ਅੰਮ੍ਰਿਤਸਰ, (ਸਮਾਜ ਵੀਕਲੀ): ਸਥਾਨਕ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਦੂਜੇ ਦਿਨ ਵੀ ਵਿਦੇਸ਼ ਤੋਂ ਆਏ ਯਾਤਰੀਆਂ ਵਿੱਚੋਂ 172 ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ 125 ਯਾਤਰੀ ਕਰੋਨਾ ਪਾਜ਼ੇਟਿਵ ਆਏ ਸਨ। ਇਸ ਦੌਰਾਨ ਯਾਤਰੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਮਗਰੋਂ ਸਿਹਤ ਵਿਭਾਗ ਵੱਲੋਂ ਹਵਾਈ ਅੱਡੇ ’ਤੇ ਬਣੀ ਕਰੋਨਾ ਜਾਂਚ ਕਰਨ ਵਾਲੀ ਲੈਬ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ। ਅੱਜ ਇਥੇ ਹਵਾਈ ਅੱਡੇ ਵਿੱਚ ਇਟਲੀ ਦੇ ਸ਼ਹਿਰ ਰੋਮ ਤੋਂ ਆਈ ਉਡਾਣ ਦੇ ਕੁਲ 285 ਵਿੱਚੋਂ 172 ਯਾਤਰੀ ਕਰੋਨਾ ਪਾਜ਼ੇਟਿਵ ਆਏ ਹਨ।
ਕਰੋਨਾ ਨੈਗੇਟਿਵ ਰਿਪੋਰਟ ਦੀ ਰਿਪੋਰਟ ਲੈ ਕੇ ਭਾਰਤ ਪੁੱਜੇ ਇਨ੍ਹਾਂ ਯਾਤਰੀਆਂ ਨੇ ਸਥਾਨਕ ਪ੍ਰਸ਼ਾਸਨ ’ਤੇ ਜਬਰੀ ਕਰੋਨਾ ਟੈਸਟਾਂ ਦੀ ਰਿਪੋਰਟ ਪਾਜ਼ੇਟਿਵ ਕੱਢੇ ਜਾਣ ਦਾ ਦੋਸ਼ ਲਾਇਆ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਹਵਾਈ ਅੱਡੇ ’ਤੇ ਬਣਾਈ ਪ੍ਰਾਈਵੇਟ ਟੈਸਟਿੰਗ ਲੈਬ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨੈਗੇਟਿਵ ਰਿਪੋਰਟ ਲੈ ਕੇ ਆਏ 172 ਯਾਤਰੀਆਂ ਦੀ ਰਿਪੋਰਟ ਇੰਨੇ ਘੱਟ ਸਮੇਂ ਵਿੱਚ ਪਾਜ਼ੇਟਿਵ ਆਉਣ ਨਾਲ ਉਕਤ ਲੈਬ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੇ ਯਾਤਰੀਆਂ ਵਿੱਚੋਂ 75 ਵਿਅਕਤੀਆਂ ਦੇ ਟੈਸਟ ਅੱਜ ਦੁਬਾਰਾ ਕੀਤੇ ਗਏ ਹਨ। ਉਨ੍ਹਾਂ ਇਸ ਸਬੰਧੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ।
ਫ਼ਰਾਰ ਹੋਏ ਮਰੀਜ਼ ਇਕਾਂਤਵਾਸ ’ਚ ਭੇਜੇ
ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨ ਹਵਾਈ ਅੱਡੇ ਅਤੇ ਹਸਪਤਾਲ ਤੋਂ ਫਰਾਰ ਹੋਏ 13 ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਪਤਾ ਲਾ ਲਿਆ ਹੈ। ਇਹ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲੇ ਨਾਲ ਸਬੰਧਤ ਹਨ। ਇਨ੍ਹਾਂ 13 ਮਰੀਜ਼ਾਂ ਵਿੱਚੋਂ ਤਿੰਨ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਕਾਂਤਵਾਸ ਕੀਤਾ ਹੈ, ਜਦੋਂਕਿ ਬਾਕੀ ਦਸ ਮਰੀਜ਼ ਘਰਾਂ ਵਿਚ ਹੀ ਇਕਾਂਤਵਾਸ ਕਤੇ ਗਏ ਹਨ। ਇਸ ਦੌਰਾਨ ਅੱਜ ਅੰਮ੍ਰਿਤਸਰ ਵਿੱਚ ਕਰੋਨਾ ਦੇ 276 ਨਵੇਂ ਕੇਸ ਆਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly