ਮਹਿਬੂਬਾ ’ਤੇ ਪੀਐੱਸਏ ਲਾਉਣ ਪਿੱਛੇ ‘ਡੈਡੀ’ਜ਼ ਗਰਲ’ ਦਾ ਹਵਾਲਾ

ਸ੍ਰੀਨਗਰ- ਸਰਕਾਰੀ ਰਿਕਾਰਡ ਮੁਤਾਬਕ ਮਹਿਬੂਬਾ ਮੁਫ਼ਤੀ ਨੂੰ ਸਖ਼ਤ ਜਨਤਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਹਿਰਾਸਤ ਵਿਚ ਰੱਖਣ ਲਈ ਦਿੱਤੇ ਕਾਰਨਾਂ ’ਚ ਕਿਸੇ ਨੂੰ ਵੀ ਉਨ੍ਹਾਂ ਦੇ ਪਿਤਾ ਮੁਫ਼ਤੀ ਮੁਹੰਮਦ ਸਈਦ ਨਾਲ ਨਹੀਂ ਜੋੜਿਆ ਗਿਆ। ਸੱਤ ਸਫ਼ਿਆਂ ਦਾ ਜਿਹੜਾ ਹੁਕਮ 60 ਸਾਲਾ ਪੀਡੀਪੀ ਮੁਖੀ ਨੂੰ ਭੇਜਿਆ ਗਿਆ ਹੈ, ਉਸ ’ਚ 12 ਕਾਰਨ ਦਿੱਤੇ ਗਏ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਡੋਜ਼ੀਅਰ ਜ਼ਿਲ੍ਹਾ ਮੈਜਿਸਟਰੇਟ ਨੂੰ ਦਿੱਤਾ ਜਾਂਦਾ ਹੈ, ਜੋ ਕਿ ਆਪਣੇ ਵਿਵੇਕ ਨਾਲ ਕਿਸੇ ਨੂੰ ਹਿਰਾਸਤ ਵਿਚ ਰੱਖਣ ਦਾ ਫ਼ੈਸਲਾ ਲੈਂਦਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਡੋਜ਼ੀਅਰ ’ਚ ਕਿਹਾ ਹੈ ਕਿ ਹਿਰਾਸਤ ਲਈ ਲਾਜ਼ਮੀ ਕਾਰਨ ‘ਮਹਿਬੂਬਾ ਵੱਲੋਂ ਅਪਣਾਏ ਜਾਂਦੇ ਖ਼ਤਰਨਾਕ ਤੇ ਧੋਖੇਬਾਜ਼ੀ ਵਾਲੇ ਢੰਗ-ਤਰੀਕੇ, ਹੜੱਪਣ ਵਾਲੀ ਸ਼ਖ਼ਸੀਅਤ ਤੇ ਲੋਕਾਂ ਵੱਲੋਂ ਉਸ ਦਾ ਸੁਭਾਅ ਪਿਓ ਵਰਗਾ ਦੱਸਣਾ (ਡੈਡੀ’ਜ਼ ਗਰਲ), ਕੋਟਾ ਰਾਣੀ’ ਆਦਿ ਹਨ। ਹਾਲਾਂਕਿ ਮੈਜਿਸਟਰੇਟ ਨੇ ਪੀਐੱਸਏ ਤਹਿਤ ਹੁਕਮ ਦੇਣ ਵੇਲੇ ਇਨ੍ਹਾਂ ਕਾਰਨਾਂ ਨੂੰ ਸ਼ਾਮਲ ਨਹੀਂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਡੋਜ਼ੀਅਰ ਸਿਰਫ਼ ਕਾਰਨਾਂ ਦੀ ਸ਼ਨਾਖ਼ਤ ਕਰਦਾ ਹੈ।
ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਅਜਿਹੇ ਸ਼ਬਦ ਡੋਜ਼ੀਅਰ ’ਚ ਹੋਣ ਲਈ ਅਫਸੋਸ ਜ਼ਾਹਿਰ ਕਰ ਚੁੱਕੇ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਦਸਤਾਵੇਜ਼ ਖ਼ੁਫ਼ੀਆ ਹੁੰਦਾ ਹੈ, ਜਨਤਕ ਕਿਵੇਂ ਹੋ ਗਿਆ। ਬਾਕੀ ਕਾਰਨਾਂ ’ਚ ਮੁਫ਼ਤੀ ’ਤੇ ਹਿੰਸਾ ਨੂੰ ਸ਼ਹਿ ਦੇਣ, ਭੜਕਾਊ ਭਾਸ਼ਨ ਦੇਣ, ਵੰਡਪਾਊ ਸਿਆਸਤ ਕਰਨ, ਦਹਿਸ਼ਤਗਰਦਾਂ ਦੀ ਸਿਫ਼ਤ ਕਰਦੇ ਭਾਸ਼ਨ ਦੇਣ ਦਾ ਹਵਾਲਾ ਦਿੱਤਾ ਗਿਆ ਹੈ।

Previous articleਹੌਲਦਾਰ ਨੇ ਪਤਨੀ ਸਣੇ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਗੋਲੀ ਮਾਰੀ
Next articleਸ਼ਾਹੀਨ ਬਾਗ਼: ਮਨਜ਼ੂਰੀ ਨਾ ਮਿਲਣ ਕਰਕੇ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਰੱਦ