ਕਰੋੜਾਂ ਰੁਪਏ ਦੀ 12 ਕਿਲੋ ਹੈਰੋਇਨ ਬਰਾਮਦ

ਪਠਾਨਕੋਟ, (ਸਮਾਜ ਵੀਕਲੀ):  ਇਥੋਂ ਦੀ ਪੁਲੀਸ ਨੇ ਨਸ਼ਾ ਤਸਕਰਾਂ ਦੇ ਕੌਮਾਂਤਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਪੰਜ ਵਿਅਕਤੀਆਂ ਕੋਲੋਂ 12 ਕਿਲੋ ਹੈਰੋਇਨ, 315 ਬੋਰ ਦੇ 2 ਦੇਸੀ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ ਹਨ। ਇਸ ਦੌਰਾਨ ਤਸਕਰੀ ਲਈ ਲਿਜਾਏ ਜਾ ਰਹੇ ਟਰੱਕ ਤੇ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਨਸ਼ਿਆਂ ਦੀ ਇਹ ਖੇਪ ਸ੍ਰੀਨਗਰ ਤੋਂ ਪੰਜਾਬ ਲਿਆਂਦੀ ਜਾ ਰਹੀ ਸੀ।

ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਤਸਕਰਾਂ ਨੂੰ ਕਾਬੂ ਕਰਨ ਲਈ ਪੁਲੀਸ ਦੀਆਂ ਛੇ ਟੀਮਾਂ ਬਣਾਈਆਂ ਗਈਆਂ ਸਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲੀਸ ਨੂੰ ਵੀ ਚੌਕਸ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਇੱਕ ਵਿਸ਼ੇਸ਼ ਬਕਸਾ ਬਣਾਇਆ ਹੋਇਆ ਸੀ ਜਿਸ ਵਿੱਚੋਂ ਹੈਰੋਇਨ ਦੇ ਦਸ ਕਿਲੋ ਦੇ 10 ਪੈਕੇਟ ਰੱਖੇ ਗਏ ਸਨ। ਇਸ ਤੋਂ ਇਲਾਵਾ ਕਾਰ ਵਿੱਚੋਂ ਦੋ ਕਿਲੋ ਹੈਰੋਇਨ, 2 ਦੇਸੀ ਕੱਟੇ ਤੇ 5 ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਟਰੱਕ ਦੇ ਅੱਗੇ ਚਲ ਰਹੇ ਸਨ ਤੇ ਪੁਲੀਸ ਦੀ ਰੇਕੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ’ਤੇ ਮਾਲੇਰਕੋਟਲਾ ਵਿਚ ਤੇ ਦੂਜੇ ’ਤੇ ਅੰਮ੍ਰਿਤਸਰ ਵਿਚ ਨਾਜਾਇਜ਼ ਅਸਲੇ ਦਾ ਮਾਮਲਾ ਦਰਜ ਹੈ। ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਵਾਸੀ ਪਿੰਡ ਸਿੰਗਾਲੀ ਜ਼ਿਲ੍ਹਾ ਮਾਲੇਰਕੋਟਲਾ, ਰੋਹਿਤ ਜੋਸ਼ੀ ਵਾਸੀ ਸੁਲਤਾਨਵਿੰਡ ਰੋਡ ਜ਼ਿਲ੍ਹਾ ਅੰਮ੍ਰਿਤਸਰ, ਸਲੀਮ ਮੁਹੰਮਦ ਵਾਸੀ ਪਿੰਡ ਖੁਰਦ ਜ਼ਿਲ੍ਹਾ ਮਾਲੇਰਕੋਟਲਾ, ਗੁਰਦੀਪ ਸਿੰਘ ਅਤੇ ਦਵਿੰਦਰ ਸਿੰਘ ਵਾਸੀਆਨ ਪਿੰਡ ਪਸੋਰਡ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਗੁਰਦੀਪ ਸਿੰਘ ਅਤੇ ਦਵਿੰਦਰ ਸਿੰਘ ਖਿਲਾਫ ਸੁਜਾਨਪੁਰ ਜਦਕਿ ਲਖਵੀਰ ਸਿੰਘ, ਰੋਹਿਤ ਜੋਸ਼ੀ ਅਤੇ ਸਲੀਮ ਮੁਹੰਮਦ ਖਿਲਾਫ ਸ਼ਾਹਪੁਰ ਕੰਡੀ ਥਾਣੇ ਅੰਦਰ ਕੇਸ ਦਰਜ ਕੀਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Waterways connectivity between Patna and Guwahati to open new gate to NE’
Next articleGujarat BJP MLA accuses Rajkot top cop of corruption