(ਸਮਾਜ ਵੀਕਲੀ
ਰਮਾ ਬਾਰ੍ਹਵੀਂ ਕਲਾਸ ਪਾਸ ਕਰਕੇ ਪੜ੍ਹਨੋਂ ਹਟ ਗਈ ਸੀ ਕਿਉਂਕਿ ਕਾਲਜ ਦੀ ਪੜ੍ਹਾਈ ਲਈ ਮਾਂ ਬਾਪ ਕੋਲ ਪੈਸੇ ਦੀ ਗੁੰਜਾਇਸ਼ ਨਹੀਂ ਸੀ। ਦੋਹਾਂ ਭਰਾਵਾਂ ਤੋਂ ਵੱਡੀ ਰਮਾ ਆਪਣੇ ਮਾਂ ਬਾਪ ਦੀ ਮਜਬੂਰੀ ਚੰਗੀ ਤਰ੍ਹਾਂ ਸਮਝਦੀ ਸੀ ।ਰਮਾ ਇੱਕ ਲਾਇਕ ਤੇ ਸਮਝਦਾਰ ਲੜਕੀ ਸੀ ।ਆਪਣੀ ਪੜ੍ਹਾਈ ਦੌਰਾਨ ਉਸਨੇ ਘਰੇਲੂ ਕੰਮ ਜਿਵੇਂ ਸਲਾਈ ਕਢਾਈ ਸਭ ਕੁਝ ਸਿੱਖ ਲਿਆ। ਉਸ ਨੇ ਜਲਦ ਹੀ ਆਪਣੇ ਮਾਂ ਬਾਪ ਦਾ ਹੱਥ ਵਟਾਉਣ ਲਈ ਇੱਕ ਪ੍ਰਾਈਵੇਟ ਕੰਪਨੀ ‘ਚ ਨੌਕਰੀ ਕਰ ਲਈ। ਥੋੜ੍ਹੀ ਜਿਹੀ ਤਨਖਾਹ ਮਿਲਣ ਤੇ ਵੀ ਉਹ ਸਕੂਨ ‘ਚ ਰਹਿੰਦੀ ਕਿਉਂਕਿ ਉਹ ਆਪਣੇ ਮਾਂ ਬਾਪ ਦਾ ਸਹਾਰਾ ਬਣ ਗਈ ਸੀ।
ਦੋਵੇਂ ਛੋਟੇ ਭਰਾ ਸਕੂਲ ਦੀ ਪੜ੍ਹਾਈ ਕਰ ਰਹੇ ਸਨ। ਉਸ ਦਾ ਬਾਪ ਵੀ ਕਿਸੇ ਦੁਕਾਨ ਤੇ ਛੋਟੀ ਜਿਹੀ ਨੌਕਰੀ ਕਰਦਾ ਸੀ। ਮਾਂ ਭਾਵੇਂ ਆਪਣੀ ਧੀ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ ਪਰ ਉਹ ਮਜਬੂਰ ਸੀ। ਆਰਥਿਕ ਤੰਗੀ ਨੇ ਉਸ ਨੂੰ ਦਿਲ ਤੇ ਪੱਥਰ ਰੱਖ ਕੇ ਜਿਊਣ ਦੀ ਜਾਂਚ ਸਿਖਾ ਦਿੱਤੀ ਸੀ। ਛੋਟੀ ਉਮਰ ਦੀ ਧੀ ਅੱਠ ਦੱਸ ਘੰਟੇ ਡਿਊਟੀ ਕਰਕੇ ਥੱਕ ਜਾਂਦੀ। ਘਰ ਦਾ ਰੋਟੀ ਟੁੱਕ ਰਮਾ ਦੀ ਮਾਂ ਆਪ ਹੀ ਕਰ ਲੈਂਦੀ । ਘਰ ਦੇ ਕੰਮ ਦਾ ਬਹੁਤਾ ਬੋਝ ਉਹ ਧੀ ਤੇ ਨਾ ਪਾਉਂਦੀ। ਜਵਾਨ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਦੋਹਾਂ ਜੀਆਂ ਨੂੰ ਵੱਢ ਵੱਢ ਖਾਂਦੀ ।
ਸਮਾਂ ਬੀਤਦਾ ਰਿਹਾ … ਇੱਕ ਦਿਨ ਰਮਾ ਦਾ ਰਿਸ਼ਤਾ ਨੇਡ਼ਲੇ ਸ਼ਹਿਰ ਸੁਖਰਾਜ ਨਾਂ ਦੇ ਲੜਕੇ ਨਾਲ ਹੋ ਗਿਆ ।ਸੁਖਰਾਜ ਦੇ ਘਰਦਿਆਂ ਮੁਤਾਬਕ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਸੀ ਤੇ ਇਕ ਦੁਕਾਨ ਚਲਾਉਂਦਾ ਸੀ।
ਛੇਤੀ ਰਮਾ ਦਾ ਵਿਆਹ ਹੋ ਗਿਆ। ਮਾਂ ਬਾਪ ਨੇ ਵੀ ਮਸਾ ਸਿਰੋਂ ਭਾਰ ਲਾਹਿਆ ਸੀ ਰਮਾ ਦੇ ਵਿਆਹ ਕਰਕੇ। “ਕੁੜੀ ਆਵਦੇ ਘਰ ਗਈ। ਮੁੰਡਿਆਂ ਦਾ ਆਪੇ ਹੁੰਦਾ ਫਿਰੂ।” ਰਮਾ ਦੀ ਮਾਂ ਆਵਦੇ ਘਰਵਾਲੀ ਨੂੰ ਇਹ ਕਹਿ ਛੱਡਦੀ।
ਸਹੁਰੇ ਘਰ ਵਿਆਹੀ ਆਈ ਰਮਾ ਅਧੂਰੀਆਂ ਸੱਧਰਾਂ ਤੇ ਚਾਂਵਾ ਦੀ ਪੂਰਤੀ ਦੇ ਸੁਪਨੇ ਵੇਖਣ ਲੱਗੀ।
ਦਿਨ ਲੰਘਦੇ ਗਏ…
ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਰਮਾ ਦੇ ਵਿਆਹ ਹੋਏ ਨੂੰ ਦੋ ਕੁ ਮਹੀਨੇ ਹੋ ਗਏ ਸਨ। ਇੱਕ ਰਾਤ ਰਮਾ ਦਾ ਪਤੀ ਸੁਖਰਾਜ ਬਾਥਰੂਮ ਗਿਆ ਰਮਾ ਦੇ ਕਾਫੀ ਇੰਤਜ਼ਾਰ ਕਰਨ ਤੇ ਵੀ ਉਹ ਵਾਪਸ ਨਾ ਆਇਆ। ਰਮਨ ਥੋੜ੍ਹੀ ਬੇਚੈਨ ਜਿਹੀ ਹੋ ਗਈ। ਆਖਰ ਬਾਥਰੂਮ ਵਿਚ ਏਨਾ ਚਿਰ …ਇਹ ਸੋਚ ਕੇ ਤਰ੍ਹਾਂ ਤਰ੍ਹਾਂ ਦੇ ਖਿਆਲ ਉਸ ਦੀ ਮਨ ਵਿੱਚ ਆਉਣ ਲੱਗੇ ।ਉਸ ਨੇ ਬਾਥਰੂਮ ਦਾ ਦਰਵਾਜ਼ਾ ਖਡ਼ਖਡ਼ਾਇਆ ਪਰ ਕੋਈ ਆਵਾਜ਼ ਅੰਦਰੋਂ ਨਾ ਆਈ।ਉਸ ਦੀ ਬੇਚੈਨੀ ਘਬਰਾਹਟ ਵਿੱਚ ਤਬਦੀਲ ਹੋ ਗਈ। ਪਰਿਵਾਰ ਦੇ ਹੇਠਾਂ ਆਪਣੇ ਕਮਰਿਆਂ ‘ਚ ਸਨ।
ਉਸ ਨੇ ਬਾਥਰੂਮ ਦਾ ਦਰਵਾਜ਼ਾ ਜ਼ੋਰ ਜ਼ੋਰ ਨਾਲ ਹਿਲਾਉਣਾ ਸ਼ੁਰੂ ਕੀਤਾ। ਅਚਨਚੇਤ ਦਰਵਾਜ਼ੇ ਦੀ ਕੁੰਡੀ ਖੁੱਲ੍ਹ ਗਈ ।ਆਪਣੇ ਪਤੀ ਦੀ ਹਾਲਤ ਦੇਖ ਕੇ ਰਮਾ ਦੇ ਹੋਸ਼ ਉੱਡ ਗਏ ।ਮੂਧੇ ਮੂੰਹ ਡਿੱਗਿਆ ਸੁਖਰਾਜ ਤੇ ਬਾਂਹ ਵਿਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਲੱਗੀ ਹੋਈ ਸੀ। ਰਮਾ ਦੇ ਪੈਰਾਂ ਥੱਲੋਂ ਜ਼ਮੀਨ ਖਿਸਕਣ ਲੱਗੀ। ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਮਨ ਹੀ ਮਨ ਵਿੱਚ ਉਸ ਦੇ ਡੈਡੀ ਦੇ ਬੋਲ ਉਸਨੂੰ ਯਾਦ ਆਏ। ਲੜਕਾ ਕੋਈ ਨਸ਼ਾ ਨਹੀਂ ਕਰਦਾ। ਅਸੀਂ ਸਾਰੀ ਪਡ਼ਤਾਲ ਕਰ ਲਈ ਹੈ ਪਰ ਇੰਨਾ ਵੱਡਾ ਧੋਖਾ ਮੇਰੇ ਤੇ ਮੇਰੇ ਪਰਿਵਾਰ ਵਾਲਿਆਂ ਨਾਲ ,,,ਉਸ ਨੇ ਹੁਸ਼ਿਆਰੀ ਨਾਲ ਦਿਮਾਗ਼ ਵਰਤਿਆ। ਆਪਣੇ ਮੋਬਾਈਲ ਤੋਂ ਸੁਖਰਾਜ ਦੀ ਵੀਡੀਓ ਬਣਾ ਲਈ ਤੇ ਬੇਹੋਸ਼ ਪਤੀ ਨੂੰ ਮੋਢੇ ਦੇ ਸਹਾਰੇ ਨਾਲ ਬੈੱਡ ਤੇ ਪਾਇਆ ਤੇ ਹੇਠਾਂ ਸੱਸ ਸਹੁਰੇ ਕੋਲ ਗਈ।
ਉਸ ਦਾ ਗੁੱਸਾ ਫੁੱਟ ਪਿਆ ਉੱਚੀ ਉੱਚੀ ਬੋਲਣ ਲੱਗੀ ਤੁਸੀਂ ਧੋਖਾ ਕੀਤਾ ਹੈ ਸਾਡੇ ਨਾਲ, ਤੁਸੀਂ ਝੂਠ ਬੋਲਿਆ ਮੇਰੇ ਪਰਿਵਾਰ ਨੂੰ,, ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸ ਦੇ ਬੋਲ ਸੁਣ ਕੇ ਉਸ ਦੀ ਸੱਸ ਨਾਂਹ ਨੁੱਕਰ ਕਰਨ ਲਗੀ ਕਿ ਇਹ ਨਹੀਂ ਹੋ ਸਕਦਾ ,ਇਹਨੇ ਤਾਂ ਕਦੇ ਹੱਥ ਹੀ ਨਹੀਂ ਲਾਇਆ ਕਿਸੇ ਨਸ਼ੇ ਨੂੰ ,,ਉਸ ਨੇ ਝੱਟ ਵੀਡੀਓ ਦਿਖਾ ਦਿੱਤੀ ਸਭ ਦੀ ਬੋਲਤੀ ਬੰਦ ਹੋ ਗਈ। ਸਹੁਰੇ ਪਰਿਵਾਰ ਨੇ ਪੁੱਤ ਦਾ ਬਚਾਅ ਕਰਦਿਆਂ ਕਿਹਾ ਅੱਜ ਪਹਿਲੀ ਵਾਰੀ ਹੀ ਹੋਇਆ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰਮਾਂ ਦਾ ਗੁੱਸਾ ਹੋਰ ਵਧ ਗਿਆ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਤੇ ਸੁਖਰਾਜ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਰਿਹਾ।
ਮਾਪਿਆਂ ਦੀ ਮਜਬੂਰੀ ਨੇ ਰਮਾ ਨੂੰ ਬਹੁਤ ਕੁਝ ਸਿਖਾ ਦਿੱਤਾ। ਉਹ ਹਰ ਤਰ੍ਹਾਂ ਇਸ ਗੱਲ ਨੂੰ ਮਾਂ ਬਾਪ ਤੋਂ ਛੁਪਾ ਕੇ ਰੱਖਣਾ ਚਾਹੁੰਦੀ ਸੀ। ਮਾਪਿਆਂ ਨੂੰ ਭਿਣਕ ਤਕ ਨਹੀਂ ਸੀ ਪੈਣ ਦਿੱਤੀ ਉਸ ਨੇ ਉਹ ਇਕ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹ ਹਰ ਤਰ੍ਹਾਂ ਇਸ ਵੇਲੇ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਰਹਿੰਦੀ। ਹਰ ਵਾਰ ਉਹ ਬਨਾਉਟੀ ਜਿਹੇ ਚਿਹਰੇ ਨਾਲ ਪੇਕੇ ਜਾ ਆਉਂਦੀ ਪਰ ਅੰਦਰੋ ਅੰਦਰ ਧੁੱਖਦੀ ਰਹਿੰਦੀ। ਰਮਾ ਦੇ ਮਾਪੇ ਬੇਖ਼ਬਰ ਸਨ। ਰਮਾ ਕਦੇ ਵਖਤ ਨੂੰ ਕੋਸਦੀ,, ਕਦੇ ਕਿਸਮਤ ਨੂੰ । ਉਸ ਦੀਆਂ ਸੱਧਰਾਂ ਸੁਪਨੇ ਸਭ ਖੰਭ ਲਾ ਕੇ ਉੱਡ ਗਏ । ਜ਼ਿੰਦਗੀ ਦੀ ਹਕੀਕਤ ਨੇ ਉਸ ਨੂੰ ਅੰਦਰੋਂ ਮਾਰ ਮੁਕਾਇਆ ਉਸ ਦੇ ਚਿਹਰੇ ਦੀ ਰੌਣਕ ਪੂਰੀ ਤਰ੍ਹਾਂ ਗੁੰਮ ਹੋ ਗਈ ਸੀ।
ਅੱਜ ਜਦੋਂ ਉਹ ਸੁਖਰਾਜ ਨਾਲ ਆਪਣੇ ਪੇਕੇ ਗਈ ਤਾਂ ਮੁਰਝਾਇਆ ਹੋਇਆ ਚਿਹਰਾ ਵੇਖ ਮਾਂ ਨੇ ਉਸ ਤੋਂ ਕਾਰਨ ਪੁੱਛਣਾ ਚਾਹਿਆ ਤਾਂ ਬਨਾਉਟੀ ਹਾਸੇ ਨਾਲ ਉਸਨੇ ਮਾਂ ਨੂੰ ਟਾਲਣਾ ਚਾਹਿਆ… ਪਰ ਮਾਂ ਤਾਂ ਆਖ਼ਰ ਮਾਂ ਹੈ… ਉਸ ਨੇ ਰਮਾ ਨੂੰ ਅਲੱਗ ਕਮਰੇ ‘ਚ ਬੁਲਾਇਆ ਤੇ ਪੁਛਿਆ ਸਭ ਠੀਕ ਤਾਂ ਹੈ,,, ਪੁੱਤ ਸੱਚ ਸੱਚ ਦੱਸ ਦੇ ਸਹੁਰੇ ਠੀਕ ਹੈ, ਕੋਈ ਤਕਲੀਫ ਤਾਂ ਨਹੀਂ , “ਨਹੀਂ ਨਹੀਂ ਸਭ ਠੀਕ ਹੈ,, ਕੋਈ ਗੱਲ ਨਹੀਂ ਸਭ ਠੀਕ ਚੱਲ ਰਿਹਾ” ਰਮਾ ਨੇ ਫੇਰ ਸਭ ਕੁਝ ਲੁਕੋਣਾ ਚਾਹਿਆ ਮੇਰੇ ਸਿਰ ਤੇ ਹੱਥ ਰੱਖ ਕੇ ਕਹਿ ਪੁੱਤ ਸਭ ਕੁਝ ਠੀਕ ਹੈ ਮਾਂ ਨੇ ਫਿਰ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਰਮਾ ਹੁਣ ਮਾਂ ਦੇ ਗਲ ਨਾਲ ਚਿੰਬੜ ਗਈ ।
ਰਮਾ ਦਾ ਅੰਦਰਲਾ ਦਰਦ ਹੰਝੂ ਬਣ ਮਾਂ ਦੇ ਮੋਢਿਆਂ ਤੇ ਆਣ ਡਿੱਗਿਆ। ਮਾਂ ਦੇ ਗਲ ਲੱਗ ਕੇ ਉਹਨੇ ਸਭ ਕੁਝ ਬਿਆਨ ਕਰ ਦਿੱਤਾ। ਪਲਾਂ ਵਿੱਚ ਰਮਾ ਦੇ ਚਿਹਰੇ ਤੋਂ ਬਨਾਉਟੀ ਮਖੌਟਾ ਉਤਰ ਗਿਆ। ਉਸ ਨੂੰ ਆਪਣਾ ਆਪ ਹਲਕਾ ਮਹਿਸੂਸ ਹੋਣ ਲੱਗਾ ਜਿਵੇਂ ਮਾਂ ਦੀ ਬੁੱਕਲ ਨੇ ਉਸ ਦੇ ਸਾਰੇ ਦਰਦ ਛੁਪਾ ਲਏ ਹੋਣ।
ਸਮਾਂ ਬੀਤਣ ਨਾਲ ਰਮਾ ਦੇ ਘਰ ਪੁੱਤਰ ਨੇ ਜਨਮ ਲਿਆ ।ਪੇਕੇ ਘਰ ਹੋਈ ਜਣੇਪੇ ਤੋਂ ਬਾਅਦ ਰਮਾ ਨੇ ਇਕ ਸ਼ਰਤ ਸਹੁਰਿਆਂ ਦੇ ਅੱਗੇ ਰੱਖ ਦਿੱਤੀ ਕਿ ਜਦ ਤੱਕ ਸੁਖਰਾਜ ਨਸ਼ਾ ਨਹੀਂ ਛੱਡਦਾ ਤਦ ਤਕ ਉਹ ਆਪਣੇ ਪੇਕੇ ਘਰ ਰਹੇਗੀ। ਭਾਵੇਂ ਰਮਾ ਲਈ ਵੀ ਇਹ ਸਮਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਉਹ ਸੁਖਰਾਜ ਨੂੰ ਸਹੀ ਰਸਤੇ ਲਿਆਉਣਾ ਚਾਹੁੰਦੀ ਸੀ। ਆਪਣੇ ਪੁੱਤਰ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਕੈ ਜ਼ਿੰਦਗੀ ਚੋਂ ਖ਼ੁਸ਼ੀਆਂ ਨੂੰ ਤਲਾਸ਼ਦੀ। ਬੜੀਆਂ ਉਮੀਦਾਂ ਨਾਲ ਉਸ ਨੇ ਪੇਕੇ ਘਰ ਡੇਢ ਦੋ ਸਾਲ ਕੱਢ ਲਏ ।
ਸਮੇਂ ਨੇ ਕਰਵਟ ਲਈ ਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਲੈਣ ਲਈ ਆ ਗਿਆ। ਸੁਖਰਾਜ ਨੇ ਨਸ਼ੇ ਦੀ ਡੋਜ਼ ਘੱਟ ਜ਼ਰੂਰ ਕਰ ਦਿੱਤੀ ਸੀ ਪਰ ਬੰਦ ਨਹੀਂ ਸੀ ਕੀਤੀ ।ਉਸ ਨੇ ਰਮਾ ਨੂੰ ਸਭ ਕੁਝ ਸੱਚ ਦੱਸ ਦਿੱਤਾ ਅਤੇ ਨਸ਼ਾ ਛੱਡਣ ਦਾ ਵਾਅਦਾ ਕਰ ਉਸ ਨੇ ਰਮਾ ਨੂੰ ਭਰੋਸੇ ਵਿੱਚ ਲਿਆ ਤੇ ਰਮਾ ਸਹੁਰੇ ਘਰ ਆ ਗਈ । ਰਮਾ ਜ਼ਿੰਦਗੀ ਦਾ ਸੰਘਰਸ਼ ਹਾਰਨਾ ਨਹੀਂ ਸੀ ਚਾਹੁੰਦੀ। ਉਹ ਸੁਖਰਾਜ ਨੂੰ ਬਹੁਤ ਸਮਝਾਉਂਦੀ ਰਹਿੰਦੀ । ਸੁਖਰਾਜ ਦੀ ਸਹਿਮਤੀ ਨਾਲ ਉਸ ਨੇ ਬੁਟੀਕ ਦਾ ਕੰਮ ਸਿੱਖ ਲਿਆ ਅਤੇ ਆਪਣਾ ਕੰਮ ਕਰ ਲਿਆ। ਹੌਲੀ ਹੌਲੀ ਸੁਖਰਾਜ ਨੇ ਨਸ਼ੇ ਤੋਂ ਦੂਰੀ ਬਣਾ ਲਈ।
ਰਮਾ ਦੀ ਸੂਝ ਤੇ ਸਿਆਣਪ ਨੇ ਜ਼ਿੰਦਗੀ ‘ਚ ਨਵਾਂ ਰੰਗ ਭਰਨਾ ਸ਼ੁਰੂ ਕਰ ਦਿੱਤਾ। ਰਮਾ ਦਾ ਪੁੱਤਰ ਹੁਣ ਛੇ ਸੱਤ ਵਰ੍ਹਿਆਂ ਦਾ ਹੋ ਗਿਆ। ਉਹ ਜਦ ਵੀ ਬੁਟੀਕ ਦੇ ਕੰਮ ਲਈ ਘਰੋਂ ਬਾਹਰ ਨਿਕਲਦੀ ਤਾਂ ਦੁਨੀਆਂ ਦੀ ਸ਼ੱਕੀ ਨਜ਼ਰਾਂ ਤੋਂ ਬਚਣ ਲਈ ਆਪਣੇ ਪੁੱਤਰ ‘ਸਹਿਜ’ ਨੂੰ ਆਪਣੇ ਨਾਲ ਲੈ ਕੇ ਜਾਂਦੀ। ਆਪਣੇ ਘਰ ਵਸਾਉਣ ਦੇ ਟੀਚੇ ਨੂੰ ਉਸ ਨੇ ਸਰ ਕਰ ਲਿਆ ਸੀ। ਉਸ ਨੇ ਸਮਝ ਲਿਆ ਸੀ ਕਦੇ ਹੰਝੂਆਂ ਦੀ ਬਰਸਾਤ ਤੇ ਕਦੇ ਹਾਸਿਆਂ ਦੀ ਫੁਹਾਰ ਇਹੀ ਹਨ ਅਸਲੀ ਜ਼ਿੰਦਗੀ ਦੇ ਪੈਂਡੇ….। ਇਨ੍ਹਾਂ ਦੋਹਾਂ ਬਿਨਾਂ ਜ਼ਿੰਦਗੀ ਅਧੂਰੀ ਹੈ।
ਗੁਰਜੀਤ ਕੌਰ ਮੋਗਾ