108 ਡਿਗਰੀ ਦਾ ਬੁਖਾਰ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) ਇਸ ਦੁਨੀਆ ਵਿੱਚ ਸ਼ਾਇਦ ਹੀ ਕੋਈ ਇਹੋ ਜਿਹਾ ਆਦਮੀ ਹੋਇਆ ਹੋਏਗਾ ਜਿਸ ਨੂੰ ਕਦੇ ਨਾ ਕਦੇ ਬੁਖਾਰ ਨਾ ਹੋਇਆ ਹੋਵੇ। ਕਹਿੰਦੇ ਹਨ ਕਿ ਕਦੇ ਨਾ ਕਦੇ ਹਰ ਬੰਦੇ ਨੂੰ ਬਹੁਤ ਤੇਜ਼ ਬੁਖਾਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰੀਰ ਵਿੱਚ ਜਿਹੜੇ ਖਤਰਨਾਕ ਕਿਟਾਣੂ ਹੁੰਦੇ ਹਨ ਉਹ ਮਰ ਜਾਂਦੇ ਹਨ ਜਿਸ ਤਰਾਂ  ਅੱਗ ਲਾਉਣ ਵਾਲੀ ਜੂਨ ਦੀ ਗਰਮੀ ਮੱਛਰ ਅਤੇ ਮੱਖੀਆਂ  ਦਾ ਖਾਤਮਾ ਕਰ ਦਿੰਦੀ ਹੈ। ਜਦੋਂ ਕਦੇ ਵੀ ਕਿਸੇ ਬੰਦੇ ਨੂੰ ਤੇਜ ਬੁਖਾਰ ਹੁੰਦਾ ਹੈ ਉਸ ਦਾ ਚਿਹਰਾ ਲਾਲ ਹੋ ਜਾਂਦਾ ਹੈ। ਸਰੀਰ ਵਿੱਚ ਬਹੁਤ ਗਰਮੀ ਆ ਜਾਂਦੀ ਹੈ। ਲੇਕਿਨ ਜਦੋਂ ਬੁਖਾਰ ਉਤਰ ਜਾਂਦਾ ਹੈ ਤਾਂ ਸਰੀਰ ਦਾ ਟੈਂਪਰੇਚਰ 98 ਅਤੇ 97 ਦੇ ਆਸ ਪਾਸ ਹੀ ਰਹਿੰਦਾ ਹੈ। ਜਦੋਂ ਕਿਸੇ ਬੰਦੇ ਦਾ ਟੈਂਪਰੇਚਰ ਜ਼ੀਰੋ ਹੋ ਜਾਵੇ ਤਾਂ ਉਸ ਨੂੰ ਮਰਿਆ ਹੋਇਆ ਮਨ ਲਿਆ ਜਾਂਦਾ ਹੈ। ਇਸ ਲਈ ਤਾਪਮਾਨ ਦਾ ਹੋਣਾ ਬੰਦੇ ਦੇ ਜੀਣ ਲਈ ਬਹੁਤ ਜਰੂਰੀ ਹੈ। ਬੰਦੇ ਨੂੰ ਚੁਸਤ ਅਤੇ ਦਰੁਸਤ ਰਹਿਣ ਵਾਸਤੇ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ। ਇੱਕ ਤੰਦਰੁਸਤ ਆਦਮੀ ਦਾ ਟੈਪਰੇਚਰ 98.6 ਹੋਣਾ ਚਾਹੀਦਾ ਹੈ। ਲੇਕਿਨ ਜਦੋਂ ਕਿਸੇ ਬੰਦੇ ਦਾ ਟੈਂਪਰੇਚਰ 104 ਤੋਂ ਉਪਰ ਜਾਣ ਲੱਗੇ ਤਾਂ ਘਰ ਵਾਲੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਜਾਂਦੇ ਹਨ। ਡਾਕਟਰ ਲੋਕ ਉਸ ਦੇ ਟੈਂਪਰੇਚਰ ਨੂੰ ਘਟਾਉਣ ਲਈ ਮੱਥੇ ਤੇ ਜਾਂ ਪੇਟ ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖਦੇ ਹਨ ਅਤੇ ਹੋਰ ਦਵਾਈ ਦਿੰਦੇ ਹਨ। ਲੇਕਿਨ ਜੇ ਕਿਸੇ ਬੰਦੇ ਦਾ ਟੈਂਪਰੇਚਰ 108 ਹੋ ਜਾਵੇ ਤਾਂ ਇਹ ਖਤਰਨਾਕ ਹੁੰਦਾ ਹੈ। ਅਜੇ ਹਾਲਾਤ ਵਿੱਚ ਦੋ ਗੱਲਾਂ ਹੋ ਸਕਦੀਆਂ ਹਨ। ਜਾਂ ਤਾਂ ਮਰੀਜ਼ ਮਰ ਜਾਂਦਾ ਹੈ ਜਾਂ ਫਿਰ ਉਸ ਦਾ ਟੈਮਪਰੇਚਰ ਹੌਲੀ ਹੌਲੀ ਉਤਰਨਾ ਸ਼ੁਰੂ ਹੋ ਜਾਂਦਾ ਹੈ। ਖੈਰ, ਸਾਹਿਬ! ਟੈਂਪਰੇਚਰ ਤਾਂ ਟੈਂਪਰੇਚਰ ਹੈ, ਆਦਮੀ ਦੀ ਜਾਨ ਕੱਢ ਦਿੰਦਾ ਹੈ।
ਦੁਨੀਆਂ ਵਿੱਚ ਕਈ ਕਿਸਮ ਦੇ 108 ਡਿਗਰੀ ਦੇ ਬੁਖਾਰ ਹੁੰਦੇ ਹਨ। ਕਈ ਆਦਮੀਆਂ ਨੂੰ ਸਿਆਸਤ ਵਿੱਚ ਚਮਕਣ ਦਾ ਬੁਖਾਰ ਹੋ ਜਾਂਦਾ ਹੈ ਅਰਥਾਤ ਉਹਨਾਂ ਨੂੰ ਆਪਣੀ ਲੀਡਰੀ ਚਮਕਾਉਣ ਦਾ ਪਾਗਲਪਣ ਹੋ ਜਾਂਦਾ ਹੈ। ਹੈਂਡ ਲੂਮ ਦੇ ਬਣੇ ਹੋਏ ਕੁਰਤੇ ਪਜਾਮੇ ਬਣਵਾ ਲੈਂਦੇ ਹਨ। ਜੇਕਰ ਇਕ ਪਾਰਟੀ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੀ ਤਾਂ ਉਹ ਦੂਜੀ ਰਾਜਨੀਤਿਕ ਪਾਰਟੀ ਦੇ ਚੱਕਰ ਲਾਉਣੇ ਜਾਂ ਕਿਸੇ ਵੱਡੇ ਲੀਡਰ ਦੇ ਪਿੱਛੇ ਲੱਗਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਕਦੇ ਵੀ ਮਹਿੰਗਾਈ, ਭਰਿਸ਼ਟਾਚਾਰ, ਬੇਰੋਜ਼ਗਾਰੀ, ਹੜ, ਪਾਣੀ ਦੀ ਤੰਗੀ ਜਾਂ ਬਲਾਤਕਾਰ ਦਾ ਕੋਈ ਮਾਮਲਾ ਹੋਵੇ, ਇਹੋ ਜਿਹੇ ਮੌਕਿਆਂ ਤੇ ਉਹਨਾਂ ਨੂੰ ਆਪਣੀ ਲੀਡਰੀ ਚਮਕਾਉਣ ਦਾ ਬਹਾਨਾ ਮਿਲ ਜਾਂਦਾ ਹੈ। ਕਈ ਵਾਰ ਤਾਂ ਉਹ ਭੁੱਖ ਹੜਤਾਲ ਤੇ ਵੀ ਬੈਠ ਜਾਂਦੇ ਹਨ। ਕਈ ਵਾਰ ਕਿਰਾਏ ਦੇ ਬੰਦਿਆਂ ਨੂੰ ਲੈ ਕੇ ਜਲੂਸ ਵੀ ਕਢਦੇ ਹਨ। ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਦੂਰ ਕਰਾਉਣ ਦੀ ਤਸੱਲੀ ਦਿਲਾਉਣ ਲਈ ਦਫਤਰ ਵੀ ਖੋਲ ਲੈਂਦੇ ਹਨ। ਦਫਤਰ ਵਿੱਚ ਆਉਣ ਵਾਲੇ ਅਖਬਾਰਾਂ ਦੇ ਰਿਪੋਰਟਰਾਂ ਨੂੰ ਚਾਹ ਪਾਣੀ ਪਿਲਾ ਕੇ ਆਪਣੀਆਂ ਖਬਰਾਂ ਛਪਵਾਂਦੇ੍ ਹਨ। ਕਈ ਵਾਰ ਤਾਂ ਪੈਸੇ ਦੇ ਕੇ ਵੀ ਆਪਣੇ ਹੱਕ ਵਿੱਚ ਖਬਰਾਂ ਛਪਵਾਉਂਦੇ ਹਨ। ਉਹਨਾਂ ਦਾ ਸਿਆਸਤ ਦਾ 108 ਡਿਗਰੀ ਦਾ ਬੁਖਾਰ ਉਸ ਵੇਲੇ ਉਤਰਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਚੋਣਾਂ ਵਿੱਚ ਖੜੇ ਹੋਣ ਲਈ ਉਹਨਾਂ ਨੂੰ ਕੋਈ ਪਾਰਟੀ ਟਿਕਟ ਦੇ ਦਿੰਦੀ ਹੈ। ਲੇਕਿਨ ਕਿਉਂਕਿ ਅਜਿਹੇ ਬੰਦਿਆਂ ਦਾ ਰਾਜਨੀਤਿਕ ਬੈਕ ਗਰਾਊਂਡ ਤਾਂ ਹੁੰਦਾ ਨਹੀਂ ਇਸ ਲਈ ਜਦੋਂ ਚੋਣਾਂ ਹੁੰਦੀਆਂ ਹਨ ਅਤੇ ਉਹਨਾਂ ਦੀ ਜਮਾਨਤ ਵੀ ਜਬਤ ਹੋ ਜਾਂਦੀ ਹੈ ਤਾਂ ਅਗਲੇ ਦਿਨ ਉਹਨਾਂ ਦਾ ਦਫਤਰ ਵੀ ਉਥੇ ਦਿਖਾਈ ਨਹੀਂ ਦਿੰਦਾ। ਅਜਿਹੇ ਬੰਦੇ ਚੋਣਾਂ ਵਿੱਚ ਹਾਰਣ‌ ਤੋਂ ਬਾਅਦ ਕਿਸੇ ਪਾਸੇ ਦਿਖਾਈ ਵੀ ਨਹੀਂ ਦਿੰਦੇ।
ਬਹੁਤ ਸਾਰੇ ਬੰਦਿਆਂ ਨੂੰ ਜਵਾਨੀ ਦੇ ਦਿਨਾਂ ਵਿੱਚ 108 ਡਿਗਰੀ ਦਾ ਪਿਆਰ ਦਾ ਬੁਖਾਰ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪ੍ਰੇਮ ਅੰਨਾ ਹੁੰਦਾ ਹੈ। ਜਵਾਨੀ ਵਿੱਚ ਹਰ ਮੁੰਡਾ ਜਾਂ ਕੁੜੀ ਆਪਣੇ ਆਪ ਨੂੰ ਬਹੁਤ ਖੂਬਸੂਰਤ ਸਮਝਦਾ ਹੈ, ਹਰ ਵੇਲੇ ਸ਼ੀਸ਼ੇ ਅੱਗੇ ਖੜਾ ਹੁੰਦਾ ਹੈ, ਵਾਲਾਂ ਨੂੰ ਕੰਘਾ ਕਰਦਾ ਹੈ, ਮੁੱਛਾਂ ਨੂੰ ਮਰੋੜੀ ਦਿੰਦਾ ,ਹੈ੍, ਜੇਕਰ ਕੁੜੀ ਹੋਵੇ ਤਾਂ ਉਹ ਸ਼ੀਸ਼ੇ ਅੱਗੇ ਖੜੇ ਹੋ ਕੇ ਵਾਰ ਵਾਰ ਆਪਣੇ ਵਾਲ ਸੰਵਾਰਦੀ ਰਹਿੰਦੀ ਹੈ ਜਾਂ ਵਾਰ ਵਾਰ ਮੇਕਅਪ ਕਰਦੀ ਰਹਿੰਦੀ ਹੈ। ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਆਪਣੇ ਆਪ ਨੂੰ ਕਿਸੇ ਸੋਹਣੇ ਹੀਰੋ ਜਾਂ ਹੀਰੋਇਨ ਤੋਂ ਘੱਟ ਨਹੀਂ ਸਮਝਦੇ। ਕਿਸੇ ਨਾ ਕਿਸੇ ਨਾਲ ਪਿਆਰ ਦੀਆਂ ਪੀਂਗਾ ਪਾਉਣ ਦਾ ਦਿਲ ਕਰਦਾ ਰਹਿੰਦਾ ਹੈ ਔਰ ਕਈ ਵਾਰ ਤਾਂ ਪੇਚਾ ਪੈ ਹੀ ਜਾਂਦਾ ਹੈ। ਪ੍ਰੇਮੀ ਹੋਵੇ ਜਾਂ ਪ੍ਰੇਮਿਕਾ ਆਪਣੇ ਪਰਮ ਪਿਆਰੇ ਨਾਲ ਜਿਆਦਾ ਤੋਂ ਜਿਆਦਾ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇੱਕ ਦੂਜੇ ਨੂੰ ਗਿਫਟ ਦਿੱਤੇ ਜਾਂਦੇ ਹਨ, ਮੋਟਰਸਾਈਕਲ ਜਾਂ ਕਾਰ ਵਿੱਚ ਇਕੱਠੇ ਸੈਰਾਂ ਕੀਤੀਆਂ ਜਾਂਦੀਆਂ ਹਨ। ਦਿਲ ਬਹੁਤ ਖੁਸ਼ ਹੁੰਦਾ ਹੈ, ਹਰ ਚੀਜ਼ ਚੰਗੀ ਲੱਗਦੀ ਹੈ। ਕਿਹਾ ਵੀ ਜਾਂਦਾ ਹੈ,,, ਜਵਾਨੀ ਮੇਂ ਹਰ ਚੀਜ਼, ਖਰੀ ਨਜ਼ਰ ਆਤੀ ਹੈ। ਗਧੀ ਭੀ ਪੂੰਛ ਹਿਲਾਏ,  ਤੋਂ ਪਰੀ  ਨਜ਼ਰ ਆਤੀ ਹੈ। ਜਦੋਂ ਨੌਜਵਾਨ ਮੁੰਡੇ ਅਤੇ ਕੁੜੀਆਂ ਤੇ ਪਿਆਰ ਦਾ 108 ਡਿਗਰੀ ਦਾ ਬੁਖਾਰ ਚੜਦਾ ਹੈ ਤਾਂ ਉਹ ਲੋਕ ਲਾਜ, ਚੰਗਾ ਮਾੜਾ, ਮਾਪਿਆਂ ਦੀ ਇੱਜਤ, ਪੜ੍ਹਾਈ ਲਿਖਾਈ, ਕੰਮ ਧੰਦਾ ਆਦੀ ਸਭ ਭੁੱਲ ਜਾਂਦੇ ਹਨ। ਲੇਕਿਨ ਜਦੋਂ ਪਿਆਰ ਦਾ ਬੁਖਾਰ ਉਤਰ ਜਾਂਦਾ ਹੈ, ਦੁਨੀਆ ਦੀ ਅਸਲੀਅਤ ਸਾਹਮਣੇ ਆਉਂਦੀ ਹੈ, ਵੱਡਿਆਂ ਅਤੇ ਸਿਆਣਿਆਂ ਦੀ ਸਿੱਖਿਆ ਯਾਦ ਆਉਂਦੀ ਹੈ ਤਾਂ ਬਹੁਤ ਪਛਤਾਵਾ ਹੁੰਦਾ ਹੈ। ਹਰ ਬੰਦੇ ਦਾ ਪਿਆਰ ਉਸ ਨੂੰ ਮੰਜ਼ਿਲ ਤੱਕ ਨਹੀਂ ਪਹੁੰਚਾਉਂਦਾ। ਪਿਆਰ ਦੀ ਪਤੰਗ ਕੱਟਣ ਤੋਂ ਬਾਅਦ ਇੱਕ ਦੂਜੇ ਨੂੰ ਗਿਲੇ ਸ਼ਿਕਵੇ, ਇੱਕ ਦੂਜੇ ਦੇ ਦਿੱਤੇ ਗਿਫਟ ਮੋੜਨ ਅਤੇ ਇੱਕ ਦੂਜੇ ਨਾਲ ਮਾਰ ਕੁੱਟ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਹਰ ਬੰਦੇ ਨੂੰ ਪਿਆਰ ਵਿੱਚ ਅਸਫਲਤਾ ਤਕਲੀਫ ਦਿੰਦੀ ਹੈ ਔਰ ਉਸਦੇ ਮੂੰਹੋਂ ਇਹੀ ਨਿਕਲਦਾ ਹੈ,, ਕੋਈ ਲੌਟਾ ਦੋ ਮੇਰੇ ਬੀਤੇ ਹੁਏ ਦਿਨ,,,,,। ਲੇਕਿਨ ਜੇਕਰ ਸਭ ਕੁਝ ਲੁਟਾ ਕਰ ਹੋਸ਼ ਮੇ ਆਏ ਤੋ ਕਿਆ ਵਾਲੀ ਗਲ ਸਾਹਮਣੇ ਆਉਂਦੀ ਹੈ। ਕੁਝ ਲੋਕ ਇਹੋ ਜਿਹੇ ਹੁੰਦੇ ਹਨ ਕਿ ਇੱਕ ਵਾਰ ਪਿਆਰ ਵਿੱਚ ਫੇਲ ਹੋਣ ਤੋਂ ਬਾਅਦ ਕੋਈ ਹੋਰ ਚੱਕਰ ਚਲਾ ਲੈਂਦੇ ਹਨ, ਤੂੰ ਨਹੀਂ ਤੋ ਔਰ ਸਹੀ। ਪਰ ਸੱਚਾ ਪਿਆਰ ਤਾਂ ਕੇਵਲ ਇਕ ਵਾਰੀ ਹੁੰਦਾ ਹੈ ਔਰ ਇਕ ਨਾਲ ਹੀ ਹੁੰਦਾ ਹੈ। ਜਦੋਂ 108 ਦਾ ਬੁਖਾਰ ਉਤਰ ਗਿਆ ਤਾਂ ਉਤਰ ਗਿਆ ਫਿਰ ਕਦੇ ਨਹੀਂ ਚੜਦਾ।
ਕਈ ਲੋਕ ਸ਼ੋਕ ਸ਼ੌਕ ਵਿੱਚ ਸ਼ਰਾਬ ਪੀਣਾ ਸ਼ੁਰੂ ਕਰਦੇ ਹਨ! ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਪਾਰਟੀ ਵਿੱਚ ਪੀ ਲਈ। ਕਦੇ ਕਿਸੇ ਵਿਆਹ ਸ਼ਾਦੀ ਵਿੱਚ ਮੁਫਦ ਮਿਲ ਗਈ ਅਤੇ ਕਦੇ ਕਿਸੇ ਨੂੰ ਮਜਬੂਰੀ ਵਿੱਚ ਪਿਲਾਉਣੀ ਪੈ ਗਈ। ਹੌਲੀ ਹੌਲੀ ਦਾਰੂ ਪੀਣ ਦੀ ਆਦਤ ਪੈ ਜਾਂਦੀ ਹੈ। ਅੱਜ ਕੱਲ ਕੁਝ ਲੋਕ ਸ਼ਰਾਬ ਪੀਣਾ ਸਟੇਟਸ ਸਿੰਬਲ ਸਮਝ ਕੇ ਸ਼ਰਾਬ ਪੀਣ ਵਿੱਚ ਹੀ ਲੱਗੇ ਹੋਏ ਹਨ। ਕੋਈ ਗਮ ਵਿੱਚ ਪੀ ਰਿਹਾ ਹੈ, ਕੋਈ ਖੁਸ਼ੀ ਵਿੱਚ ਪੀ ਰਿਹਾ ਹੈ, ਕੋਈ ਕਿਸੇ ਨੂੰ ਮਿਲਣ ਕਰਕੇ ਪੀ ਰਿਹਾ ਹੈ, ਕੋਈ ਕਿਸੇ ਦੇ ਵਿਛੋੜੇ ਵਿੱਚ ਪੀ ਰਿਹਾ, ਕੋਈ ਪਿਆਰ ਹੋਣ ਦੇ ਪੀ ਰਿਹਾ ਹੈ ਅਤੇ ਕੋਈ ਪਿਆਰ ਵਿੱਚ ਫਲੋਪ ਹੋਣ ਤੇ ਪੀ ਰਿਹਾ। ਕਈ ਬੰਦੇ ਸਵੇਰੇ ਤੋਂ ਪੀਣਾ ਸ਼ੁਰੂ ਕਰਦੇ ਹਨ ਅਤੇ ਦੇਰ ਰਾਤ ਤੱਕ ਲਗੇ ਰਹਿੰਦੇ ਹਨ। ਉਹਨਾਂ ਨੂੰ ਦੀਨ ਦੁਨੀਆ ਦੀ ਕੋਈ ਖਬਰ ਨਹੀਂ ਹੁੰਦੀ। ਹਾਲ ਉਹੀ ਹੋ ਜਾਂਦਾ ਹੈ ਜਿਵੇਂ ਕਿ ਗੁਰੂ ਦੱਤ ਦੀ ਫਿਲਮ,, ਸਾਹਿਬ, ਬੀਵੀ ਔਰ ਗੁਲਾਮ,, ਵਿੱਚ ਦੇਖਣ ਨੂੰ ਮਿਲਦਾ ਹੈ। ਅੱਜ ਕੱਲ ਲੋਕਾਂ ਨੂੰ ਜਿੱਥੇ ਸ਼ਰਾਬ ਪੀਣ ਨਾਲ 108 ਡਿਗਰੀ ਦਾ ਬੁਖਾਰ ਹੁੰਦਾ ਹੈ ਉੱਥੇ ਸਮੈਕ, ਹੈਰੋਇਨ, ਬਰਾਉਨ ਸ਼ੂਗਰ ਆਦੀ ਨੇ ਤਾਂ ਨੌਜਵਾਨਾਂ ਦਾ ਬੇੜਾ ਗਰਕ ਕਰ ਰੱਖਿਆ ਹੈ। ਕਈ ਵਾਰ ਸ਼ਾਮ ਦੇ ਵੇਲੇ ਸੜਕਾਂ ਤੇ ਇੱਕ ਪਾਸੇ ਜਾਂ ਪਾਰਕਾਂ ਵਿੱਚ ਨਸ਼ੇ ਵਿੱਚ ਧੁੱਤ ਨੌਜਵਾਨ ਲੋਕ ਬੇਸੁਧ ਹੋ ਕੇ ਡਿੱਗੇ ਪਏ ਦੇਖਣ ਨੂੰ ਮਿਲਦੇ ਹਨ। ਐਸੀ ਹਾਲਤ ਵਿੱਚ ਉਹਨਾਂ ਦਾ 108 ਡਿਗਰੀ ਦਾ ਬੁਖਾਰ ਉਹਨਾਂ ਦੇ ਖਾਤਮੇ ਦੇ ਨਾਲ ਹੀ ਉਤਰਦਾ ਹੈ।
108 ਡਿਗਰੀ ਦਾ ਬੁਖਾਰ ਚਾਹੇ ਕਿਸੇ ਕਿਸਮ ਦਾ ਵੀ ਕਿਉਂ ਨਾ ਹੋਵੇ, ਹੈ ਬਹੁਤ ਖਤਰਨਾਕ। ਜਿਵੇਂ ਅਸੀਂ ਆਪਣੀਆਂ ਸਾਰੀਆਂ ਗੱਲਾਂ ਨੂੰ ਕੰਟਰੋਲ ਵਿੱਚ ਰੱਖਦੇ ਹਾਂ ਉਸੇ ਤਰੀਕੇ ਨਾਲ ਅਲਗ ਅਲਗ ਖੇਤਰਾਂ ਵਿੱਚ ਹੋਣ ਵਾਲੇ ਬੁਖਾਰ ਨੂੰ 108 ਡਿਗਰੀ ਤੱਕ ਨਹੀਂ ਪਹੁੰਚਣ ਦੇਣਾ ਚਾਹੀਦਾ ਨਹੀਂ ਤਾਂ ਜਿਹੜਾ ਨਤੀਜਾ ਨਿਕਲਣਾ ਹੈ ਉਸ ਦੇ ਬਾਰੇ ਉੱਪਰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਗਿਆ। ਇਸ ਲਈ ਮੇਰੇ ਪਿਆਰਿਓ 108 ਡਿਗਰੀ ਦੇ ਬੁਖਾਰ ਤੋਂ ਸਾਵਧਾਨ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਵਾਤਾਵਰਣ ਦਿਵਸ-ਰੁੱਖ ਲਗਾਓ