ਮੋਗਾ- ਇੱਥੋਂ ਨੇੜਲੇ ਪਿੰਡ ਸੈਦਪੁਰ ਜਲਾਲ ’ਚ ਪੰਜਾਬ ਪੁਲੀਸ ਦੇ ਹੌਲਦਾਰ ਨੇ ਐਤਵਾਰ ਸਵੇਰੇ ਆਪਣੀ ਪਤਨੀ ਸਣੇ ਸਹੁਰਾ ਪਰਿਵਾਰ ਦੇ 4 ਜੀਆਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਮੁਲਜ਼ਮ ਕੁਲਵਿੰਦਰ ਸਿੰਘ ਨੇ ਵਾਰਦਾਤ ਲਈ ਆਪਣੀ ਸਰਕਾਰੀ ਏਕੇ 47 ਰਾਈਫ਼ਲ ਵਰਤੀ। ਮ੍ਰਿਤਕਾਂ ’ਚ ਪਤਨੀ ਤੋਂ ਇਲਾਵਾ ਉਸ ਦੀ ਸੱਸ, ਸਾਲਾ ਤੇ ਸਾਲੇਹਾਰ ਸ਼ਾਮਲ ਹੈ। ਉਹ ਸਥਾਨਕ ਪੁਲੀਸ ਲਾਈਨ ’ਚ ਦੰਗਾ ਰੋਕੂ ਟੀਮ ’ਚ ਤਾਇਨਾਤ ਹੈ। ਮ੍ਰਿਤਕ ਜੋੜੇ ਦੀ 10 ਸਾਲਾ ਬੱਚੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਈ। ਹੌਲਦਾਰ ਨੇ ਆਤਮ-ਸਮਰਪਣ ਵੀ ਕਰ ਦਿੱਤਾ ਹੈ। ਵੇਰਵਿਆਂ ਮੁਤਾਬਕ ਮੁਲਜ਼ਮ ਹੌਲਦਾਰ ਦਾ ਸਹੁਰਾ ਪਰਿਵਾਰ ਨਾਲ ਸੂਰ ਫਾਰਮਿੰਗ ਦਾ ਸਾਂਝਾ ਕਾਰੋਬਾਰ ਸੀ ਤੇ ਪੈਸਿਆਂ ਦੇ ਲੈਣ-ਦੇਣ ਬਾਰੇ ਕਿਸੇ ਤਕਰਾਰ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮ ਕੁਲਵਿੰਦਰ ਸਿੰਘ ਮੂਲ ਰੂਪ ’ਚ ਪਿੰਡ ਲੱਲੇ ਬੂਹ (ਮੱਖੂ) ਦਾ ਰਹਿਣ ਵਾਲਾ ਹੈ ਤੇ ਪੁਲੀਸ ਲਾਈਨ ਸਾਹਮਣੇ ਮੁਹੱਲੇ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਪਹਿਲੀ ਪਤਨੀ ਦੀ ਮੌਤ ਹੋਣ ਕਾਰਨ ਉਸ ਨੇ ਰਾਜਵਿੰਦਰ ਕੌਰ ਨਾਲ ਕਰੀਬ 25 ਸਾਲ ਪਹਿਲਾਂ ਦੂਜਾ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਇੱਕ ਪੁੱਤਰ ਹੈ ਤੇ ਪਹਿਲੇ ਵਿਆਹ ਦੇ 2 ਬੱਚਿਆਂ ’ਚੋਂ ਲੜਕੀ ਵਿਆਹੀ ਹੋਈ ਹੈ। ਉਹ ਅੱਜ ਤੜਕਸਾਰ ਪੁਲੀਸ ਲਾਈਨ ’ਚੋਂ ਡਿਊਟੀ ’ਤੇ ਜਾਣ ਦਾ ਬਹਾਨਾ ਬਣਾ ਸਰਕਾਰੀ ਏਕੇ 47 ਰਾਈਫਲ ਲੈ ਸਤਲੁਜ ਦਰਿਆ ਨੇੜੇ ਆਪਣੇ ਸਹੁਰੇ ਪਿੰਡ ਸੈਦਪੁਰ ਜਲਾਲ ਪਹੁੰਚ ਗਿਆ ਤੇ ਸਵੇਰੇ ਕਰੀਬ 6 ਵਜੇ ਉਸ ਨੇ ਸੁੱਤੇ ਪਏ ਪਰਿਵਾਰ ’ਤੇ ਏਕੇ 47 ਰਾਈਫਲ ਨਾਲ ਫਾਇਰ ਕਰ ਦਿੱਤੇ। ਪਤਨੀ ਰਾਜਵਿੰਦਰ ਕੌਰ (45), ਸਾਲੇ ਜਸਕਰਨ ਸਿੰਘ (40), ਸਾਲੇਹਾਰ ਇੰਦਰਜੀਤ ਕੌਰ (32) ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਸੱਸ ਸੁਖਵਿੰਦਰ ਕੌਰ (65) ਦੀ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਖ਼ਮੀ 10 ਸਾਲਾ ਬੱਚੀ ਜਸ਼ਨਪ੍ਰੀਤ ਕੌਰ ਇੱਥੇ ਜੇਰੇ ਇਲਾਜ ਹੈ। ਪਿੰਡ ਦੇ ਲੋਕਾਂ ਮੁਤਾਬਕ ਮੁਲਜ਼ਮ ਨੇ ਵਾਰਦਾਤ ਮਗਰੋਂ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਲਲਕਾਰੇ ਵੀ ਮਾਰੇ। ਲੋਕਾਂ ਨੇ ਦੱਸਿਆ ਕਿ ਹੌਲਦਾਰ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਵੀ ਰਹਿੰਦਾ ਸੀ। ਸ਼ਨਿਚਰਵਾਰ ਝਗੜਾ ਕਰ ਕੇ ਉਹ ਪੇਕੇ ਚਲੀ ਗਈ ਸੀ। ਉਨ੍ਹਾਂ ਥਾਣਾ ਧਰਮਕੋਟ ’ਚ ਹੌਲਦਾਰ ਖ਼ਿਲਾਫ਼ ਸ਼ਿਕਾਇਤ ਵੀ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਨਵ-ਨਿਯੁਕਤ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਵੀ ਮੌਕੇ ’ਤੇ ਪੁੱਜੇ। ਡੀਐੱਸਪੀ (ਧਰਮਕੋਟ) ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁਲਜ਼ਮ ਦੇ ਸਹੁਰੇ ਬੋਹੜ ਸਿੰਘ ਦੇ ਬਿਆਨਾਂ ਉੱਤੇ ਹੌਲਦਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
HOME ਹੌਲਦਾਰ ਨੇ ਪਤਨੀ ਸਣੇ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਗੋਲੀ ਮਾਰੀ