(ਸਮਾਜ ਵੀਕਲੀ)
”ਅੱਜ ਤਾਂ ਬੇਬੇ ਬਾਹਲੀ ਤੋੜਾ ਖੋਹੀ ਜੀ ਕਰੀ ਜਾਂਦੀ ਐ ” ਮਾਂ ਨੇ ਕੰਮ ਤੋਂ ਘਰ ਆਏ ਬਾਪੂ ਨੂੰ ਪਾਣੀ ਦਾ ਕੱਪ ਫੜਾਉਂਦੇ ਹੋਏ ਕਿਹਾ , ਬਾਪੂ ਨੇ ਕੰਡ ਵਾਲਾ ਮੂਕਾ ਸਿਰ ਤੋਂ ਲਹੁਦਿਆਂ ਕਿਹਾ , ਮੈਨੂੰ ਤਾਂ ਆਪ ਰਾਤ ਸੁਪਨੇ ਵਿੱਚ ਸੁੱਕੀਆਂ ਲੱਕੜਾਂ ਦਾ ਗੱਡਾ ਲੱਦਿਆ ਹੋਇਆ ਦਿਸਿਆ ਸੀ , ਅੱਜ ਵੀ ਸਾਰਾ ਦਿਨ ਕੰਮ ਤੇ ਮਨ ਕਾਹਲਾ ਪੈਂਦਾ ਰਿਹਾ ਵੀ ਹੁਣੇ ਹੀ ਘਰੇ ਵਗ ਜਾਂ ਪਰ ਆ ਪਾਪੀ ਪੇਟ ਚੰਦਰਾਂ ਕਿੱਥੇ ਬਹਿਣ ਦਿੰਦਾ ਘਰੇ ” ਚੱਲ ! ਗੱਗੂ ਦੇ ਬਾਪੂ ਆਪਾਂ ਪਤਾ ਲੈ ਆਈਏ ਬੰਦੇ ਦਾ ਕੋਈ ਭਰੋਸਾ ਹੁੰਦੈ , ਬਾਪੂ ਬਿਨ੍ਹਾ ਨਹਾਤਿਆ ਹੀ ਛੋਟੇ ਚਾਚੇ ਦੇ ਘਰ ਬੇਬੇ ਦਾ ਪਤਾ ਲੈਣ ਚਲਿਆ ਗਿਆ।”
ਬੇਬੇ ਦੇ ਮੂੰਹ ਵਿੱਚ ਚਾਚੀ ਚਮਚਿਆਂ ਨਾਲ ਪਾਣੀ ਪਾ ਰਹੀ ਸੀ ਉਹਦੇ ਮੂੰਹ ਵਿੱਚੋਂ ਅੱਧਾ ਪਾਣੀ ਵਰਾਛਾਂ ਥਾਣੀ ਥੱਲੇ ਡੁੱਲ ਜਾਂਦਾ ਕਿਉਂ ਕਿ ਕੁਝ ਦਿਨ ਪਹਿਲਾਂ ਬੇਬੇ ਨੂੰ ਅਧਰੰਗ ਦਾ ਦੋਰਾ ਪੈ ਗਿਆ ਸੀ ਜਿਸ ਕਰਕੇ ਉਹਦਾ ਇੱਕ ਪਾਸਾ ਸਾਰਾ ਹੀ ਖੜ੍ਹ ਗਿਆ ਸੀ। ਬਾਪੂ ਕਿੰਨ੍ਹਾ ਚਿਰ ਆਪਣੀ ਮਾਂ ਨੂੰ ਬੇਬੇ ਬੇਬੇ ਕਹਿ ਕੇ ਬਲਾਉਂਦਾ ਰਿਹਾ ਪਰ ਉਹਨੂੰ ਕੋਈ ਸੁਧ ਬੁੱਧ ਨਹੀਂ ਸੀ । ਉਹ ਕਈ ਦਿਨਾਂ ਦੀ ਐਨੀ ਤੰਗ ਸੀ ਕਿ ਉਹਦੀ ਹਾਲਤ ਦੇਖਕੇ ਹਰ ਕੋਈ ਆਖਦਾ ਰੱਬਾ ਕਿਉਂ ਤਸੀਹੇ ਭਰਾਉਂਦਾ ਵਿਚਾਰੀ ਤੋਂ ਜੇ ਲੈ ਕੇ ਜਾਣੀ ਆ ਤਾਂ ਇਉਂ ਹੀ ਲੈ ਜਾ।ਬਾਪੂ ਆਪਣੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਰਾਲਾ ਸਾਫ ਕਰਦਿਆਂ ਕਿਹਾ , ਉਏ ਰੱਬਾ ! ਜੀਹਨੇ ਆਪਣੀ ਜਿੰਦਗੀ ਵਿੱਚ ਕੁੱਤੇ ਦੇ ਸੋਟੀ ਨੀ ਮਾਰੀ , ਉਹਨੂੰ ਐਨੀ ਕਸ਼ਟ ਕਿਉ ਦੇਈ ਜਾਨਾਂ ਪਤੰਦਰਾ,” ਬਾਪੂ ਦੇ ਇਨ੍ਹਾਂ ਬੋਲਾਂ ਨੇ ਕੋਲ ਬੈਠੇ ਸਾਰੇ ਜੀਆ ਜੰਤ ਨੂੰ ਹੁਬਕੀ ਹੁਬਕੀ ਰੁਆ ਦਿੱਤਾ । ਦੋ ਘੰਟੇ ਬੈਠੇ ਬੇਬੇ ਨੂੰ ਅਸੀਂ ਸਾਰੇ ਨੱਪਦੇ ਘੁੱਟਦੇ ਰਹੇ , ਫੇਰ ਮਾਂ ਅਤੇ ਬਾਪੂ ਘਰ ਚਲੇ ਗਏ ਪਰ ਜੀਅ ਘਰੇ ਆਉਣ ਨੂੰ ਨਾ ਕੀਤਾ ।
ਸਵੇਰੇ ਦੇ ਚਾਰ ਕੁ ਵਜੇ ਸਨ ਗੁਰਦੁਆਰੇ ਦੇ ਪਾਠੀ ਨੇ ਮੁੱਖ ਵਾਕ ਹੀ ਬੋਲਿਆ ਸੀ ਕਿ ਬੇਬੇ ਨੂੰ ਦੋ ਕੁ ਡੂੰਘੇ ਜਿਹੇ ਸਾਹ ਆਏ ਤੇ ਉਹਦੀ ਸਰੀਰ ਦਰਿਆ ਦੇ ਪਾਣੀ ਵਾਂਗ ਸ਼ਾਂਤ ਹੋ ਗਿਆ ਤੇ ਅੱਖਾਂ ਛੱਤਣੇ ਲੱਗ ਈਆਂ।ਸਾਰੇ ਘਰਾਂ ਨੂੰ ਪਤਾ ਲੱਗ ਗਿਆ ਕਿ ਬੇਬੇ ਪੂਰੀ ਹੋ ਗਈ ਐ। ਬੇਬੇ ਭਾਵੇਂ ਨੱਬੇ ਵਰ੍ਹਿਆਂ ਤੋਂ ਉੱਤੇ ਸੀ , ਸੁੱਖ ਨਾਲ ਪੋਤੇ ਪੜੋਤਿਆਂ ਵਾਲੀ ਸੀ । ਪਰ ਘਰ ਦਾ ਜੀਅ ਤਾਂ ਅਕਸਰ ਘਰ ਦਾ ਜੀਅ ਹੀ ਹੁੰਦੈ। ਅਸੀਂ ਸਾਰੇ ਬਹੁਤ ਰੋਏ।ਸਾਰੇ ਸਕੀਰੀਆਂ ਸੱਪਿਆਂ ਚ ਫੋਨ ਲੱਗਣੇ ਸ਼ੁਰੂ ਹੋ ਗਏ ਅਤੇ ਘਰ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ। ਲੋਕ ਕਹਿਣ ਛੇਤੀ ਕਰੋ ਭਾਈ ਉਤੋਂ ਆਹ ਭਿਆਨਕ ਬਿਮਾਰੀ ਫੈਲੀ ਹੋਈ ਹੈ ,ਕਹਿੰਦੇ ਪੁਲਿਸ ਵਾਲੇ ਬਾਹਲਾ ਕੱਠ ਨੀ ਹੋਣ ਦਿੰਦੇ। ਦੋ ਕੁ ਘੰਟਿਆਂ ਵਿੱਚ ਬੇਬੇ ਨੂੰ ਨਵਾਉਣ ਦੀ ਤਿਆਰੀ ਹੋ ਗਈ , ਅਸੀਂ ਬੇਬੇ ਦਾ ਮੰਜਾ ਬੁੜੀਆਂ ਦੇ ਕੋਲ ਕਰ ਦਿੱਤਾ। ਏਨੇ ਨੂੰ ਇੱਕ ਦਿਨ ਨੂੰ ਵਿੰਨਦੀ ਹੋਈ ਅਵਾਜ਼ ਕੰਨਾਂ ਵਿੱਚ ਪਈ ਜਿਹਦੇ ਵੈਣਾਂ ਨੇ ਧੁਰ ਅੰਦਰ ਤੱਕ ਵਿੰਨ ਕੇ ਰੱਖ ਦਿੱਤਾ ਹੋਲੀ ਹੌਲੀ ਇਹ ਨੇੜੇ ਆਉਂਦੀ ਜਾਂਦੀ ਸੀ ।
ਜਦ ਦੇਖਿਆ ਤਾਂ ਇਹ ਮੇਰੀ ਭੁਆ ਸੀ ਜਿਹੜੇ ਆਪਣੀ ਮਾਂ ਸਮੇਤ ਆਪਣੇ ਦੋ ਜਵਾਨ ਭਰਾਵਾਂ ਅਤੇ ਜਵਾਨ ਭਤੀਜੇ ਨੂੰ ਵੈਣ ਪਾ ਪਾ ਕੇ ਰੋ ਰਹੀ ਸੀ, ” ਨੀ ਤੂੰ ਆਪਣੇ ਪੁੱਤਾਂ ਦੇ ਵਿਛੋੜੇ ਦਾ ਗਮ ਅੰਦਰੇ ਅੰਦਰ ਲੈ ਕੇ ਤੁਰ ਗਈ ਨੀ ਅਮੜੀਏ ! ਨੀ ਮਾਂ ਤੂੰ ਮੈਨੁੂੰ ਘੜੀ ਪਲ ਡੀਕ ਲੈਂਦੀ ਨੀ ਮੇਰੀਏ ਅਮੜੀਏ।ਖੂਨ ਦਾ ਰਿਸ਼ਤਾ ਬਹੁਤ ਅਜੀਬ ਕਿਸਮ ਦਾ ਹੁੰਦੈ ਹੈ ਇਹ ਆਵਦਿਆਂ ਦੇ ਹੰਝੂਆਂ ਨੂੰ ਸਹਾਰ ਨਹੀਂ ਸਕਦਾ ਭੂਆ ਦੇ ਇਹ ਵੈਣ ਸੁਣ ਭਾਪੇ ਸਮੇਤ ਹੋਰ ਮੇਰੇ ਚਾਚੇ , ਚਾਚੀਆਂ ਤੇ ਅਸੀਂ ਭੁੱਬਾਂ ਮਾਰ ਮਾਰ ਰੌਣ ਲੱਗੇ , ਜਿਹੜੇ ਹੰਝੂ ਕੁਝ ਘੰਟੇ ਪਹਿਲਾਂ ਸ਼ਾਂਤ ਹੋ ਗਏ ਸਨ ਇੱਕ ਵਾਰ ਫੇਰ ,ਪਰਨਾਲਿਆਂ ਵਾਂਗ , ਵਹਿਣ ਲੱਗੇ , ਭੂਆ ਆਪਣਾ ਆਪ ਖਪਾ ਕੇ ਬੇਬੇ ਨੂੰ ਨਹਾਉਣ ਲੱਗੀ। ਮੈਂ ਰੌਂਦੇ ਹੋਏ ਨੇ ਭੂਆ ਨੂੰ ਕਿਹਾ ਭੁੂਆ ਮੈਨੂੰ ਬੇਬੇ ਤੇ ਪਾਣੀ ਪਾ ਲੈਣ ਦਿਉ , ਬੇਬੇ ਮੈਨੂੰ ਜਿਉਂਦੀ ਹੋਈ ਕਹਿੰਦੀ ਹੁੰਦੀ ਸੀ ਜਦ ਮੈਂ ਮਰ ਗਈ ਤਾਂ ਸੱਤੇ ਮੈਨੂੰ ਤੂੰ ਨਹਾਈ ਪੁੱਤ। ਉਹਨੇ ਮੇਰੇ ਤੋਂ ਪਾਣੀ ਦੇ ਦੋ ਕੱਪ ਬੇਬ ਤੇ ਪੁਵਾ ਦਿੱਤੇ।ਜਦ ਸਾਰੇ ਕਿਰਿਆ ਕਰਮ ਤੋਂ ਬਾਅਦ ਬੇਬੇ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾਇਆ ਗਿਆ ਤਾਂ ਮੇਰੀ ਤਾਈ ਆਪਣਾ ਆਪ ਖੋ ਬੈਠੀ ਉਹਦੇ ਦਿਲ ਵਿੰਨਵੇ ਵੈਣ ਇੱਕ ਵਾਰ ਫਿਰ ਸੀਨਾ ਚੀਰ ਕੇ ਲੈ ਗਏ , ਬੇਬੇ ਦੇ ਦੋ ਪੁੱਤ ਅਤੇ ਇੱਕ ਪੋਤਾ ਅਤੇ ਪਤੀ ਮਰ ਚੁੱਕੇ ਸਨ।
ਤਾਈ ਨੇ ਬੇਬੇ ਦਾ ਮੂੰਹ ਦੇਖਦਿਆਂ ਆਪਣੇ ਮਰ ਚੁੱਕੇ ਪਤੀ ਅਤੇ ਪੁੱਤ ਨੂੰ ਯਾਦ ਕੀਤਾ । ਉਹਦੇ ਵੈਣਾਂ ਦੇ ਬੋਲ ਅੰਬਰ ਪਾੜ ਪਾੜ ਕੰਨਾਂ ਵਿੱਚ ਗੂੰਜ ਰਹੇ ਸਨ , ਵੇ ਚੰਨ ਤੂੰ ਆਪਣੀ ਮਾਂ ਦਾ ਜਾਂਦੀ ਵਾਰ ਦਾ ਮੂੰਹ ਵੇਖ ਲੈਦਾਂ ਵੇ ਬਾਹਲੀਆਂ ਕਾਹਲੀਆਂ ਕਰਨ ਵਾਲਿਆਂ ਚੰਨਾਂ , ਵੇ ਤੂੰ ਦਾਦੀ ਮਰਦੀ ਦੇ ਮੂੰਹ ਪਾਣੀ ਪਾ ਦਿੰਦਾ ਵੇ ਦੇਸ਼ਾਂ ਦੇ ਰਾਜਿਆ ਪੁੱਤਾ , ਹਏ, ਸਾਡੇ ਘਰ ਦੇ ਸਾਰੇ ਮੈਂਬਰ ਇੱਕ ਵਾਰ ਫਿਰ ਤਾਈ ਦੇ ਇਨ੍ਹਾਂ ਡੂੰਘੇ ਵੈਣਾਂ ਨਾਲ ਭੁੱਬਾਂ ਮਾਰ ਮਾਰ ਰੌਣ ਲੱਗੇ , ਹੁੰਝੂ ਆਪਣੇ ਆਪ ਬੇਰੋਕ ਵਹਿੰਦੇ ਰਹਿ ਜਾ ਰਹੇ ਸਨ , ਬਥੇਰਾ ਮਨ ਨੂੰ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਰੋਣਾਂ ਪਰ ਮਨ ਫੇਰ ਉੱਛਲ ਉੱਛਲ ਪੈੈੈਦਾਂ। ਹੋਰ ਕਿੰਨੇ ਹੀ ਲੋਕ ਸ਼ਮਸ਼ਾਨ ਘਾਟ ਵਿੱਚ ਕੰਨ੍ਹਾਂ ਨੂੰ ਫੋਨ ਲਾਈ ਹੱਸ ਹੱਸ ਗੱਲਾਂ ਕਰ ਰਹੇ ਸਨ । ਤਾਈ ਆਪਣਾ ਆਪ ਖਪਾ ਕੇ ਉਠ ਬੈਠੀ ਤੇ ਬੇਬੇ ਨੂੰ ਚਿਖਾ ਵਿੱਚ ਪਾ ਕੇ ਲਾਬੂ ਲਾ ਦਿੱਤਾ ਅਤੇ ਪਹਿਲਾਂ ਕਈ ਵਾਰੀ ਵਾਂਗ ਅਸੀਂ ਆਪਣਾ ਪਰਿਵਾਰ ਦਾ ਜੀਅ ਤੋਰ ਕੇ ਘਰ ਵਾਪਸ ਮੁੜ ਆਏ।
ਸਤਨਾਮ ਸਮਾਲਸੀਆ
ਸੰਪਰਕ: 9914298580
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly