ਅਹਿਮਦਾਬਾਦ : ਗੁਜਰਾਤ ਦੰਗਿਆਂ ਤੋਂ ਬਾਅਦ ਸੂਬੇ ਦੇ ਨੌਜਵਾਨਾਂ ਨੂੰ ਧਰਮ ਦੇ ਨਾਂ ‘ਤੇ ਵਰਗਲਾ ਕੇ ਹਿੰਸਾ ਭੜਕਾਉਣ ਤੇ ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਲੋੜੀਂਦੇ ਅੱਤਵਾਦੀ ਅਬਦੁੱਲ ਵਹਾਬ ਸ਼ੇਖ ਨੂੰ ਸੋਮਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਹ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਤੇ ਆਈਐੱਸਆਈ ਦੇ ਸੰਪਰਕ ਵਿਚ ਸੀ। 16 ਸਾਲ ਤੋਂ ਫ਼ਰਾਰ ਅੱਤਵਾਦੀ ਸ਼ੇਖ ਸਾਊਦੀ ਅਰਬ ‘ਚ ਰਹਿ ਰਿਹਾ ਸੀ।
ਅੱਤਵਾਦ ਰੋਕੂ ਦਸਤੇ (ਏਟੀਐੱਸ) ਅਤੇ ਅਹਿਮਦਾਬਾਦ ਅਪਰਾਧ ਸ਼ਾਖਾ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਸਾਂਝੀ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਸਰਦਾਰ ਪਟੇਲ ਹਵਾਈ ਅੱਡੇ ‘ਤੇ ਜਾਲ ਵਿਛਾਇਆ। ਸਾਊਦੀ ਅਰਬ ਤੋਂ ਆਉਣ ਵਾਲੇ ਜਹਾਜ਼ ਤੋਂ ਉਤਰਨ ਤੋਂ ਬਾਅਦ ਸ਼ੇਖ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਪੁਲਿਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼ੇਖ ਦੇ ਜ਼ਰੀਏ ਪਤਾ ਲੱਗ ਸਕੇਗਾ ਕਿ ਉਸ ਨੇ ਕਿੱਥੇ-ਕਿੱਥੇ ਸਲੀਪਰ ਸੈੱਲ ਤਿਆਰ ਕੀਤੇ ਹਨ।
ਗੋਧਰਾ ਕਾਂਡ ਤੋਂ ਬਾਅਦ ਭੜਕੇ ਦੰਗਿਆਂ ਦਾ ਲੈਣਾ ਚਾਹੁੰਦਾ ਸੀ ਬਦਲਾ
ਸਹਾਇਕ ਪੁਲਿਸ ਕਮਿਸ਼ਨਰ ਭਗੀਰਥ ਸਿੰਘ ਗੋਹਿਲ ਨੇ ਦੱਸਿਆ ਕਿ ਗੁਜਰਾਤ ਵਿਚ ਸਾਲ 2002 ਵਿਚ ਸਾਬਰਮਤੀ ਐਕਸਪ੍ਰੈੱਸ ਵਿਚ ਕਾਰਸੇਵਕਾਂ ਨੂੰ ਜ਼ਿੰਦਾ ਸਾੜੇ ਜਾਣ ਤੋਂ ਬਾਅਦ ਸੂਬੇ ਵਿਚ ਹਿੰਸਾ ਭੜਕ ਗਈ ਸੀ। ਸ਼ੇਖ ਨੇ ਇਨ੍ਹਾਂ ਦੰਗਿਆਂ ਦਾ ਬਦਲਾ ਲੈਣ ਅਤੇ ਹਿੰਦੂ ਨੇਤਾਵਾਂ ਦੀ ਹੱਤਿਆ ਲਈ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ, ਜੈਸ਼ਨ-ਏ-ਮੁਹੰਮਦ ਅਤੇ ਆਈਐੱਸਆਈ ਦੀ ਮਦਦ ਲਈ ਸੀ। ਸਾਲ 2003 ਵਿਚ ਗੁਜਰਾਤ ਪੁਲਿਸ ਨੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਕੇ 84 ਲੋਕਾਂ ਖ਼ਿਲਾਫ਼ ਰਿਪੋਰਟ ਦਰਜ ਕੀਤੀ ਸੀ। ਇਨ੍ਹਾਂ ਵਿਚੋਂ 70 ਮੁਲਜ਼ਮ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਪਰ ਸ਼ੇਖ ਸਮੇਤ 12 ਵਿਦੇਸ਼ ਫ਼ਰਾਰ ਹੋ ਗਏ ਸਨ।