ਜ਼ਖ਼ਮੀ ਨਰਸਾਂ ਦਾ ਹਾਲ-ਚਾਲ ਪੁੱਛਣ ਗਏ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਵਿਰੋਧ

ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਬੀਤੇ ਦਿਨ ਰਾਜਿੰਦਰਾ ਹਸਪਤਾਲ਼ ਦੀ ਮਮਟੀ ਤੋਂ ਛਾਲ ਮਾਰਨ ਕਾਰਨ ਜ਼ਖ਼ਮੀ ਹੋਈਆਂ ਨਰਸਾਂ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ਼ ਪੁੱਜੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੂੰ ਹੜਤਾਲ਼ੀ ਨਰਸਾਂ ਅਤੇ ਹੋਰ ਮੁਲਾਜ਼ਮਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹੜਤਾਲ਼ੀ ਮੁਲਾਜ਼ਮਾਂ ਨੇ ਐਮਰਜੈਂਸੀ ਵਾਰਡ ਦਾ ਗੇਟ ਘੇਰ ਕੇ ਦੋਵਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਗੱਡੀਆਂ ਤੱਕ ਪਹੁੰਚਾਉਣ ਲਈ ਪੁਲੀਸ ਨੂੰ ਕਾਫ਼ੀ ਤਰੱਦਦ ਕਰਨਾ ਪਿਆ। ਮੁਲਾਜ਼ਮਾਂ ਨੇ ਗੱਡੀਆਂ ਘੇਰਨ ਦੀ ਕੋਸ਼ਿਸ਼ ਵੀ ਕੀਤੀ।
ਜ਼ਿਕਰਯੋਗ ਹੈ ਕਿ ਮਮਟੀ ਤੋਂ ਛਾਲ਼ ਮਾਰਨ ਕਾਰਨ ‘ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ’ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਸਮੇਤ ਹੇਠਾਂ ਖੜ੍ਹਾ ਇੱਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ। ਦੋਵੇਂ ਆਗੂ ਜਦੋਂ ਇਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਸਨ, ਤਾਂ ਹੜਤਾਲ਼ੀ ਮੁਲਾਜ਼ਮਾਂ ਨੇ ਐਮਰਜੈਂਸੀ ਵਾਰਡ ਦਾ ਮੁੱਖ ਗੇਟ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਪਰੰਤ ਐੱਸਐੱਸਪੀ ਮਨਦੀਪ ਸਿੱਧੂ ਦੀ ਅਗਵਾਈ ਹੇਠਾਂ ਪੁਲੀਸ ਫੋਰਸ ਨੇ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਨੂੰ ਬੜੀ ਤਰੱਦਦ ਨਾਲ਼ ਇਸ ਭੀੜ ਵਿਚੋਂ ਕੱਢ ਕੇ ਗੱਡੀਆਂ ਤੱਕ ਪਹੁੰਚਾਇਆ। ਹਪਸਤਾਲ ’ਚ ਭਾਰੀ ਪੁਲੀਸ ਫੋਰਸ ਤਾਇਨਾਤ ਸੀ।
ਕੱਲ੍ਹ ਦੀ ਘਟਨਾ ਦੌਰਾਨ ਕਰਮਜੀਤ ਔਲਖ ਦੇ ਟੁੱਟੇ ਗੋਡੇ ਅਤੇ ਹੇਠਾਂ ਦਬਣ ਕਾਰਨ ਇੱਕ ਹੋਰ ਮੁਲਾਜ਼ਮ ਮਜਨੂੰ ਦੇ ਟੁੱਟੇ ਪੱਟ ਦਾ ਅਪਰੇਸ਼ਨ ਕਰਨ ਵਾਲ਼ੇ ਡਾ. ਮਨਜੀਤ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਨੂੰ ਠੀਕ ਹੋਣ ’ਚ ਅਜੇ ਕੁਝ ਵਕਤ ਲੱਗੇਗਾ। ਬਲਜੀਤ ਕੌਰ ਖਾਲਸਾ ਦੇ ਸਿਰ ਸਮੇਤ ਹੋਰ ਥਾਈਂ ਗੁੱਝੀਆਂ ਸੱਟਾਂ ਹਨ। ਦੋਵੇਂ ਨਰਸਾਂ ਆਈਸੀਯੂ ਵਿਚ ਹੀ ਹਨ। ਜ਼ਿਕਰਯੋਗ ਹੈ ਕਿ ਇਹ ਮੁਲਾਜ਼ਮ 5 ਫਰਵਰੀ ਤੋਂ ਹੜਤਾਲ਼ ’ਤੇ ਹਨ। ਹੜਤਾਲ਼ੀ ਮੁਲਾਜ਼ਮਾਂ ਨੇ ਅੱਜ ਫੇਰ ਮੋਤੀ ਮਹਿਲ ਨੇੜੇ ਧਰਨਾ ਦਿੱਤਾ ਅਤੇ ਇਸ ਘਟਨਾ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ।

Previous articleਕੱਚੇ ਕਾਮਿਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹਰਾਹ ਕੀਤਾ ਜਾਮ
Next articleਪਾਕਿ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ: ਵੀਕੇ ਸਿੰਘ