ਹੜ੍ਹਾਂ ਦੇ ਪਾਣੀ ਦਾ ਨਿਕਾਸ, ਚਿੱਕੜ ਵਿਚ ਫਸੇ ਲੁਧਿਆਣਵੀ

ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਹੁਣ ਪਿੰਡਾਂ ਤੇ ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਜੇ ਸਮਾਂ ਰਹਿੰਦੇ ਸਾਫ਼-ਸਫ਼ਾਈ ਨਾ ਕੀਤੀ ਗਈ ਤੇ ਬਿਮਾਰੀਆਂ ਦੇ ਬਚਾਅ ਲਈ ਕਦਮ ਨਾ ਚੁੱਕੇ ਗਏ ਤਾਂ ਹੜ੍ਹਾਂ ਤੋਂ ਬਾਅਦ ਬੀਮਾਰੀ ਨੂੰ ਰੋਕਣ ਲਈ ਵੀ ਪ੍ਰਸ਼ਾਸਨ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਹਾਲਾਂਕਿ, ਇਸ ਸਬੰਧ ਵਿੱਚ ਅੱਜ ਸਿਵਲ ਸਰਜਨ ਲੁਧਿਆਣਾ ਨੇ ਸਪੱਸ਼ਟ ਕੀਤਾ ਹੈ ਕਿ ਲੁਧਿਆਣਾ ਵਿੱਚ ਕਿਤੇ ਵੀ ਬੀਮਾਰੀ ਫੈਲਣ ਦਾ ਕੋਈ ਡਰ ਨਹੀਂ ਹੈ। ਦਰਅਸਲ, ਸਨਅਤੀ ਸ਼ਹਿਰ ਦੇ ਨੇੜੇ ਪਿੰਡ ਭੋਲੇਵਾਲ, ਮੱਤੇਵਾੜਾ ਦੇ ਨੇੜੇ ਗੜ੍ਹੀ ਫਾਜ਼ਲ ਵਿੱਚ ਸਤਲੁਜ ਦਰਿਆ ਵਿੱਚ ਵੱਡਾ ਪਾੜ ਪੈ ਗਿਆ ਸੀ। ਇਸ ਨਾਲ ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਨਅਤੀ ਸ਼ਹਿਰ ਦੇ ਇਲਾਕੇ ਸ਼ਿਵਪੁਰੀ, ਢੋਕਾ ਮੁਹੱਲੇ ਤੇ ਤਾਜਪੁਰ ਰੋਡ ਆਦਿ ਇਲਾਕਿਆਂ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਭਰ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿੱਚੋਂ ਪਾਣੀ ਤਾਂ ਨਿਕਲ ਗਿਆ ਹੈ, ਪਰ ਇਨ੍ਹਾਂ ਇਲਾਕਿਆਂ ਵਿੱਚ ਫ਼ੈਲੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ਗਿਆ ਹੈ। ਸ਼ਿਵਪੁਰੀ ਇਲਾਕੇ ਦੇ ਰਹਿਣ ਵਾਲੇ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਪੰਜ ਦਿਨ ਤੱਕ ਬੁੱਢੇ ਦਰਿਆ ਦਾ ਗੰਦਾ ਪਾਣੀ ਖੜ੍ਹਾ ਰਿਹਾ, ਪਰ ਪ੍ਰਸ਼ਾਸਨ ਨੇ ਕੋਈ ਖ਼ਬਰਸਾਰ ਨਹੀਂ ਲਈ। ਹੁਣ ਇਨ੍ਹਾਂ ਇਲਾਕਿਆਂ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਤਾਜਪੁਰ ਰੋਡ ਦੇ ਰਹਿਣ ਵਾਲੇ ਹਰਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਤਾਂ ਨਿਕਲ ਗਿਆ, ਪਰ ਕੂੜਾ ਹਾਲੇ ਵੀ ਇਲਾਕੇ ਵਿੱਚ ਹੀ ਹੈ। ਉਧਰ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕੀਤੇ ਗਏ ਰਾਹਤ ਉਪਰਾਲਿਆਂ ਦੇ ਚਲਦਿਆਂ ਜ਼ਿਲ੍ਹਾ ਲੁਧਿਆਣਾ ਵਿੱਚ ਮਹਾਂਮਾਰੀ ਆਦਿ ਫੈਲਣ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦਾ ਪਤਾ ਲੱਗਾ ਸੀ ਤਾਂ ਉਸੇ ਵੇਲੇ ਹੀ ਸਿਹਤ ਵਿਭਾਗ ਵੱਲੋਂ ਬਚਾਅ ਕਾਰਜ ਆਰੰਭ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਪਿੰਡਾਂ ਵਿੱਚ ਲਗਾਤਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿੰਡ ਗੜ੍ਹੀ ਫਾਜ਼ਲ, ਭੋਲੇਵਾਲ ਕਦੀਮ ਅਤੇ ਨਵਾਂ ਖਹਿਰਾ ਬੇਟ ਵਿੱਚ ਪੱਕੇ ਤੌਰ ’ਤੇ ਕੈਂਪ ਲਗਾਏ ਗਏ ਹਨ, ਬਾਕੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ 16 ਟੀਮਾਂ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਹੜ੍ਹ ਦੀ ਸਥਿਤੀ ਦੌਰਾਨ ਉਨ੍ਹਾਂ ਕੋਲ ਹੁਣ ਤੱਕ 550 ਦੇ ਕਰੀਬ ਮਰੀਜ਼ ਦਵਾਈ ਲਈ ਪਹੁੰਚੇ ਹਨ, ਜਿਨ੍ਹਾਂ ਨੂੰ ਜਨਰਲ ਦਵਾਈ ਹੀ ਦੇਣ ਦੀ ਲੋੜ ਪਈ ਹੈ। ਕਿਸੇ ਵੀ ਮਰੀਜ਼ ਨੂੰ ਚਮੜੀ ਜਾਂ ਹੋਰ ਭਿਆਨਕ ਬਿਮਾਰੀ ਸਾਹਮਣੇ ਨਹੀਂ ਆਈ ਹੈ। ਮਰੀਜ਼ਾਂ ਨੂੰ ਦੇਣ ਲਈ ਵਿਭਾਗ ਕੋਲ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਓ.ਆਰ.ਐੱਸ. ਦੇ ਪੈਕੇਟ ਅਤੇ ਕਲੋਰੀਨ ਦੀਆਂ ਗੋਲੀਆਂ ਲੋੜੀਂਦੀ ਮਾਤਰਾ ਵਿੱਚ ਵੰਡੀਆਂ ਜਾ ਰਹੀਆਂ ਹਨ।

Previous articleਗੜ੍ਹਸ਼ੰਕਰ ’ਚ ਦਿਨ ਦਿਹਾੜੇ ਕਾਰੀਗਰ ਦਾ ਕਤਲ
Next articleਬਾਰਸੀਲੋਨਾ ਦੀ ਰਿਆਲ ਬੈਟਿਸ ’ਤੇ ਜਿੱਤ