ਚੀਨ ‘ਚ ਪੈਦਾ ਹੋਇਆ ਕੋਰੋਨਾ ਵਾਇਰਸ ਭਾਰਤ ਸਮੇਤ ਲਗਭਗ ਸਾਰੀ ਦੁਨੀਆਂ *ਚ ਫੈਲ ਚੁੱਕਿਆ ਹੈ ਅਤੇ ਆਪਣੇ ਪ੍ਰਕੋਪ ਨਾਲ ਪੂਰੀ ਦੁਨੀਆਂ ਦੇ ਸਮੁੱਕੇ ਢਾਂਚੇ ਨੂੰ ਛਿੰਨ—ਭਿੰਨ ਕਰ ਕੇ ਰੱਖ ਦਿੱਤਾ ਹੈ। ਕੋਰੋਨਾ ਦੇ ਇਸ ਵਿਸ਼ਵ ਵਿਆਪੀ ਪ੍ਰਕੋਪ ਨੂੰ ਦੇਖ ਕੇ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਵਾਇਰਸ ਨਾ ਤਾਂ ਸਰਹੱਦਾਂ ਨੂੰ ਪਹਿਚਾਣਦੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਆਉਣ ਜਾਣ ਦੇ ਲਈ ਕਿਸੇ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਹੁੰਦੀ ਹੈ।ਯਾਨੀ ਕੋਈ ਵੀ ਮਨੁੱਖ ਜਾਂ ਸਰਕਾਰ ਚਾਹ ਕੇ ਵੀ ਇਹਨਾਂ ਨੂੰ ਰੋਕ ਨਹੀਂ ਸਕਦੇ ਹਨ। ਮਨੁੱਖ ਤਾਂ ਦੁਨੀਆਂ ਨੂੰ ਮੁੱਠੀ *ਚ ਨਹੀਂ ਕਰ ਪਾਇਆ ਪਰ ਇਸ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿਚ ਜ਼ਰੂਰ ਦਬੋਚ ਲਿਆ ਹੈ, ਇਸੇ ਕਾਰਨ ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਸਹਿਮੀ ਹੋਈ ਹੈ। ਇਹ ਸਹਿਮ ਕੁਦਰਤੀ ਵੀ ਹੈ ਕਿਉਂਕਿ ਕੋਰੋਨਾ ਨੇ ਦੁਨੀਆਂ ਭਰ ਵਿਚ ਜੋ ਹਲਾਤ ਬਣਾ ਰੱਖੇ ਹਨ, ਉਨ੍ਹਾਂ ਕਾਰਨਾਂ ਕਰਕੇ ਸਭ ਨੂੰ ਡਰਨਾ ਵੀ ਚਾਹੀਦਾ ਹੈ। ਜੇਕਰ ਇਸ ਤੋਂ ਡਰਾਂਗੇ ਨਹੀਂ ਤਾਂ ਇਹ ਵਾਇਰਸ ਪਰਮਾਣੂ ਬੰਬ ਤੋਂ ਵੀ ਜਿਆਦਾ ਖ਼ਤਰਨਾਕ ਸਾਬਤ ਹੋ ਸਕਦਾ ਹੈ, ਅਤੇ ਲਗਪਗ ਸਾਬਤ ਹੋ ਵੀ ਚੁੱਕਿਆ ਹੈ।ਇਸ ਦੇ ਹੋਰ ਜਿਆਦਾ ਜਾਨਲੇਵਾ ਹੋਣ ਦੇ ਖਦਸ਼ੇ ਨੂੰ ਧਿਆਨ *ਚ ਰੱਖਦੇ ਹੋਏ ਹੀ ਪੂਰੀ ਦੁਨੀਆਂ ਇਸਦੇ ਖਿਲਾਫ਼ ਇਕਜੁੱਟ ਹੋ ਖੜੀ ਹੈ। ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਮੁਲਕ ਵੈਸੇ ਹੀ ਕਈ ਸਮੱਸਿਆਵਾਂ ਨਾਲ ਗ੍ਰਸਤ ਹਨ ਅਤੇ ਕੋਰੋਨਾ ਵਾਇਰਸ ਦੀ ਆਮਤ ਨੇ ਅਜਿਹੇ ਹਲਾਤ ਬਣਾ ਦਿੱਤੇ ਕਿ ਪੂਰਾ ਮੁਲਕ ਹੀ ਅਸਤ—ਵਿਅਸਤ ਹੋ ਰਿਹਾ ਹੈ। ਸਭ ਤੋਂ ਗੰਭੀਰ ਅਤੇ ਡਰਾਉਣ ਵਾਲੀ ਗੱਲ ਤਾਂ ਇਹ ਹੈ ਕਿ ਹਜ਼ੇ ਤੱਕ ਕੋਰੋਨਾ ਦੇ ਮੂਲ ਕਾਰਨਾ ਦਾ ਸਹੀ —ਸਹੀ ਪਤਾ ਨਹੀਂ ਚੱਲ ਪਾਇਆ ਹੈ। ਜਦੋਂ ਕਾਰਨ ਦਾ ਹੀ ਪਤਾ ਨਹੀਂ ਲੱਗ ਪਾਇਆ ਤਾਂ ਇਲਾਜ ਲੱਭਣ *ਚ ਯਕੀਨਨ ਹੀ ਦੇਰੀ ਹੋਵੇਗੀ ਅਤੇ ਦੇਰੀ ਹੋ ਵੀ ਰਹੀ ਹੈ, ਯਾਨੀ ਕੁਲ ਮਿਲਾ ਕੇ ਫਿਲਹਾਲ ਵਾਇਰਸ ਲਾਇਲਾਜ ਹੋਣ ਦੇ ਨਾਲ ਜਾਨਲੇਵਾ ਬਣਿਆ ਹੋਇਆ ਹੈ। ਹਜੇ ਤੱਕ ਬੱਸ ਇਹੋਂ ਅੰਦਾਜੇ ਲਾਏ ਜਾ ਰਹੇ ਹਨ, ਇਹੋ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦਾ ਸਰੋਤ ਚਮਗਿੱਦੜ ਹੀ ਹਨ।
ਇਥੇ ਇਹ ਕਹਿਣਾ ਹਰਗਿਜ਼ ਗਲਤ ਨਹੀਂ ਹੋਵੇਗਾ ਕਿ ਵਾਰ—ਵਾਰ ਦੀ ਚਿਤਾਵਨੀ ਦੇ ਬਾਵਜੂਦ ਪਸ਼ੂ—ਪੰਛੀਆਂ ਅਤੇ ਖਾਸਕਰ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾਂ ਮਨੁੱਖਤਾ ਦੇ ਲਈ ਆਪਣੀ ਹੋਂਦ ਤੱਕ ਨੂੰ ਬਚਾਉਣ ਦੇ ਲਈ ਖਤਰਨਾਕ ਸਿੱਧ ਹੋ ਰਿਹਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਧਰਤੀ ਦੇ ਸਾਰੀ ਪ੍ਰਾਣੀਆਂ ਦੀ ਹੀ ਨਹੀਂ, ਸਗੋਂ ਜੜ—ਚੇਤਨ ਦੀ ਹੋਂਦ ਵੀ ਲਾਜ਼ਮੀ ਹੈ, ਕਿਉਂਕਿ ਮਨੁੱਖੀ ਜਿੰਦਗੀ ਦੇ ਨਾਲ ਜੜ—ਚੇਤਨ ਸਭ ਜੁੜਿਆ ਹੋਇਆ ਹੈ। ਇਸੇ ਲਈ ਸਿਰਫ ਮਨੁੱਖ ਦੀ ਸਿਹਤ ਦਰੁੱਸਤ ਹੋਣ ਨਾਲ ਕੰਮ ਚੱਲਣ ਵਾਲਾ ਨਹੀਂ ਹੈ।ਜ਼ਰੂਰਤ ਹੈ ਕਿ ਸਭ ਦੇ ਲਈ ਅਤੇ ਸਾਂਝੀ ਸਿਹਤ ਵਿਵਸਥਾ ਨੂੰ ਸਵੀਕਾਰਿਆ ਜਾਵੇ ਅਤੇ ਉਸੇ ਮੁਤਾਬਕ ਮਨੁੱਖ ਨੂੰ ਪਰਿਆਵਰਣ, ਕੁਦਰਤ, ਪਸ਼ੂ—ਪੰਛੀ ਅਤੇ ਹੋਰ ਸਭਨਾ ਦੀ ਸੁਰੱਖਿਆ ਦੀ ਇਕ ਨੀਤੀ ਅਪਣਾਈ ਜਾਵੇ।
ਇਸ ਪਹਿਲੂ *ਤੇ ਵੀ ਗੌਰ ਕੀਤਾ ਜਾਣਾ ਜਰੂਰੀ ਹੈ ਕਿ ਕੋਰੋਨਾ ਜਾਂ ਇਸਤੋਂ ਪਹਿਲਾਂ ਫੈਲ ਚੱੁਕੇ ਹੋਰ ਵਾਇਰਸ ਜਿਆਦਾਤਰ ਚੀਨ ਵੱਲੋਂ ਹੀ ਕਿਉਂ ਆਏ ਹਨ? ਕੋਰੋਨਾ ਵਾਇਰਸ ਤਾਂ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਆਇਆ ਹੈ। ਕੀ ਇਹ ਸਿਰਫ ਸੰਯੋਗ ਮਾਤਰ ਹੀ ਹੈ ਕਿ ਵੁਹਾਨ *ਚ ਚੀਨ ਦੀ ਇਹ ਬਦਨਾਮ ਲੈਬ ਹੈ, ਜਿੱਥੇ ਜੈਵਿਕ ਹਥਿਆਰਾਂ *ਤੇ ਪ੍ਰਯੋਗ ਹੁੰਦੇ ਰਹਿੰਦੇ ਹਨ। ਲੱਗਦਾ ਇਹੋ ਹੈ ਕਿ ਕੋਰੋਨਾ ਵਾਇਰਸ ਵੀ ਅਜਿਹੇ ਕਿਸੇ ਪ੍ਰਯੋਗ ਦਾ ਹਿੱਸਾ ਹੈ। ਹੋ ਸਕਦਾ ਹੈ ਕਿ ਅਜਿਹਾ ਨਾ ਹੋਵੇ, ਪਰ ਜੇਕਰ ਅਜਿਹਾ ਹੋਇਆ ਤਾਂ ਮਨੁੱਖਤਾ ਦੇ ਲਈ ਹੱਦੋਂ ਵਧ ਖ਼ਤਰਨਾਕ ਹਾਲਾਤ ਪੈਦਾ ਹੋ ਸਕਦੇ ਹਨ। ਖਾੜੀ ਦੇਸ਼ਾਂ *ਚ ਕਦੇ ਰਸਾਇਣਕ ਅਤੇ ਕਦੇ ਪਰਮਾਣੂ ਹਥਿਆਰਾਂ ਦੇ ਖ਼ਦਸ਼ੇ ਦੇ ਨਾਂਅ *ਤੇ ਮਨਮਾਨੀ ਕਰਨ *ਤੇ ਉਤਾਰੂ ਰਹਿਣ ਵਾਲਾ ਘਮੰਡੀ ਅਮਰੀਕਾ ਵੀ ਅੱਜ ਪਸਤ ਹੋ ਰਿਹਾ ਹੈ। ਹਾਲਾਂਕਿ ਉਹ ਚੀਨ ਤੋਂ ਉਸਦੇ ਜੈਵਿਕ ਹਥਿਆਰਾਂ ਦਾ ਹਿਸਾਬ ਮੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੋਰੋਨਾ ਵਾਇਰਸ ਦੇ ਲਈ ਚੀਨ ਨੂੰ ਦੋਸ਼ੀ ਸਿੱਧ ਕਰ ਰਿਹਾ ਹੈ। ਪਰ ਲੱਗ ਨਹੀਂ ਰਿਹਾ ਕਿ ਕਦੇ ਚੀਨ ਤੋਂ ਉਸਦੇ ਜੈਵਿਕ ਹਥਿਆਰਾਂ ਦਾ ਹਿਸਾਬ ਕੋਈ ਮੁਲਕ ਮੰਗ ਸਕੇਗਾ ? ਇਥੇ ਇਕ ਗੱਲ ਜ਼ਿਕਰਯੋਗ ਹੈ ਕਿ ਜੋ ਮਰਦਮਸ਼ੁਮਾਰੀ ਦੇ ਆਂਕੜੇ ਦੇਖੇ ਜਾ ਸਕਦੇ ਹਨ, ਉਹ ਆਂਕੜੇ ਗਵਾਹ ਹਨ ਕਿ ਭਾਰਤ *ਚ ਮਨੁੱਖਾਂ ਦੀ ਗਿਣਤੀ ਤੋਂ ਜਿਆਦਾ ਗਿਣਤੀ ਪਸ਼ੂ —ਪੰਛੀਆਂ ਦੀ ਹੈ। ਇਹ ਪਸ਼ੂ ਪੰਛੀ ਖੇਤੀ ਤੋਂ ਲੈਕੇ ਭੋਜਨ ਦੇ ਲਈ ਕੰਮ ਆਉਂਦੇ ਹਨ। ਹੁਣ ਸਵਾਲ ਇਹ ਹੈ ਕਿ ਇਨ੍ਹਾਂ ਦੀ ਸਿਹਤ ਦੀ ਅਸੀਂ ਕਿੰਨੀ ਕੁ ਚਿੰਤਾ ਕਰਦੇ ਹਾਂ। ਸਾਡੇ ਮਨੁੱਖਾਂ ਦੇ ਲਈ ਤਮਾਮ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਗਲੀ ਗਲੀ *ਚ ਪ੍ਰਾਈਵੇਟ ਡਾਕਟਰ ਵੀ ਹਨ, ਤਾਂ ਕੀ ਕਦੇ ਤੁਸੀ਼ਂ ਮਨੁੱਖਾਂ ਦੇ ਹਸਪਤਾਨਾਂ ਜਾਂ ਇਲਾਜ ਦੀ ਤਰਜ਼ *ਤੇ ਕੋਈ ਨਿੱਜੀ ਪਸ਼ੂ ਹਸਪਤਾਲ ਦੇਖੇ ਹਨ। ਜੇਕਰ ਦੇਖੇ ਵੀ ਹੋਣਗੇ ਤਾਂ ਨਾ—ਮਾਤਰ ਦੇ ਅਜਿਹੇ ਹਸਪਤਾਲ ਹੋਣਗੇ, ਵਰਨਾ ਜਿਆਦਾਤਰ ਪਸ਼ੂ—ਪੰਛੀਆਂ ਦੀ ਸਿਹਤ ਅਤੇ ਇਲਾਜ ਅਣਗੌਲਿਆ ਹੀ ਜਾਂਦਾ ਹੈ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ