ ਮਾੜੀਆਂ ਨੀਤੀਆਂ ਦੀ ਕੋਈ ਗੱਲ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜ਼ਮੀਨ ਨਾਲ ਜੁੜੇ ਹੋਈ ਸਖਸ਼ੀਅਤ ਹੈ ਜਿਹਨਾਂ ਨੇ ਪਿਛਲੇ 20 ਸਾਲਾਂ ਸ਼ਾਨਾਮੱਤੇ ਇਤਹਿਾਸਿਕ ਕਾਰਜ ਨੇ ਪੰਜਾਬ ਵਿਚ ਨਵੇਂ ਅਰਥਾਂ ਵਾਲੇ ਕਾਰਜ਼ ਦੀ ਸ਼ੁਰੂਆਤ ਕੀਤੀ ਹੈ।
ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਨੇ ਕਿਹਾ ਕਿ ਜਦੋਂ ਤੱਕ ਝੋਨਾ ਪੰਜਾਬ ਤੋਂ ਬਾਹਰ ਨਹੀਂ ਜਾਂਦਾ ਉਦੋਂ ਤੱਕ ਸੂਬੇ ਦਾ ਭਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਧਰਤੀ ਦਾ ਵਾਪਰ ਕੀਤਾ ਜਾਣ ਲੱਗ ਪਿਆ ਹੈ। ਬਿਜਲੀ ਪੈਦਾ ਕਰਨ ਲਈ ਦਰਿਆਵਾਂ ਨੂੰ ਬੰਨ ਕੇ ਕੁਦਰਤ ਨਾਲ ਖਿਲਵਾੜ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਮਸਲਾ ਹੈ। ਉਹਨਾਂ ਪਵਿੱਤਰ ਵੇਈਂ ਦੀ ਕਾਰਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਦਰ ਦੀ ਕੁਦਰਤ ਦਾ ਜੋ ਫਲਸਫਾ ਗੁਰੁ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਸੀ ਉਸਨੂੰ ਪੰਜਾਬ ਦੇ ਲੋਕਾਂ ਨੇ ਵੇਈਂ ਦੀ ਕਾਰਸੇਵਾ ਰਾਹੀਂ ਸਕਾਰ ਹੁੰਦਿਆ ਵੇਖਿਆ ਹੈ।
ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਵੱਲੋਂ ਪਿਛਲੇ 20 ਸਾਲਾਂ ਤੋਂ ਕੀਤੀ ਗਈ ਅਣਥੱਕ ਘਾਲਣਾ ਹੀ ਜਿਹੜਾ ਅੱਜ ਇਸ ਅਸਥਾਨ ਤੇ ਪੂਰੇ ਦੇਸ਼ ਤੋਂ ਲੋਕ ਦੇਖਣ ਲਈ ਆ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਵਿਚ ਵਾਤਾਵਰਣ ਪ੍ਰਤੀ ਪੈਦਾ ਹੋਈ ਜਾਗਰੂਕਤਾ ਦੀ ਮਿਸਾਲ ਸੰਤ ਬਲਬੀਰ ਸਿੰਘ ਜੀ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ ਹੀ ਉਦਹਾਰਨ ਹੈ ਜਿਸ ਵਿਚ ਸੰਗਤਾਂ ਨੇ ਦਿਨ ਰਾਤ ਇਸਦੀ ਕਾਰਸੇਵਾ ਵਿਚ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਲੋਪੋਂ ਤੋਂ ਸੰਤ ਜਗਜੀਤ ਸਿੰਘ ਜੀ ਸਮਾਗਮ ਵਿਚ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦੇ ਖੇਤਾਂ ਵਿਚ ਲੱਗੀਆਂ 15 ਲੱਖ ਬੰਬੀਆਂ ‘ਤੇ ਪੰਜ ਪੰਜ ਬੂਟੇ ਵੀ ਕਿਸਾਨਾਂ ਵੱਲੋਂ ਲਾਏ ਜਾਣ ਤਾਂ 75 ਲੱਖ ਦਰਖਤ ਪੰਜਾਬ ਦੀ ਧਰਤੀ ਨੂੰ ਹਰਿਆਲੀ ਨਾਲ ਭਰ ਦੇਣਗੇ।
ਡਾ: ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਕਾਰ ਸੇਵਾ ਦੇ 21 ਸਾਲਾਂ ਨੇ ਪੰਜਾਬ ਦਾ ਮੂੰਹ ਮੱਥਾ ਸੰਵਾਰਿਆ ਹੈ। ੳਨ੍ਹਾਂ ਕਿਹਾ ਕਿ 21 ਸਾਲ ਪਹਿਲਾਂ ਜਦੋਂ ਸੁਲਤਾਨਪੁਰ ਲੋਧੀ ਵਿੱਚ ਕਾਰ ਸੇਵਾ ਸ਼ੁਰੂ ਕੀਤੀ ਤਾਂ ਉਸ ਵੇਲੇ ਸਭ ਤੋਂ ਵੱਧ ਗੰਦਗੀ ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਸਰਬੱਤ ਦਾ ਭਲਾ ਮੰਗਣ ਵਾਲੀ ਹੈ। ਇਸ ਮੌਕੇ ਨਿਰਮਲਾ ਪੰਚਾਇਤੀ ਅਖਾੜਾ ਕਨਖਲ ਤੋਂ ਸ੍ਰੀ ਮਹੰਤ ਗਿਆਨੀ ਗਿਆਨ ਦੇਵ ਸਿੰਘ ਜੀ, ਬਿਧੀਚੰਦ ਸੰਪ੍ਰਦਾ ਦੇ ਮੁਖੀ ਸੰਤ ਅਵਤਾਰ ਸਿੰਘ ਸੁਰ ਸਿੰਘ ਵਾਲਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗੁਰਦੁਆਰਾ ਗੁਰਸਰ ਸੰਤ ਲੀਡਰ ਸਿੰਘ ਸੈਫਲਾਬਾਦ ਦੇ ਸੇਵਾਦਾਰ, ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਗੁਰਬਚਨ ਸਿੰਘ ਪੰਡਵਾਂ ਵਾਲੇ, ਸੰਤ ਬਲਦੇਵ ਕ੍ਰਿਸ਼ਨ ਸਿੰਘ, ਬਾਬਾ ਪਰਮਜੀਤ ਸਿੰਘ ਨੌਲੀ, ਸ਼ਾਹਕੋਟ ਤੋਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਜਰਨੈਲ ਸਿੰਘ ਗੜ੍ਹਦੀਵਾਲਾ, ਸੱਜਣ ਸਿੰਘ ਚੀਮਾ, ਰਤਨ ਸਿੰਘ ਕਾਕੜ ਕਲਾਂ, ਹਰਜਿੰਦਰ ਸਿੰਘ ਸੀਚੇਵਾਲ ਆਦਿ ਹਾਜ਼ਰ ਸਨ। ਇਸ ਮੌਕੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੀ ਦਿੱਤਾ ਗਿਆ।
ਨਿਰਮਲ ਕੁਟੀਆ ਦੇ ਹਜ਼ੂਰੀ ਰਾਗੀ ਜੱਥੇ ਰਾਗੀ ਤੇਜਿੰਦਰ ਸਿੰਘ ਸਰਪੰਚ, ਸੰਤ ਅਵਤਾਰ ਸਿੰਘ ਯਾਦਗਾਰੀ ਮਹਾਵਿਿਦਆਲਾ ਦੇ ਵਿਿਦਆਰਥੀਆਂ ਨੇ ਰਸਭਿੰਨਾ ਕੀਰਤਨ ਕੀਤਾ। ਗੁਰੁ ਕਾ ਅਤੁੱਟ ਲੰਗਰ ਵਰਤਾਇਆ ਗਿਆ। ਗੱਤਕਾ ਟੀਮ ਵੱਲੋਂ ਗੱਤਕਾ ਕੋਚ ਗੁਰਵਿੰਦਰ ਕੌਰ ਦੀ ਅਗਵਾਈ ਵਿੱਚ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly