ਜ਼ਰਾ ਸੰਭਲ ਕੇ – ਪੰਜਵਾ ਲਾੱਕਡਾਊਨ ਵੀ ਸੰਭਵ ਹੈ

ਹਰਪ੍ਰੀਤ ਸਿੰਘ ਬਰਾੜ

 

ਜਦੋਂ ਕਰੋਨਾ ਵਾਇਰਸ ਦੇ ਘੇਰੇ ਨੂੰ ਤੋੜਨ ਦੇ ਲਈ ਦੇਸ਼ਭਰ ਵਿਚ ਲਾੱਕਡਾਊਨ ਐਲਾਨਿਆਂ ਗਿਆ ਸੀ ਤਾਂ ਲਗਭਗ ਹਰ ਇਕ ਜਾਣਕਾਰ ਨੂੰ ਇਹ ਅੰਦਾਜ਼ਾ ਤਾਂ ਬਾਖ਼ੂਬੀ ਸੀ ਕਿ ਲਾੱਕਡਾਊਨ ਰੂਪੀ ਘੇਰੇ *ਚ ਦਾਖ਼ਲ ਹੋਣਾ ਤਾਂ ਸੌਖਾ ਹੈ, ਪਰ ਇਸ ਵਿਚੋਂ ਬਾਹਰ ਨਿੱਕਲਣਾ ਮੁਸ਼ਕਿਲ ਹੈ। ਦੂਜੇ ਸ਼ਬਦਾਂ *ਚ ਕਹੀਏ ਤਾਂ, ਸਰਕਾਰਾਂ ਦੇ ਲਈ ਇਹ ਤੈਅ ਕਰਨਾ ਮੁਸ਼ਕਿਲ ਹੈ ਕਿ ਲਾੱਕਡਾਊਨ *ਤੇ ਰੋਕ ਕਿਵੇਂ ਲਾਈ ਜਾਵੇ? ਇਸੇ ਲਈ ਪੂਰੇ ਦੇਸ਼ ਵਿਚ ਲਾੱਕਡਾਊਨ ਦਾ ਜੋ ਸਿਲਸਿਲਾ 24 ਮਾਰਚ ਨੂੰ ਸ਼ੁਰੂ ਹੋਇਆ ਸੀ, ਉਸ ਦੇ ਚਾਰ ਗੇੜ ਬਣਾ ਕੇ 31 ਮਈ ਤੱਕ ਵਧਾ ਦਿੱਤਾ ਗਿਆ ਹੈ ਅਤੇ ਲਾੱਕਡਾਊਨ 4.0 ਤੋਂ ਬਾਅਦ ਵੀ ਲਾੱਕਡਾਊਨ 5.0 ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉ਼ਂਕਿ ਕੋਵਿੱਡ —19 ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। 17 ਮਈ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ *ਚ ਵਾਇਰਸ ਦੇ 4987 ਮਾਮਲੇ ਸਾਹਮਣੇ ਆਏ ਅਤੇ 18 ਮਈ ਨੂੰ ਇਹ 5200 ਤੋਂ ਉੱਪਰ ਚਲੇ ਗਏ।19 ਮਈ ਨੂੰ ਦੇਸ਼ ਵਿਚ ਕਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਸ਼ਾਇਦ 1 ਲੱਖ ਤੋਂ ਪਾਰ ਹੋ ਗਈ ਹੈ।

 

ਅਸੀਂ ਹੁਣ ਤੱਕ ਲਾਗੂ ਕੀਤੇ 4 ਲਾਕਡਾਊਨਾਂ ਤੋਂ ਸਮਝ ਗਏ ਹਾਂ ਕਿ ਇਹ ਵਾਇਰਸ ਤੋਂ ਬਚਾਅ ਦਾ ਇਲਾਜ ਨਹੀਂ ਹੈ। ਲਾੱਕਡਾਊਨ ਦਾ ਇਸਤੇਮਾਲ ਵਾਇਰਸ ਦੀ ਕੜੀ ਟੁੱਟਣ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਮਾਂ ਲੈਣ ਦੇ ਲਈ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਨਾਲ ਕਰੋਨਾ ਵਾਇਰਸ ਦੇ ਪਾੱਜ਼ੀਟਿਵ ਕੇਸਾਂ *ਚ ਵਾਧਾ ਹੋਇਆ ਹੈ, ਉਨ੍ਹਾਂ ਤੋਂ ਇਹੋ ਲੱਗਦਾ ਹੈ ਕਿ ਲਾੱਕਡਾਊਨ ਦਾ ਮਕਸਦ ਪੂਰਾ ਨਹੀਂ ਹੋ ਪਾਇਆ ਹੈ। ਨਾਲ ਹੀ ਆਰਥਕ ਸੰਕਟ ਹੋਰ ਗੰਭੀਰ ਹੋ ਗਿਆ ਹੈ ਅਤੇ ਲੱਖਾਂ ਪ੍ਰਵਾਸੀ ਮਜ਼ਦੂਰ ਪੈਦਲ ਚੱਲ ਕੇ ਹੀ ਘਰ ਵਾਪਸੀ ਦੇ ਲਈ ਮਜ਼ਬੂਰ ਹੋਏ ਹਨ, ਜਿਸ ਨਾਲ ਬਿਮਾਰੀ ਦਾ ਪੇਂਡੂ ਇਲਾਕਿਆਂ *ਚ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਕਈ ਪਿੰਡਾ ਵਿਚੋਂ ਖ਼ਬਰਾ ਆਈਆਂ ਹਨ ਕਿ ਵਾਪਸ ਪਰਤਣ ਵਾਲੇ ਮਜ਼ਦੂਰਾਂ ਵਿਚੋਂ ਉੱਚੀ ਜਾਤਿ ਵਾਲਿਆਂ ਨੂੰ ਤਾਂ ਪਿੰਡਾ ਅੰਦਰ ਦਾਖਲ ਕਰ ਲਿਆ ਗਿਆ ਹੈ ਪਰ ਨਿਚਲੀ ਜਾਤਿ ਵਾਲੇ ਮਜ਼ਦੂਰਾਂ ਨੂੰ ਪਿੰਡਾ ਤੋਂ ਬਾਹਰ ਹੀ ਅਣਸੁਖਾਵਂੇ ਹਲਾਤਾਂ *ਚ ਇਕਾਂਤਵਾਸ ਕਰ ਲਿਆ ਗਿਆ ਹੈ।ਇਹ ਅਗਿਆਨਤਾ ਭਰਿਆ ਵਿਤਕਰਾ ਕੋਈ ਨਵਾਂ ਨਹੀਂ ਹੈ, ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹੈ, ਪਰ ਇਸ ਤਰ੍ਹਾਂ ਦਾ ਵਿਤਕਰਾ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਇਸ ਨਾਲ ਵਾਇਰਸ ਦੇ ਫੈਲਣ ਦਾ ਖ਼ਤਰਾ ਹੋਰ ਵਧ ਜਾਂਦਾ ਹੈ ਕਿਉਂਕਿ ਕਰੋਨਾ ਵਾਇਰਸ ਬੰਦੇ ਦਾ ਨਾਂਅ, ਜਾਤਿ, ਧਰਮ, ਲਿੰੰਗ, ਰੰਗ ਅਤੇ ਨਸਲ ਨਹੀਂ ਪੁੱਛਦਾ, ਇਹ ਸਿੱਧਾ ਹਮਲਾ ਕਰਦਾ ਹੈ।

 

ਸੋ ਲਾੱਕਡਾਊਨ ਹਮੇਸ਼ਾ ਲਈ ਤਾਂ ਕਾਇਮ ਨਹੀਂ ਰਹਿ ਸਕਦਾ।ਇਸੇ ਲਈ ਇਹ ਸਵਾਲ ਲਾਜ਼ਮੀ ਹੈ ਕਿ ਘੱਟੋਘੱਟ ਨੁਕਸਾਨ ਝੱਲਦੇ ਹੋਏ ਲਾੱਕਡਾਊਨ ਦੇ ਇਸ ਚੱਕਰਵਿਊ ਤੋਂ ਬਾਹਰ ਕਿਵੇਂ ਨਿਕੱਲਿਆ ਜਾਵੇ? ਲਾੱਕਡਾਊਨ ਦੇ ਇਸ ਘੇਰੇ *ਚੋਂ ਨਿੱਕਲਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਗੱਲ ਕਬੂਲਣੀ ਪਵੇਗੀ ਕਿ ਜਦੋਂ ਤੱਕ ਕਰੋਨਾ ਵਾਇਰਸ *ਤੇ ਕਾਬੂ ਪਾਉਣ ਦੇ ਲਈ ਘੱਟੋਘੱਟ 80 ਫੀਸਦ ਦੀ ਸਫਲਤਾ ਵਾਲੀ ਵੈਕਸੀਨ ਤਿਆਰ ਨਹੀਂ ਹੋ ਜਾਂਦੀ , ਉਦੋਂ ਤੱਕ ਸਾਨੂੰ ਕਰੋਨਾ ਵਾਇਰਸ ਦੇ ਨਾਲ ਜਿਉਣ ਦੀ ਆਦਤ ਸਿੱਖਣੀ ਹੋਵੇਗੀ ਅਤੇ ਦਵਾਈ ਤਿਆਰ ਹੋਣ *ਚ ਕਈ ਸਾਲਾਂ ਦਾ ਸਮਾਂ ਵੀ ਲੱਗ ਸਕਦਾ ਹੈ।ਕੋਰਨਾ ਵਾਇਰਸ ਨਾਲ ਜਿਉਣ ਦਾ ਮਤਲਬ ਇਹ ਹੈ ਕਿ ਇਸਦੇ ਫੈਲਣ ਦੇ ਕਾਰਨਾ ਬਾਰੇ ਹਰ ਆਮ—ਖਾਸ ਨੂੰ ਜਾਣਕਾਰੀ ਹੋਵੇ, ਤਾਂ ਹੀ ਸੁਰੱਖਿਅਤ ਰਿਹਾ ਜਾ ਸਕਦਾ ਹੈ।

 

ਕੋਵਿੱਡ—19 ਦੇ ਫੈਲਣ *ਤੇ ਹੁਣ ਤੱਕ ਜੋ ਸੋਧ ਹੋਈ ਹੈ, ਉਸ ਨੂੰ 6 ਬਿੰਦੂਆਂ ਦੇ ਤਹਿਤ ਰੱਖਿਆ ਜਾ ਸਕਦਾ ਹੈ। ਪਹਿਲਾ —ਇਹ ਪੀੜਤ ਵਿਅਕਤੀ ਦੇ ਸਿੱਧਾ ਸੰਪਰਕ *ਚ ਆਉਣ ਨਾਲ ਅਤੇ ਉਸਦੇ ਖੰਘਣ ਜਾਂ ਛਿਕੱਣ ਸਮੇਂ ਨੱਕ—ਮੂੰਹ *ਚੋਂ ਨਿਕਲਣ ਵਾਲੇ ਤੁਪਕਿਆਂ ਨਾਲ ਫੈਲਦਾ ਹੈ।ਕੋਵਿਡ— 19 ਹਵਾ ਜਾਂ ਮਲ—ਮੂਤਰ ਰਾਹੀਂ ਨਹੀਂ ਫੈਲਦਾ ਹੈ। ਇਸ ਲਈ ਮਾਸਕ, ਸਾਫ—ਸਫਾਈ ਅਤੇ ਸਮਜਿਕ ਦੂਰੀ ਨੂੰ ਜਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ ਜਾਵੇ। ਦੂਜਾ —ਸੰਕਰਮਣ ਦੇ ਲਈ ਨਜ਼ਦੀਕੀ ਅਤੇ ਲੰਮਾ ਸੰਪਰਕ ਜਰੂਰੀ ਹੈ। ਇਸੇ ਲਈ ਸੰਕਰਮਣ ਦਾ ਖ਼ਤਰਾ ਘਰ, ਸਮਾਜਿਕ ਅਤੇ ਧਾਰਮਿਕ ਇਕੱਠ ਦੇ ਨਾਲ ਜਨਤਕ ਟਰਾਂਸਪੋਰਟ *ਚ ਸਭ ਤੋਂ ਜਿਆਦਾ ਹੈ। ਜਿੰਨੇ ਘੱਟ ਸਮੇਂ ਲਈ ਸੰਪਰਕ ਹੋਵੇਗਾ, ਬਿਮਾਰੀ ਲੱਗਣ ਦਾ ਖ਼ਤਰਾ ਉਨਾਂ ਘੱਟ ਹੋਵੇਗਾ।

 

ਤੀਜਾ—ਜਿਆਦਾਤਰ ਸੰਕਰਮਣ ਬਿਮਾਰੀ ਦੇ ਪਹਿਲੇ ਹਫ਼ਤੇ ਦੇ ਸ਼ਿਕਾਰ ਵਿਅਕਤੀ ਦੇ ਸੰਪਰਕ *ਚ ਆਉਣ ਨਾਲ ਹੁੰਦਾ ਹੈ। ਬਿਨਾਂ ਲੱਛਣਾ ਵਾਲੇ ਪੀੜਤ ਵਿਅਕਤੀ ਤੋਂ ਰੋਗ ਬਹੁਤ ਘੱਟ ਫੈਲਦਾ ਹੈ। ਚੌਥਾ —ਬਜ਼ੁਰਗ ਵਿਅਕਤੀਆਂ ਦਾ ਨੌਜੁਆਨਾਂ ਦੀ ਬਰਾਬਰੀ *ਚ ਬਿਮਾਰੀ ਦੀ ਗ੍ਰਿਫ਼ਤ *ਚ ਆਉਣ ਦਾ ਖ਼ਤਰਾ ਜਿਆਦਾ ਹੈ। ਬੱਚਿਆਂ *ਚ ਇਹ ਕੁਝ ਖਾਸ ਨਹੀਂ ਫੈਲਦਾ ਹੈ। ਇਸੇ ਲਈ ਬਜ਼ੁਰਗਾਂ ਨੂੰ ਜਿਆਦਾ ਤੋਂ ਜਿਆਦਾ ਘਰ ਵਿਚ ਰੱਖ ਕੇ ਮੌਤਾਂ ਦੀ ਗਿਣਤੀ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਆਖ਼ਰੀ ਇਹ ਕਿ ਹੋਰ ਵਾਇਰਸ ਜਿਵੇਂ ਸਾਰਸ ਅਤੇ ਮਰਸ ਦੀ ਬਰਾਬਰੀ *ਚ ਕਰੋਨਾ ਵਾਇਰਸ ਦਾ ਮੌਤ ਫੀਸਦ ਬਹੁਤ ਘੱਟ ਹੈ (ਸਿਰਫ ਇੱਕ ਫੀਸਦ ਹੈ )।ਇਸੇ ਲਈ ਕਰੋਨਾ ਵਾਇਰਸ ਐਨਾ ਘਾਤਕ ਨਹੀਂ ਹੈ ਜਿੰਨਾਂ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਨੇ ਇਸ ਨੂੰ ਬਣਾ ਦਿੱਤਾ ਹੈ। ਪਰ ਇਸਦਾ ਅਰਥ ਇਹ ਵੀ ਨਹੀਂ ਹੈ ਕਿ ਤੁਸੀਂ ਸਾਵਧਾਨੀ ਵਰਤਣੀ ਹੀ ਛੱਡ ਦਿਓ, ਇਹ ਨਾ ਭੁੱਲੋ ਕਿ ਸਾਵਧਾਨੀ ਹੱਟਦੇ ਹੀ ਦੁਰਘਟਣਾ ਘਟ ਜਾਂਦੀ ਹੈ। ਕੋਵਿਡ —19 *ਚ ਇਨਸਾਨੀ ਜਿੰਦਗੀ ਖ਼ਤਮ ਕਰਨ ਦੇ ਹੋਰ ਵਾਇਰਸਾ ਵਰਗੀ ਸਮਰੱਥਾ ਹੀ ਹੈ। ਇਸ ਨਵੀਂ ਜਾਣਕਾਰੀ ਨਾਲ ਲਾੱਕਡਾਊਨ ਦੇ ਚੱਕਰਵਿਊ ਨੂੰ ਤੋੜਨ ਅਤੇ ਅਰਥਵਿਵਸਥਾ ਨੂੰ ਖੋਲਣ ਦਾ ਰਾਹ ਨਿੱਕਲ ਸਕਦਾ ਹੈ। ਹਾਲਾਂਕਿ ਹਜੇ ਸਰਕਾਰ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਉਹ ਲਾੱਕਡਾਊਨ ਤੋਂ ਕੀ ਹਾਸਲ ਕਰਨਾ ਚਾਹੁੰਦੀ ਹੈ। ਪਰ ਕੋਵਿਡ—19 *ਤੇ ਕਾਬੂ ਪਾਉਣ ਲਈ ਬਣਾਏ ਗਏ ,ਲਾਲ, ਸੰਤਰੀ ਅਤੇ ਹਰੇ ਜ਼ੋਨਾਂ ਤੋਂ ਇਹੋ ਲੱਗਦਾ ੲੈ ਕਿ ਇੱਕਾ— ਦੂਕਾ ਆਂਕੜਿਆਂ ਨੂੰ ਛੱਡ ਕੇ ਹਰੇਕ ਜਿਲੇ੍ਹ ਵਿਚ ਲਗਭਗ ਕੇਸ ਖ਼ਤਮ ਹੀ ਹੋ ਰਹੇ ਹਨ, ਤਾਹਿਉਂ ਪਿਛਲੇ 21 ਦਿਨਾਂ ਤੋਂ ਕੋਈ ਨਵਾਂ ਕੇਸ ਨਾ ਆਉਣ ਵਾਲੀਆਂ ਥਾਵਾਂ ਨੂੰ ਗ੍ਰੀਨ ਜ਼ੋਨ ਐਲਾਨ ਕੇ ਪਾਬੰਦੀਆਂ ਦੇ ਨਾਲ ਸਮਾਜ਼ਿਕ ਗਤੀਵਿਧੀਆਂ ਸ਼ੁਰੂ ਕਰਨ ਦੀ ਇਜ਼ਾਂਜਤ ਦੇ ਦਿੱਤੀ ਗਈ ਹੈ। ਇਕ ਵੀ ਪਾੱਜ਼ੀਟਿਵ ਕੇਸ ਆਉਣ ਨਾਲ ਬਹੁਤ ਵੱਡੇ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆਂ ਜਾ ਸਕਦਾ ਹੈ। ਜੇਕਰ ਟੀਚਾ ਇਕ ਵੀ ਪਾੱਜ਼ੀਟਿਵ ਕੇਸ ਨਾ ਹੋਣ ਦਾ ਹੈ ਤਾਂ ਇਹ ਤਰਕਹੀਣ ਪ੍ਰਤੀਤ ਹੁੰਦਾ ਹੈ ਅਤੇ ਅਜਿਹੀ ਸੂਰਤ ਵਿਚ ਦਵਾਈ ਦਾ ਪ੍ਰਬੰਧ ਨਾ ਹੋਣ ਤੱਕ ਲਾੱਕਡਾਊਨ ਨਹੀਂ ਖੋਲਿਆ ਜਾ ਸਕਦਾ। ਜੇਕਰ ਲਾੱਕਡਾਊਨ ਦੋ ਮਹੀਨੇ ਹੋਰ ਜ਼ਾਰੀ ਰਿਹਾ ਤਾਂ ਭੁੱਖ ਅਤੇ ਬੋਰੋਜ਼ਗਾਰੀ ਕੋਵਿਡ—19 ਤੋਂ ਵੀ ਵੱਡੀ ਮੁਸੀਬਤ ਬਣ ਜਾਵੇਗੀ। ਸਮਾਜ ਵਿਚ ਇਕ—ਦੂਜੇ ਪ਼੍ਰਤੀ ਬੇਭਰੋਸਗੀ ਅਤੇ ਅਪਰਾਧ ਵੀ ਵਧਣਗੇ।

 

ਇਸ ਲਈ ਲਾੱਕਡਾਊਨ ਦਾ ਮਕਸਦ ਵਿਵਹਾਰਿਕ ਹੋਣਾ ਚਾਹੀਤਾ ਹੈ ਤਾਂ ਜੋ ਦੇਸ਼ ਦਾ ਸਿਹਤ ਢਾਂਚਾ ਮੁੜ ਲੀਹ *ਤੇ ਆ ਸਕੇ। ਇਸ ਨਾਲ ਇਲਾਜ ਪ੍ਰਣਾਲੀ ਬਿਹਤਰ ਹੋ ਜਾਵੇਗੀ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਹੀ ਦੇਸ਼ ਨੂੰ ਖੋਲਣ ਦੀ ਸੁਚੱਜੀ ਅਤੇ ਸੁਚਾਰੂ ਰਣਨੀਤੀ ਉਲੀਕੀ ਜਾ ਸਕੇਗੀ। ਲਾਕਡਾਊਨ ਦੇ ਚੱਕਰਵਿਊ ਨੂੰ ਤੋੜਨ ਲਈ ਸਭ ਤੋਂ ਜਿਆਦਾ ਜਰੂਰੀ ਹੈ ਕਿ ਦੇਸ਼ ਦੇ ਨਾਗਰਿਕਾਂ ਨੰ ਐਨਾ ਕੁ ਜਾਗ੍ਰਤ ਅਤੇ ਜਿੰਮੇਵਾਰ ਕਰ ਦਿੱਤਾ ਜਾਵੇ ਕਿ ਉਹ ਖੁ਼ਦ ਹੀ ਕੋਰਨਾ ਵਾਇਰਸ ਤੋਂ ਬਚਣ ਲਈ ਦੂਰ ਰਹਿੰਦੇ ਹੋਏ ਇਕ—ਦੂਜੇ ਦੀ ਮਦਦ ਕਰਦੇ ਨਜ਼ਰ ਆਉਣ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleभारत में जीवन से बड़ी है जाति!
Next article भुलाणा पुलिस द्धारा अवैध शराब समेत एक व्यक्ति गिफ्तार