(ਸਮਾਜ ਵੀਕਲੀ)
ਜ਼ਿੰਦਗੀ ਦਾ ਦੂਜਾ ਨਾਂ ਸੰਘਰਸ਼ ਹੈ। ਦੁੱਖ ਅਤੇ ਸੁੱਖ ਜ਼ਿੰਦਗੀ ਦੇ ਦੋ ਅਜਿਹੇ ਪਹਿਲੂ ਹਨ ਜਿਨ੍ਹਾਂ ਤੇ ਹਮੇਸ਼ਾ ਜ਼ਿੰਦਗੀ ਟਿਕੀ ਰਹਿੰਦੀ ਹੈ ।ਭਾਵ ਨਾ ਦੁੱਖ ਹਮੇਸ਼ਾ ਰਹਿੰਦੇ ਤੇ ਨਾਂ ਸੁੱਖ। ਬੰਦੇ ਨੂੰ ਜਿਗਰਾ ਬਣਾ ਕੇ ਰੱਖਣਾ ਚਾਹੀਦਾ ਹੈ।ਜਿਸ ਕੋਲ ਸਬਰ ,ਸੰਤੋਖ, ਹੌਸਲਾ ਹੈ ਉਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ।
ਇਨ੍ਹਾਂ ਦੇ ਬਲਬੂਤੇ ਹੀ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਕੇ ਚੜ੍ਹਦੀ ਕਲਾ ‘ਚ ਰਹਿ ਸਕਦੇ ਹਾਂ। ਚਿੰਤਾ, ਫ਼ਿਕਰਾਂ ਵਿੱਚ ਡੁੱਬ ਕੇ ਜ਼ਿੰਦਗੀ ਨੂੰ ਨੀਰਸ ਨਹੀਂ ਬਣਾਉਣਾ ਚਾਹੀਦਾ। ਮਾਨਸਿਕ ਖੜੋਤ ਕਈ ਪ੍ਰੇਸ਼ਾਨੀਆਂ ਪੈਦਾ ਕਰਦੀ ਹੈ ।ਆਪਣੇ ਵਿਚਾਰਾਂ ਨੂੰ ਬਦਲਣਾ ਚਾਹੀਦਾ ਹੈ ।ਉੱਚੇ ਵਿਚਾਰ, ਉੱਚੀ ਸੋਚ, ਬਿਬੇਕ ਬੁੱਧ ਇਹ ਬਦਲਾਅ ਹੀ ਜ਼ਿੰਦਗੀ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਬਦਲ ਸਕਦਾ ਹੈ।
ਆਪਣੀਆਂ ਇਛਾਵਾਂ ਨੂੰ ਸੀਮਤ ਰੱਖੋ, ਆਪਣੇ ਇਰਾਦਿਆਂ ਨੂੰ ਦ੍ਰਿੜ੍ਹਤਾ ਨਾਲ ਪੂਰੇ ਕਰੋ ,ਆਪਣੇ ਵਿਚਾਰਾਂ ਨੂੰ ਰਚਨਾਤਮਕ ਬਣਾਓ ਤੇ ਦ੍ਰਿੜ੍ਹਤਾ ਧਾਰ ਲਵੋ ਕੇ ਚੜ੍ਹਦੀ ਕਲਾ ‘ਚ ਰਹਿ ਕੇ ਹੀ ਜ਼ਿੰਦਗੀ ਦੀਆਂ ਕਠਿਨਾਈਆਂ, ਔਕੜਾਂ, ਚੁਣੌਤੀਆਂ ਨੂੰ ਦਰਕਿਨਾਰ ਕਰਨਾ ਹੈ ।ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਸਾਦਾ ਤੇ ਸੰਜਮ ਵਾਲਾ ਜੀਵਨ ਹੀ ਬਤੀਤ ਕਰਨਾ ਚਾਹੀਦਾ।
ਰਿਸ਼ਟ ਪੁਸ਼ਟ ਤਨ ਤੇ ਮਨ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਆਸ਼ਾਵਾਦੀ ਸੋਚ ਤਨ ਤੇ ਮਨ ਦੋਹਾਂ ਨੂੰ ਤੰਦਰੁਸਤ ਰੱਖਦੀ ਹੈ ।ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਉਨ੍ਹਾਂ ਆਦਤਾਂ ਤੋਂ ਬਚੋ ਜੋ ਸਾਡੀ ਸ਼ਕਤੀ ਤੇ ਸਮਰੱਥਾ ਨੂੰ ਬਰਬਾਦ ਕਰਦੀਆਂ ਹਨ। ਹਰ ਵੇਲੇ ਦੀ ਚਿੰਤਾ, ਫਿਕਰ ,ਬੋਝ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਕਮਜ਼ੋਰ ਕਰ ਦਿੰਦੀ ਹੈ।
ਆਪਣੀ ਜ਼ਿੰਦਗੀ ਨੇਮ-ਬੱਧ ਤਰੀਕੇ ਨਾਲ ਜੀਵੀਏ ਤਾਂ ਅਸੀਂ ਅਨੇਕਾਂ ਬਿਮਾਰੀਆਂ ਤੇ ਸਮੱਸਿਆਵਾਂ ਤੇ ਕਾਬੂ ਪਾ ਸਕਦੇ ਹਾਂ ।ਮਨੋਰੰਜਨ ,ਸੰਗੀਤ ,ਸੈਰ-ਸਪਾਟਾ ਜੀਵਨ ਵਿੱਚ ਨਵੀਂ ਊਰਜਾ ਪੈਦਾ ਕਰਦਾ ਹੈ। ਇਹ ਪੁਰਾਣੀ ਕਹਾਵਤ ਹੈ ਕਿ “ਜੇ ਮਨ ਰੋਗੀ ਤਾਂ ਤਨ ਰੋਗੀ।” ਇਨਸਾਨ ਦੀ ਸਰੀਰਕ ਤੇ ਮਾਨਸਿਕ ਦਸ਼ਾ ਦਾ ਆਪਸ ‘ਚ ਗੂੜ੍ਹਾ ਸਬੰਧ ਹੈ। ਸਾਨੂੰ ਚਾਹੀਦਾ ਹੈ ਕਿ ਸਧਾਰਨ ਤੇ ਸਰਲ ਜ਼ਿੰਦਗੀ ਗੁਜ਼ਾਰੀਏ ।ਦਿਮਾਗ ਤੇ ਬੇਲੋੜਾ ਬੋਝ ਨਾ ਪਾਈਏ ।
ਊਟ-ਪਟਾਂਗ ਵਿਚਾਰ ਮਨ ਨੂੰ ਕਮਜ਼ੋਰ ਕਰਦੇ ਹਨ ।ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਹੀ ਸੁਖਾਵੀਂ ਜ਼ਿੰਦਗੀ ਦਾ ਮੰਤਰ ਹੈ ।ਜ਼ਿੰਦਗੀ ਇੱਕ ਵਾਰ ਮਿਲੀ ਹੈ ।ਇਹ ਅਸੀਂ ਵੇਖਣਾ ਹੈ ਕਿ ਜ਼ਿੰਦਗੀ ਹੱਸ ਕੇ ਗੁਜ਼ਾਰਨੀ ਹੈ ਜਾਂ ਰੳ-ਰਊ ਕਰਕੇ। ਜ਼ਿੰਦਗੀ ਜਿਊਣ ਲਈ ਮਨੁੱਖ ਦਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ।
ਦੁੱਖ, ਤਣਾਅ, ਫਿਕਰ ,ਨਿਰਾਸ਼ਾਵਾਦੀ ਸੋਚ ਮਨੁੱਖ ਨੂੰ ਢਹਿੰਦੀ ਕਲਾ ‘ਚ ਲੈ ਜਾਂਦੀ ਹੈ ਜਦ ਕਿ ਚੇਤਨਾ, ਚੁਸਤੀ ਮਨੁੱਖੀ ਮਨ ਨੂੰ ਤਾਕਤ ਬਖ਼ਸ਼ਦੀ ਹੈ। ਸ੍ਰੇਸ਼ਟ ਵਿਚਾਰਾਂ ਨੂੰ ਆਪਣੇ ਮਨ ਵਿੱਚ ਜਗ੍ਹਾ ਦਿਓ। ਬੁਰੇ ਵਿਚਾਰਾਂ ਨੂੰ ਦੂਰ ਭਜਾ ਦਿਓ ।ਗ਼ੈਰ ਸੰਜਮੀ ਵਿਚਾਰ ਮਨੁੱਖੀ ਮਨ ਨੂੰ ਭਟਕਣਾ ਵਾਲੇ ਪਾਸੇ ਲੈ ਜਾਂਦੇ ਹਨ।
ਲਾਲਸਾਵਾਂ ਨੂੰ ਤਿਆਗ ਕੇ ਸੰਜਮ ਨਾਲ ਜ਼ਿੰਦਗੀ ਜਿਉਣਾ ਹੀ ਸਮੁੱਚੇ ਜੀਵਨ ਦਾ ਨਿਰਮਾਣ ਕਰਨਾ ਹੈ ।ਜੇ ਮਨ ਵਿੱਚ ਖ਼ੁਸ਼ੀ, ਹੌਸਲਾ, ਆਤਮ ਭਰੋਸਾ, ਆਤਮ ਸੰਜਮ ਹੈ ਤਾਂ ਸਰੀਰ ਦਾ ਅੰਗ-ਅੰਗ ਤੰਦਰੁਸਤੀ ਚੁਸਤੀ ਜਤਾਉਂਦਾ ਹੈ ਤੇ ਜੇ ਮਨ ਵਿੱਚ ਸ਼ੱਕ, ਨਿਰਾਸ਼ਾ , ਪਛਤਾਵਾ ਹੈ ਤਾਂ ਸਾਡੇ ਸਾਹ-ਸਤ ਹੀਣੇ ਹੋ ਜਾਂਦੇ ਹਨ ਅਤੇ ਮਨ ਨੂੰ ਢਹਿੰਦੀਆਂ ਕਲਾਂ ‘ਚ ਧਕੇਲਦੇ ਹਨ।
ਮਨੁੱਖੀ ਮਨ ਨੂੰ ਚਿੰਤਾ, ਫ਼ਿਕਰ ਬੁਜ਼ਦਿਲ ਬਣਾ ਦਿੰਦਾ ਹੈ।ਜ਼ਿੰਦਗੀ ਬੜੀ ਕੀਮਤੀ ਹੈ ਇਸ ਨੂੰ ਸਾਕਾਰਾਤਮਕ ,ਸਿਰਜਣਾਤਮਕ ਤੇ ਰਚਨਾਤਮਕ ਬਣਾਵੋ ਤਾਂ ਹੀ ਨਾ ਪੱਖੀ ਵਿਚਾਰਾਂ ਦੇ ਗ਼ਲਬੇ ਨੂੰ ਖ਼ਤਮ ਕਰ ਸਕਦੇ ਹਾਂ। ਵਹਿਮ ਤੇ ਡਰ ਅਚੇਤ ਮਨ ਦੀ ਉਪਜ ਹੈ ਜਿਸ ਨਾਲ ਮਾਨਸਿਕ ਸੰਤੁਲਨ ਵਿਗੜਦਾ ਹੈ ਜਦ ਕਿ ਸੁਚੇਤ ਮਨ ਭਰਮ, ਪਛਤਾਵਿਆਂ ਤੇ ਚਿੰਤਾਵਾਂ ਤੋਂ ਮੁਕਤੀ ਦਿਵਾਉਂਦਾ ਹੈ।
ਮਨੁੱਖ ਨੂੰ ਹਮੇਸ਼ਾਂ ਕਾਰਜਸ਼ੀਲ ਰਹਿਣਾ ਚਾਹੀਦਾ ਹੈ ।ਵਿਹਲਾ ਮਨ ਵੀ ਫਿਕਰਾਂ ‘ਚ ਡੁੱਬਿਆ ਰਹਿੰਦਾ ਹੈ।
ਮਨ ਦੀ ਲਗਨ ਨੂੰ ਸਾਕਾਰਾਤਮਕ ਬਣਾਓ ।ਬਦਲ ਜਾਂਦੀ ਹੈ ਜ਼ਿੰਦਗੀ ਜਦੋਂ ਤੁਹਾਡੇ ਵਿਚਾਰ ਬਦਲਦੇ ਹਨ ਬੱਸ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ।
ਗੁਰਜੀਤ ਕੌਰ ‘ਮੋਗਾ’
[email protected]