ਹੈਦਰਾਬਾਦ (ਸਮਾਜਵੀਕਲੀ) – ਨੋਵੇਲ ਕਰੋਨਾਵਾਇਰਸ ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਮੁਸਾਫ਼ਰ ਰੇਲ ਸੇਵਾਵਾਂ ਨੂੰ ਬੰਦ ਕਰਨ ਦੇ ਲਗਪਗ 40 ਦਿਨਾਂ ਮਗਰੋਂ ਸੂਬੇ ਵਿੱਚ ਫਸੇ 1200 ਪਰਵਾਸੀ ਕਾਮਿਆਂ ਨੂੰ ਲੈ ਕੇ ਪਹਿਲੀ ਵਿਸ਼ੇਸ਼ ਰੇਲਗੱਡੀ ਅੱਜ ਤਿਲੰਗਾਨਾ (ਹੈਦਰਾਬਾਦ) ਤੋਂ ਝਾਰਖੰਡ ਭੇਜੀ ਗਈ। ਪਿਛਲੇ ਮਹੀਨੇ ਮੁੰਬਈ ਦੇ ਬਾਂਦਰਾ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਪਰਵਾਸੀ ਕਾਮਿਆਂ ਦੇ ਇਕੱਤਰ ਹੋਣ ਜਿਹੀ ਘਟਨਾ ਤੋਂ ਸਬਕ ਲੈਂਦਿਆਂ ਸੂਬਾ ਸਰਕਾਰ ਤੇ ਰੇਲਵੇ ਨੇ ਕੌਮਾਂਤਰੀ ਕਿਰਤ ਦਿਹਾੜੇ ਮੌਕੇ ਕੀਤੀ ਇਸ ਪੇਸ਼ਕਦਮੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ।
ਲਿੰਗਮਪੱਲੀ ਸਟੇਸ਼ਨ ਤੋਂ ਅੱਜ ਸਵੇਰੇ ਗੱਡੀ ਰਵਾਨਾ ਕੀਤੇ ਜਾਣ ਦੀਆਂ ਤਸਵੀਰਾਂ/ਵੀਡੀਓਜ਼ ਸੋਸ਼ਲ ਮੀਡੀਆ ’ਤੇ ਨਸ਼ਰ ਹੋਣ ਮਗਰੋਂ ਲੋਕਾਂ ਨੇ ਇਸ ਦੀ ਤਾਰੀਫ਼ ਕੀਤੀ ਹੈ। ਗੱਡੀ ਰਾਹੀਂ ਝਾਰਖੰਡ ਭੇਜੇ ਮੁਸਾਫ਼ਰਾਂ ਵਿੱਚ ਆਈਆਈਟੀ-ਹੈਦਰਾਬਾਦ ਕੈਂਪਸ ਵਿੱਚ ਕੰਮ ਕਰਦੇ ਵੱਡੀ ਗਿਣਤੀ ਪਰਵਾਸੀ ਕਾਮਿਆਂ ਸਮੇਤ ਹੋਰ ਲੋਕ ਸ਼ਾਮਲ ਸਨ। ਰੇਲਵੇ ਅਧਿਕਾਰੀਆਂ ਮੁਤਾਬਕ ਲਿੰਗਮਪੱਲੀ ਸਟੇਸ਼ਨ ਤੋਂ ਸਵੇਰੇ ਪੰਜ ਵਜੇ ਰਵਾਨਾ ਹੋਈ ਗੱਡੀ ਰਾਤ ਗਿਆਰਾਂ ਵਜੇ ਝਾਰਖੰਡ ਦੇ ਹਤੀਆ ਸਟੇਸ਼ਨ ਪੁੱਜੇਗੀ।
ਉਨ੍ਹਾਂ ਕਿਹਾ ਕਿ ਗੱਡੀ ਰਾਹ ਵਿੱਚ ਆਉਂਦੇ ਕਿਸੇ ਸਟੇਸ਼ਨ ’ਤੇ ਨਹੀਂ ਰੁਕੇਗੀ। ਆਰਪੀਐੱਫ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਕਿਹਾ ਕਿ ਗੱਡੀ ਵਿੱਚ ਕੁੱਲ ਮਿਲਾ ਕੇ 24 ਡੱਬੇ ਹਨ ਤੇ ਹਰ ਡੱਬੇ ਵਿੱਚ 54 ਵਿਅਕਤੀ ਸਵਾਰ ਹਨ। ਉਨ੍ਹਾਂ ਕਿਹਾ ਕਿ ਪਰਵਾਸੀਆਂ ਨੂੰ ਰੇਲਵੇ ਵੱਲੋਂ ਖਾਣਾ ਤੇ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਤੇ ਸਫ਼ਰ ਦੌਰਾਨ ਸਮਾਜਿਕ ਦੂਰੀ ਨੇਮ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਗਈ ਹੈ।