ਮੱਖੀ ਬੱਕਰੀਆਂ ਵਾਲਾ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਅਸੀਂ ਉਦੋਂ ਛੋਟੇ ਛੋਟੇ ਹੁੰਦੇ ਸੀ ਕਿ ਤੜਕੇ ਤੜਕੇ ਇਕ ਭੋਲਾ ਜਿਹਾ ਮੁੰਡਾ ਚਾਚੇ ਦੀ ਬੱਕਰੀਆਂ ਦੀ ਵਾੜੀ ਵਿੱਚੋਂ ਬੱਕਰੀਆਂ ਛੱਡ ਕੇ ਲੈ ਜਾਂਦਾ ਸੀ ਅਤੇ ਫੇਰ ਆਥਣ ਵੇਲੇ ਛੱਡ ਜਾਂਦਾ ਸੀ । ਅਸੀਂ ਸੋਚਦੇ ਸੀ ਕਿ ਇਹ ਸਾਡੀਆਂ ਬੱਕਰੀਆਂ ਨੂੰ ਸਾਰਾ ਦਿਨ ਕਿੱਥੇ ਲੈ ਜਾਂਦਾ ਹੈ ਤੇ ਆਥਣੇ ਕਿਉਂ ਛੱਡ ਜਾਂਦਾ ਹੈ ਉਹਦੇ ਹੱਥ ਵਿੱਚ ਛੋਟੀ ਜਿਹੀ ਢਾਂਗੀ ਹੁੰਦੀ ਅਤੇ ਮੋਢੇ ਵਿੱਚ ਬੋਰੀ ਦਾ ਝੋਲਾ ਪਾਇਆ ਹੁੰਦਾ ਜਿਸ ਵਿੱਚ ਉਹਦੀਆਂ ਪੋਣੇ ਵਿੱਚ ਵਲੇਟੀਆਂ ਰੋਟੀਆਂ ਤੇ ਇੱਕ ਪਿੱਤਲ ਦੀ ਪਤੀਲੀ ਹੁੰਦੀ ਜਿਸਦੇ ਕੁੰਡਾ ਲੱਗਾ ਹੁੰਦਾ ਸੀ।

ਉਹ ਤਾਂ ਜਵਾਂ ਹੀ ਰੱਬ ਦਾ ਭਗਤ ਬੰਦਾ ਸੀ ਅਤੇ ਉਹਦਾ ਪਿਉਂ ਜਿਹਨੂੰ ਸਾਰੇ ਘੱਕੀ ਬੁੜਾ ਆਖਦੇ ਸਨ ਉਂਝ ਉਸਦਾ ਨਾ ਮੇਹਰ ਸਿੰਘ ਸੀ, ਬਹੁਤ ਹੀ ਵੈਡੀ ਬੋਲੀ ਸੀ ਉਹਦੀ ਗਾਲ ਤੋਂ ਬਿਨ੍ਹਾਂ ਗੱਲ ਨਹੀਂ ਕਰਦਾ ਸੀ ਅਤੇ ਬੀੜੀਆਂ ਦੇ ਕਈ ਬੰਡਲ ਦਿਹਾੜੀ ਵਿੱਚ ਪੀ ਜਾਂਦਾ ਸੀ।ਉਂਝ ਬੀੜੀਆਂ ਸਾਡਾ ਚਾਚਾ ਵੀ ਬਹੁਤ ਪੀਦਾਂ ਸੀ ੳਂਝ ਉਸਦਾ ਇੱਕ ਹੱਥ ਕੱਟਿਆ ਹੋਇਆ ਸੀ।ਦਬਕਾ ਬਹੁਤ ਜ਼ੋਰ ਨਾਲ ਮਾਰਦਾ ਸੀ ।

ਇੱਕ ਵਾਰੀ ਦੀ ਗੱਲ ਹੈ ਸਾਡੇ ਘਰ ਦੇ ਕੋਲੋਂ ਦੀ ਇੱਕ ਵੈਨ ਸਵੇਰੇ ਸਵੇਰੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਲੰਘਦੀ ਸੀ ਤੇ ਚਾਚੇ ਨੇ ਉਹਦੇ ਡਰਾਇਵਰ ਨੂੰ ਕਿਹਾ ਕਿ ਵੈਨ ਹੌਲੀ ਲੰਘਾਇਆ ਕਰ ਸਾਡੇ ਜਵਾਕ ਨਿਆਣੇ ਕਈ ਵਾਰ ਭੱਜ ਕੇ ਮੂਹਰੇ ਆ ਜਾਂਦੇ ਆ ਪਰ ਉਹ ਤਾਂ ਅਗਲੇ ਦਿਨ ਇੱਕ ਪੁਲਿਸ ਵਾਲੇ ਨੂੰ ਲੈ ਕੇ ਸਾਡੇ ਘਰ ਆ ਗਿਆ ਚਾਚਾ ਉਦੋਂ ਚਾਹ ਪੀ ਰਿਹਾ ਸੀ ਉਹ ਪੁਲਸੀਆ ਆ ਕੇ ਆਪਣੀ ਵਰਦੀ ਦਾ ਰੌਹਬ ਮਾਰਨ ਲੱਗਾ ਚਾਚੇ ਨੇ ਚਾਹ ਵਾਲਾ ਕੌਲਾ ਉਹਦੇ ਗਲਮੇ ਵਿੱਚ ਪਾ ਦਿੱਤਾ ਉਹ ਤੜਫਦਾ ਹੋਇਆ ਘਰੋਂ ਬਾਹਰ ਹੋ ਗਿਆ। ਚਾਚਾ ਗਾਲ੍ਹਾਂ ਤਾਂ ਭਾਵੇਂ ਮੱਖੀ ਨੂੰ ਵੀ ਬਹੁਤ ਕੱਢ ਜਾਂਦਾ ਸੀ ਪਰ ਉਹ ਤਾਂ ਹੱਸ ਕੇ ਟਾਲ ਦੇਣ ਵਾਲਾ ਰੱਬ ਦਾ ਬੰਦਾ ਸੀ। ਜਦੋਂ ਆਥਣੇ ਘਰ ਆਉਣਾ ਤਾਂ ਚਾਚੇ ਨੇ ਲਾਂਗੀ ਵੱਢ (ਕਿੱਕਰਾਂ ਦੀ ਛਾਂਗ) ਢੀਡੀ ਵਾਲੇ ਰੱਸੇ ਵਿੱਚ ਬੰਨ ਕੇ ਮੱਖੀ ਨੂੰ ਬੱਕਰੀਆਂ ਦੇ ਮਗਰ ਲਾ ਕੇ ਆਪ ਲਾਗੀ ਦਾਂ ਵੱਡਾ ਸਾਰਾ ਪੂਲਾ ਰਾਜੇਆਣੇ ਵਾਲੇ ਪੁਲ ਤੋਂ ਪੈਦਲ ਤੁਰ ਕੇ ਘਰੇ ਲਿਆ ਕੇ ਦਮ ਲੈਂਦਾ ਸੀ ।

ਮੱਖੀ ਨੂੰ ਚਾਚੇ ਨੇ ਛੋਟੇ ਜਿਹੇ ਹੁੰਦੇ ਨੂੰ ਆਪਣੇ ਨਾਲ ਮਾਲ ‘ਤੇ ਲਗਾ ਲਿਆ ਸੀ ਅਤੇ ਉਹਨੂੰ ਵੀ ਦੋ ਬੱਕਰੀਆਂ ਦਿੱਤੀਆ ਹੋਈਆਂ ਸੀ ਜਿਹੜੀਆ ਉਹ ਆਥਣ ਵੇਲੇ ਹੱਕ ਕੇ ਆਪਣੇ ਘਰ ਲੈ ਜਾਂਦਾ ਸੀ।ਉਨ੍ਹਾਂ ਦਿਨਾਂ ਵਿੱਚ ਹਰੇਕ ਘਰ ਵਿੱਚ ਇੱਕ ਦੋ ਬੱਕਰੀਆਂ ਜ਼ਰੂਰ ਹੁੰਦੀਆਂ ਸਨ ਕਿਉਂ ਕਿ ਲੋਕਾਂ ਨੂੰ ਪਤਾ ਸੀ ਕਿ ਬੱਕਰੀ ਦਾ ਦੁੱਧ ਬਹੁਤ ਉੱਤਮ ਚੀਜ਼ ਹੈ , ਬਹੁਤੇ ਘਰ ਉਂਦੋ ਸਵੇਰੇ ਬੱਕਰੀਆਂ ਮਾਲ ਨਾਲ ਰਲਾ ਜਾਂਦੇ ਅਤੇ ਰਾਤ ਵੇਲੇ ਘਰੋਂ ਲੈ ਜਾਂਦੇ ਸਨ ।

ਬਾਹਰ ਬੱਕਰੀਆਂ ਚਰ ਚਰ ਕੇ ਕੁੱਖਾਂ ਕੱਢ ਲੈਂਦੀਆਂ ਸੀ।ਆਥਣ ਵੇਲੇ ਮੱਖੀ ਬੱਕਰੀਆਂ ਦੀ ਧਾਰ ਕਢਾ ਕੇ ਫਿਰ ਆਪਣੇ ਘਰ ਜਾਂਦਾ ਸੀ। ਫੇਰ ਹੋਲੀ ਹੋਲੀ ਮੱਖੀ ਚਾਚਾ ਜਵਾਨ ਹੋ ਗਿਆ ਦਾਹੜੀ ਦੀ ਲੂਈ ਫੁੱਟਣੀ ਸ਼ੁਰੂ ਹੋਈ ਸਰੀਰ ਵੀ ਪਹਿਲਾਂ ਨਾਲੋਂ ਭਰ ਗਿਆ ਪਰ ਸੁਭਾਅ ਹਾਲੇ ਵੀ ਉਂਵੇ ਹੀ ਰਿਹਾ ਹੱਸਮੁੱਖ ਭੋਲਾ ਭਾਲਾ ਰੱਬ ਦੇ ਭਗਤਾਂ ਵਰਗਾ।ਇੱਕ ਵਾਰ ਮੇਰੇ ਚਾਚੇ ਦੇ ਵਿਆਹ ਵੇਲੇ ਕਿਸੇ ਨੇ ਚੱਕ ਚਕਾ ਕੇ ਉਹਨੂੰ ਸਰਵਾਲਾ ਬਣਾ ਦਿੱਤਾ ਸਾਰੀ ਬਰਾਤ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਉਹਨੂੰ ਨੰਦਾਂ ਵੇਲੇ ਆਪਣੀਆਂ ਮੁੱਛਾਂ ਠੀਕ ਕਰਨ ‘ਤੇ ਲਾਈ ਰੱਖਿਆ।

ਪਰ ਕਹਿੰਦੇ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਸਮੇਂ ਦੇ ਤੇਜ਼ ਦੌਰ ਵਿੱਚ ਚਾਚੇ ਮੱਖੀ ਤੋਂ ਉਹਦਾ ਭਰਾਵਾ ਵਰਗਾ ਸਾਡਾ ਚਾਚਾ ਇਸ ਦੁਨੀਆਂ ਤੋਂ ਚਲਾ ਗਿਆ ਤੇ ਨਾਲ ਹੀ ਉਹਦੀਆਂ ਬੱਕੀਆਂ ਵੀ। ਪਰ ਚਾਚੇ ਮੱਖੀ ਨੇ ਵਿਆਹ ਹੋ ਜਾਣ ਤੋਂ ਬਾਦ ਵੀ ਆਪਣੀਆਂ ਹੋਰ ਬੱਕਰੀਆ ਬਣਾ ਲਈਆਂ ਤੇ ਅੱਜ ਵੀ ਢਾਗੀ ਮੋਢੇ ‘ਤੇ ਰੱਖ ਕੇ ਬੱਕਰੀਆਂ ਚਾਰਨ ਜਾਂਦਾ ਹੈ ਤੇ ਉਨ੍ਹਾਂ ਕਿੰਨੇ ਦਰੱਖਤਾਂ ਨਾਲ ਗੱਲਾਂ ਕਰਦਾ ਰਹਿੰਦਾ ਜਿੰਨ੍ਹਾਂ ਦੇ ਛਾਵੇਂ ਆਪਣਾ ਮਾਲ (ਬੱਕਰੀਆਂ) ਬਿਠਾ ਕੇ ਗੁੜ ਵਾਲੀ ਚਾਹ ਨਾਲ ਰੋਟੀਆਂ ਖਾਂਦੇ ਹੁੰਦੇ ਸੀ।ਪਰ ਉਹ ਕਿੰਨ੍ਹੇ ਬੱਕਰੀਆਂ ਵਾਲੇ ਮੱਖੀ ਬੱਕਰੀਆਂ ਵਾਲੇ ਤੋਂ ਸਦਾ ਲਈ ਵਿੱਛੜ ਗਏ।

ਸਤਨਾਮ ਸਮਾਲਸਰੀਆ
9914298580

Previous articleਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਧਰਨੇ ਤੇ ਜਾਣਾ ਆ
Next articleਸਮੁੱਚੇ ਵਿਸ਼ਵ ਲਈ ਚੁਣੌਤੀ ਬਣਿਆ :ਜਲ ਸੰਕਟ