ਸਤਲੁਜ ਦੀ ਮਾਰ ਕਾਰਨ ਲੋਕ ਬੇਘਰ ਹੋ ਗਏ ਹਨ ਅਤੇ ਉਹ ਆਪਣੇ ਨਿੱਕੇ ਨਿਆਣਿਆਂ ਸਮੇਤ ਧੁੱਸੀ ਬੰਨ੍ਹ ਉੱਤੇ ਨੀਲੇ ਅਕਾਸ਼ ਹੇਠ ਰਾਤਾਂ ਕੱਟਣ ਲਈ ਮਜਬੂਰ ਹਨ। ਪਾਣੀ ਕਾਰਨ ਫ਼ਸਲਾਂ ਤੋਂ ਇਲਾਵਾ ਪਸ਼ੂ ਧਨ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਵੱਡੀ ਗਿਣਤੀ ’ਚ ਮਰੇ ਪਸ਼ੂਆਂ ਕਾਰਨ ਮਹਾਂਮਾਰੀ ਫ਼ੈਲਣ ਦਾ ਖ਼ਦਸ਼ਾ ਬਣ ਗਿਆ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ’ਚ ਹੜ੍ਹਾਂ ਨਾਲ ਨੁਕਸਾਨੀਆਂ ਫ਼ਸਲਾਂ ਲਈ ਕਿਸਾਨਾਂ ਨੂੰ 60 ਹਜ਼ਾਰ ਪ੍ਰਤੀ ਏਕੜ ਅਤੇ ਬੇਘਰ ਹੋਏ ਗਰੀਬ ਪਰਿਵਾਰਾਂ ਲਈ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਹੜ੍ਹਾਂ ਦੀ ਮਾਰ ਕਾਰਨ ਜਿਥੇ ਕਿਸਾਨਾਂ ਦੀਆਂ ਫਸਲਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤਬਾਹ ਹੋ ਗਈਆਂ ਉਥੇ ਆਮ ਲੋਕ ਘਰੋਂ ਬੇਘਰ ਹੋ ਗਏ। ਪਾਰਟੀ ਦੇ ਸੁੂਬਾਈ ਉੱਪ ਪ੍ਰਧਾਨ ਤੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸੂਬੇ ਦੀ ਕਿਸਾਨੀ ਪਹਿਲਾਂ ਹੀ ਭਾਰੀ ਕਰਜ਼ੇ ਦੀ ਮਾਰ ਹੇਠ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਵਿੱਚ ਗਰੀਬ ਕਿਸਾਨਾਂ ਦੀ ਬਾਂਹ ਫੜਨ ਅਤੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ 60 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਅਤੇ ਬੇਘਰ ਹੋਏ ਪਰਿਵਾਰਾਂ ਨੂੰ ਪਸ਼ੂ ਧਨ ਤੇ ਰਿਹਾਇਸ਼ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ।
ਉਨ੍ਹਾਂ ਆਖਿਆ ਕਿ ਸਤਲੁਜ ਦਰਿਆ ਦੀ ਹੱਦ ਨਾਲ ਜ਼ਿਲ੍ਹਾ ਮੋਗਾ ਦੀ ਲਗਪਗ 17 ਕਿਲੋਮੀਟਰ ਹੱਦ ਲੱਗਦੀ ਹੈ। 16 ਤੋਂ 20 ਅਗਸਤ ਦੀ ਰਾਤ 9 ਵਜੇ ਤੱਕ ਦਰਿਆ ਸਤਲੁਜ ਦਾ 3 ਕਿਲੋਮੀਟਰ ਚੌੜਾਈ ’ਚ 12 ਤੋਂ 15 ਫੁੱਟ ਡੂੰਘਾਈ ਵਿੱਚ ਪੂਰੇ ਤੇਜ਼ ਵਹਾਅ ਨਾਲ ਪਾਣੀ ਚੱਲ ਰਿਹਾ ਸੀ। ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ 7 ਪਿੰਡਾਂ ਨੂੰ ਵੀ ਸਤਲੁਜ ਦਰਿਆ ਦੇ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਲੋਕਾਂ ਨੇ ਮਨੁੱਖੀ ਜੀਵਨ ਤਾਂ ਬਚਾ ਲਿਆ, ਪਰ ਪਸ਼ੂੂ ਧਨ ਭਾਰੀ ਖਤਰੇ ਵਿੱਚ ਪੈ ਗਿਆ ਅਤੇ ਪ੍ਰਸ਼ਾਸਨ ਨੇ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ। ਉਨ੍ਹਾਂ ਆਖਿਆ ਕਿ ਮੋਗੇ ਦੀ ਹੱਦ ਤੋਂ ਜਗਰਾਉਂ ਵੱਲ ਨੂੰ ਪਿੰਡ ਬਾਘੀਆ ਕੋਲ ਬੰਨ੍ਹ ਕਮਜ਼ੋਰ ਹੋ ਚੁੱਕਾ ਸੀ ਅਤੇ ਟੁੱਟਣ ਕਿਨਾਰੇ ਪਹੁੰਚ ਗਿਆ ਸੀ। ਸਮੇਂ ਰਹਿੰਦੇ ਹੀ ਧਰਮਕੋਟ ਹਲਕੇ ਦੇ ਪਿੰਡ ਕਿਸ਼ਨਪੁਰਾ, ਠੂਠਗੜ੍ਹ, ਜੀਂਦੜਾ, ਚੱਕ ਤਾਰੇਵਾਲਾ ਆਦਿ ਅਤੇ ਨਾਲ ਦੇ ਹੋਰਨਾਂ ਪਿੰਡਾਂ ਨੇ ਤਕਰੀਬਨ 50 ਟਰੈਕਟਰ ਟਰਾਲੀਆਂ ਨਾਲ ਸਿਰਤੋੜ ਮਿਹਨਤ ਕਰਕੇ ਮਿੱਟੀ ਪਾ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾ ਲਿਆ।