
ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆਂ ਵਿਖੇ ਭੰਤੇ ਪ੍ਰੀਗਿਆ ਬੋਧੀ ਦੀ ਅਗਵਾਈ ਵਿੱਚ ਭਿਖਸ਼ੂਆਂ ਵਲੋਂ ਵੀਰਵਾਰ ਤੋਂ 19 ਵਾਂ ਵਰਸ਼ਾਵਾਸ” ਸ਼ੁਰੂ ਹੋ ਗਿਆ ਹੈ, ਜੋ ਤਿੰਨ ਮਹੀਨੇ ਭਾਵ “ਅਸ਼ੋਕਾ ਵਿਜੈ ਦਸਮੀਂ ” ਤੱਕ ਚੱਲੇਗਾ। ਇਹ “ਵਰਸ਼ਾਵਾਸ” ਤਥਾਗਤ ਬੁੱਧ ਦੇ ਸਮੇਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਭਿਖਸ਼ੂ ਸੰਘ ਵਲੋਂ ਇਲਾਕੇ ਵਿੱਚ ਭਿਖਸ਼ੂਆਂ ਨੂੰ ਆ ਰਹੀਆਂ ਸਮੱਸਿਆਵਾਂ, ਕਠਿਨਾਈਆਂ, ਮੁਸ਼ਕਿਲਾਂ ਬਾਰੇ ਚਰਚਾਵਾਂ ਹੁੰਦੀਆਂ ਹਨ। ਉਨਾਂ ਦੇ ਹੱਲ ਲਈ ਡੂੰਘੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੁੱਧ ਧੰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਨਾ ਆਵੇ। ਆਲੇ -ਦੁਆਲੇ ਦੇ ਸਾਰੇ ਭਿਖਸ਼ੂ ਤਕਸ਼ਿਲਾ ਮਹਾਬੁੱਧ ਵਿਹਾਰ ਵਿੱਚ ਇਕੱਠੇ ਹੁੰਦੇ ਹਨ। ਬੁੱਧ ਧੰਮ ਬਾਰੇ ਉਪਾਸਕਾਂ ਅਤੇ ਉਪਾਸਕਾਵਾਂ ਨੂੰ ਇਸ ‘ਤੇ ਚੱਲਣ ਦੇ ਨਿਯਮ ਦੱਸੇ ਜਾਂਦੇ ਹਨ। ਤਰੀਸ਼ਰਨ,ਪੰਚਸ਼ੀਲ ਗ੍ਰਹਿਣ ਕਰਨ ਲਈ ਪ੍ਰੇਰਿਆ ਜਾਂਦਾ ਹੈ। ਤਥਾਗਤ ਬੁੱਧ ਦੁਆਰਾ ਦਿੱਤੇ ਅਸ਼ਟਾਂਗ ਮਾਰਗ ਬਾਰੇ ਵੀ ਚਰਚਾ ਹੁੰਦੀ ਹੈ। ਮਨੁੱਖਤਾ ਵਿੱਚ ਸਮਾਨਤਾ, ਸੁਤੰਤਰਤਾ ਤੇ ਭਾਈਚਾਰਾ ਬਣਾਈ ਰੱਖਣ ਲਈ ਪ੍ਰੇਰਨਾ ਦੇ ਨਾਲ- ਨਾਲ ਮੈਡੀਟੇਸ਼ਨ ਵੀ ਕੀਤਾ ਜਾਂਦਾ ਹੈ । ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆਂ ਵਿੱਚ ਸ਼ੁਰੂ ਹੋਏ “19ਵੇਂ ਵਰਸ਼ਾਵਾਸ ” ‘ਤੇ ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਨੇ ਬੋਧੀ ਉਪਾਸਕਾਂ ਅਤੇ ਉਪਾਸਕਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਰਸ਼ਾਵਾਸ ਵਿੱਚ ਦਿਲ ਖੋਲ੍ਹ ਕੇ ਭਿਖਸ਼ੂਆਂ ਨੂੰ ਦਾਨ ਕੀਤਾ ਜਾਵੇ। ਉਪਾਸਕ ਭਿਖਸ਼ੂ ਸੰਘ ਨੂੰ ਜਾਂ ਪੰਜਾਬ ਬੁੱਧਿਸਟ ਸੁਸਾਇਟੀ, (ਰਜਿ)ਪੰਜਾਬ ਦੇ ਖਾਤੇ ‘ਚ ਦਾਨ ਜਮਾ ਕਰਵਾ ਸਕਦੇ ਹਨ। ਤੁਸੀਂ ਭਿਖਸ਼ੂਆਂ ਨੂੰ ਭੋਜਨ, ਚੀਵਰ, ਦਵਾਈਆਂ ,ਦੁੱਧ,ਫ਼ਲ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਵੀ ਦਾਨ ਕਰ ਸਕਦੇ ਹੋ। ਜਿਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਤਥਾਗਤ ਬੁੱਧ ਨੇ ਹਮੇਸ਼ਾ ਹੀ ਵਿਸ਼ਵ ਨੂੰ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਹੈ। ਜਿਸ ਨਾਲ ਮਨੁੱਖਤਾ ਆਪਣੀ ਜ਼ਿੰਦਗੀ ਸੁੱਖਮਈ ਬਤੀਤ ਕਰ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



