ਸੰਗਰੂਰ ’ਚ ਪਾਲਕੀ ਤੋੜਨ ਮਗਰੋਂ ਮਾਹੌਲ ਤਣਾਅਪੂਰਨ

ਸੰਗਰੂਰ ਵਿਚ ਅੱਜ ਦੇਰ ਸ਼ਾਮ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਅਨਾਜ ਮੰਡੀ ਨਜ਼ਦੀਕ ਭਗਵਾਨ ਵਿਸ਼ਵਕਰਮਾ ਮਹਾਰਾਜ ਮੰਦਿਰ ਦੇ ਇੱਕ ਕਮਰੇ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਕਥਿਤ ਰੂਪ ਵਿਚ ਤੋੜ ਕੇ ਪਵਿੱਤਰ ਬੀੜ ਨੂੰ ਉਪਰਲੇ ਕਮਰੇ ਵਿਚ ਤਬਦੀਲ ਕਰ ਦਿੱਤਾ ਗਿਆ। ਪਾਲਕੀ ਨੂੰ ਤੋੜਨ ਦੀ ਖ਼ਬਰ ਮਿਲਦਿਆਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਮੌਕੇ ’ਤੇ ਪੁੱਜੇ। ਇਸ ਦੌਰਾਨ ਵਿਸ਼ਵਕਰਮਾ ਮੰਦਿਰ ਨਾਲ ਸਬੰਧਤ ਵਿਅਕਤੀਆਂ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ’ਚ ਝੜਪ ਵੀ ਹੋਈ। ਮੰਦਿਰ ਵਿਖੇ ਵੱਡੀ ਤਾਦਾਦ ਵਿਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਐਸਪੀ ਡੀ ਹਰਿੰਦਰ ਸਿੰਘ, ਡੀਐਸਪੀ ਸਤਪਾਲ ਸ਼ਰਮਾ ਅਤੇ ਥਾਣਾ ਸਿਟੀ ਇੰਚਾਰਜ ਗੁਰਭਜਨ ਸਿੰਘ ਨੇ ਦੋਵੇਂ ਧਿਰਾਂ ਨੂੰ ਵੱਖੋ-ਵੱਖ ਕੀਤਾ। ਪੁਲੀਸ ਜਾਂਚ ਕਰਨ ਦੀ ਗੱਲ ਆਖ਼ ਕੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇੱਕ ਧਿਰ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਤੋੜ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਦੋਂ ਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਉਪਰਲੀ ਮੰਜ਼ਿਲ ’ਚ ਤਬਦੀਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਮੰਦਿਰ ਬਾਬਾ ਵਿਸ਼ਵਕਰਮਾ ਵਿਖੇ ਪਿਛਲੇ ਲੰਮੇ ਸਮੇਂ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਦਮਦਮੀ ਟਕਸਾਲ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੂਰਤੀ ਦੇ ਨਜ਼ਦੀਕ ਨਹੀਂ ਰੱਖਣਾ ਚਾਹੁੰਦੇ ਸਨ। ਉਧਰ ਮੰਦਿਰ ਨਾਲ ਜੁੜੇ ਲੋਕ ਵਿਸ਼ਵਕਰਮਾ ਦੀ ਮੂਰਤੀ ਨੂੰ ਹਟਾ ਕੇ ਦੂਜੇ ਕਮਰੇ ਵਿਚ ਸਥਾਪਿਤ ਕਰਨ ਦੇ ਪੱਖ ਵਿਚ ਸਨ ਜਦੋਂ ਕਿ ਕੁੱਝ ਲੋਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੂਜੇ ਕਮਰੇ ਵਿਚ ਕਰਨਾ ਚਾਹੁੰਦੇ ਸੀ। 26 ਜੁਲਾਈ ਨੂੰ ਵਿਸ਼ਵਕਰਮਾ ਦੀ ਮੂਰਤੀ ਨੂੰ ਦੂਜੇ ਕਮਰੇ ਵਿਚ ਸਥਾਪਿਤ ਕੀਤੇ ਜਾਣ ਦਾ ਪਤਾ ਲਗਦਿਆਂ ਹੀ ਮਾਹੌਲ ਤਣਾਅਪੂਰਨ ਬਣ ਗਿਆ ਸੀ ਜਿਸ ਕਾਰਨ ਦੋਵੇਂ ਧਿਰਾਂ ਵਿਚਕਾਰ ਅਜੇ ਤੱਕ ਸਹਿਮਤੀ ਨਹੀਂ ਬਣੀ ਸੀ।
ਇੰਟਰਨੈਸ਼ਨਲ ਗ੍ਰੰਥੀ ਰਾਗੀ ਸਭਾ ਦੇ ਕਨਵੀਨਰ ਭਾਈ ਬਚਿੱਤਰ ਸਿੰਘ ਅਤੇ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਗੁਰਦੁਆਰਾ ਸ੍ਰੀ ਹਰਗੋਬਿੰਦਪੁਰਾ ਸਾਹਿਬ ਵਿਚ ਮੀਟਿੰਗ ਚੱਲ ਰਹੀ ਸੀ। ਇਸੇ ਦੌਰਾਨ ਪਤਾ ਲੱਗਿਆ ਕਿ ਮਰਿਆਦਾ ਦਾ ਉਲੰਘਣਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਉਪਰਲੀ ਮੰਜ਼ਿਲ ਵਿਚ ਤਬਦੀਲ ਕਰ ਦਿੱਤਾ ਹੈ। ਉਧਰ ਦੂਜੀ ਧਿਰ ਦੇ ਮੈਂਬਰ ਚਮਨਦੀਪ ਸਿੰਘ, ਜਗਦੀਪ ਸਿੰਘ ਪਿੰਟਾ ਦਾ ਕਹਿਣਾ ਹੈ ਕਿ ਸਿੱਖ ਕਾਰਕੁਨਾਂ ਵਲੋਂ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ। ਡੀਐਸਪੀ ਸਤਪਾਲ ਸ਼ਰਮਾ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

Previous articleਹੜ੍ਹ ਪ੍ਰਭਾਵਿਤ ਪਿੰਡਾਂ ’ਚ ਅਜੇ ਵੀ ਸਹਿਮ
Next articleਗਾਂਧੀ ਜੀ ਦੀਆਂ ਸਿੱਖਿਆਵਾਂ ਸਾਰਿਆਂ ਲਈ: ਕੋਵਿੰਦ