ਹੌਦ ਚਿੱਲੜ ਜੰਗ ਜਾਰੀ ਹੈ

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

(ਸਮਾਜ ਵੀਕਲੀ)

-ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ,
+91 9872099100

ਇੱਕ ਨਵੰਬਰ ਤੇ ਦੋ ਨਵੰਬਰ 1984 ਸਿੱਖ ਕਤਲੇਆਮ ਦਾ ਕਹਿਰੀ ਭਾਣਾ ਵਰਤਿਆ ਭਾਵਂੇ ਸਾਢੇ ਤਿੰਨ ਦਹਾਕੇ ਗੁਜ਼ਰ ਚੁੱਕੇ ਹਨ, ਪਰ ਜ੍ਹਿਨਾਂ ਨੇ ਪੀੜ ਆਪਣੇ ਪਿੰਡੇ ਤੇ ਹੰਢਾਈ ਹੈ ਉਹਨਾਂ ਨੂੰ ਤਾਂ ਅਜੇ ਇਹ ਕੱਲ ਦੀ ਗੱਲ ਲੱਗਦੀ ਹੈ । ਭਾਵੇਂ ਆਮ ਸਿੱਖਾਂ ਲਈ ਇਹ ਮੋਮਬੱਤੀਆਂ ਫੜ ਮਾਰਚ ਤੇ ਕਾਲ਼ੇ ਝੰਡੇ ਲਹਿਰਾਉਣ ਤੋਂ ਵੱਧ ਕੱਝ ਨਹੀਂ । ਸੋਚਦਾਂ ਹਾਂ! ਮਨੁੱਖ ਐਨਾ ਕਿਵੇਂ ਗਿਰ ਸਕਦਾ ਹੈ, ਕਿ ਛੋਟੇ ਛੋਟੇ ਬੱਚਿਆਂ ਨੂੰ ਕੰਧਾ ਨਾਲ਼ ਪਟਕਾ-ਪਟਕਾ ਕੇ ਹੀ ਮਾਰ ਦੇਵੇ ।ਧੀਆਂ ਦੇ ਚੁਰਸਤੇ ਵਿੱਚ ਸਮੂਹਿਕ ਬਲਤਕਾਰ ਕੀਤੇ ਜਾਣ ਤੇ ਪਾਣੀ-ਪਾਣੀ ਮੰਗਣ ਤੇ ਉਹਨਾਂ ਦੇ ਮੂੰਹ ਵਿੱਚ ਪੇਸਾਬ ਪਾਇਆ ਜਾਵੇ ਇਸ ਤੋਂ ਵੱਧ ਹੈਵਾਨੀਅਤ ਹੋਰ ਨਹੀਂ ਹੋ ਸਕਦੀ । ਜਨਵਰੀ 2011 ਤੋਂ ਪਹਿਲਾਂ 1984 ਦੇ ਕਹਿਰ ਪ੍ਰਤੀ ਮੈਂ ਵੀ ਏਨਾਂ ਸੰਵੇਦਨਸ਼ੀਲ ਨਹੀਂ ਸੀ । 1984 ਨੂੰ ਮੇਰੀ ਉਮਰ ਮਸਾਂ ਹੀ ਨੌਂ ਵਰਿਆਂ ਦੀ ਸੀ । ਨਵੰਬਰ 1984 ਸਿੱਖ ਕਤਲੇਆਮ ਬਾਰੇ ਜੋ ਕੁੱਝ ਪੜਿਆ ਸੀ ਉਸ ਨਾਲ਼ ਏਨੀਂ ਸੰਵੇਦਨਸੀਲਤਾ ਨਹੀਂ ਸੀ ਜਾਗੀ, ਜਿੰਨੀ ਹੈਵਾਨੀਅਤ ਦੇ ਨੰਗੇ ਨਾਚ ਦੇ ਗਵਾਹ ਪਿੰਡ ਹੌਦ ਚਿੱਲੜ ਨੂੰ ਵੇਖ ਕੇ ਜਾਗੀ ਹੈ।

ਹੌਦ ਚਿੱਲੜ ਦੀ ਇੱਕ-ਇੱਕ ਇੱਟ ਸਮੁੱਚੇ ਕਤਲੇਆਮ ਦੀ ਗਵਾਹ ਹੈ ਜੋ ਅੱਜ ਛੱਤੀ ਵਰਿਆਂ ਬਾਅਦ, ਮਰ ਕੇ ਵੀ ਜਿੰਦਾ ਹੈ । ਉਸ ਪਿੰਡ ਦੀਆਂ ਬਚੀਆਂ ਖੁਚੀਆਂ ਹਵੇਲੀਆਂ ਉਸ ਆਤੰਕ ਦੀਆਂ ਗਵਾਹ ਹਨ ਜੋ 2 ਨਵੰਬਰ 1984 ਨੂੰ ਵਾਪਰਿਆ ਸੀ । ਕੀ ਕਸੂਰ ਸੀ ਸੁਰਜੀਤ ਕੌਰ ਦੇ ਦੋ ਅਤੇ ਤਿੰਨ ਸਾਲ਼ ਦੇ ਸਕੇ ਭਾਈਆਂ ਜਸਬੀਰ ਸਿੰਘ ਤੇ ਸਤਬੀਰ ਸਿੰਘ ਦਾ, ਜਿਨ੍ਹਾਂ ਨੂੰ ਵਹਿਸ਼ੀ ਦਰਿੰਦਿਆਂ ਨੇ ਕੰਧਾ ਨਾਲ਼ ਪਟਕਾ-ਪਟਕਾ ਕੇ ਹੀ ਮਾਰ ਦਿੱਤਾ ਸੀ । ਉਹਨਾਂ ਅਬੋਧ ਬਾਲਕਾਂ ਨੂੰ ਤਾਂ ਏਹ ਵੀ ਗਿਆਨ ਨਹੀਂ ਹੋਣਾ ਕਿ ਸਿੱਖ ਕੌਣ ਹੁੰਦੇ ਹਨ ਅਤੇ ਹਿੰਦੂ ਕੌਣ ? ਐਫ ਆਈ ਆਰ ਨੰਬਰ 91 ਮੁਤਾਬਕ ਤੇ ਪਿੰਡ ਦੇ ਸਰਪੰਚ ਧਨਪਤ ਮੁਤਾਬਕ ਕਾਤਲ ਟੋਲੇ ਨਾਹਰੇ ਲਗਾ ਰਹੇ ਸਨ ਕਿ ਸਿੱਖ ਗਦਾਰ ਹੈਂ, ਇੰਨਹੇ ਨਹੀਂ ਛੋਡੇਗੇਂ । ਕੀ ਕਸੂਰ ਸੀ ਪਟੌਦੀ ਵਾਸੀ ਇੱਕ ਸਿੱਖ ਦੀਆਂ ਬਾਲੜੀਆਂ ਦਾ ਜਿਨ੍ਹਾ ਨਾਲ਼ ਸ਼ਰੇ ਬਜ਼ਾਰ ਸੈਕੜੇ ਗੁੰਡਿਆਂ ਨੇ ਕੁਕਰਮ ਕੀਤਾ ਅਤੇ ਪਾਣੀ ਮੰਗਣ ਤੇ ਉਹਨਾਂ ਦੇ ਮੂੰਹ ਤੇ ਪੇਸ਼ਾਬ ਕੀਤਾ ਤੇ ਉਹਨਾਂ ਨੂੰ ਥਾਏ ਹੀ ਮਾਰ ਦਿਤਾ ।

ਹੌਦ ਪਿੰਡ ਦੀ ਇੱਕ ਇੱਕ ਇੱਟ ਚੀਖਦੀ ਹੈ, ਉਹ 2 ਨਵੰਬਰ 1984 ਨੂੰ ਹੋਈ ਦਰਿੰਦਗੀ ਦੀ ਕਹਾਣੀ ਆਪੇ ਬਿਆਨ ਕਰਦੀ ਹੈ । ਹੌਦ ਪਿੰਡ ਜਾ ਕੇ ਕਿਸੇ ਤੋਂ ਪੁੱਛਣ ਦੀ ਜਰੂਰਤ ਨਹੀਂ ਰਹਿੰਦੀ ਕਿ ਨਵੰਬਰ 1984 ਨੂੰ ਕੀ ਹੋਇਆ ਹੋਵੇਗਾ । ਘਰਾਂ ਵਿੱਚ ਜਲ਼ੀ ਕਣਕ ਅਜੇ ਤੱਕ ਮੌਜੂਦ ਹੈ ਜੋ ਇਹ ਦੱਸਦੀ ਹੈ ਕਿ ਜਿਉਂਦੇ ਬੰਦਿਆਂ ਨੂੰ ਕਿਵੇਂ ਫੂਕ ਦਿੱਤਾ ਗਿਆ ਸੀ ਅਤੇ ਚਿੱਲੜ ਪਿੰਡ ਦੇ ਲੋਕ ਜਿਹੜੇ ਹੁਣ ਆਪਣੇ ਆਪ ਨੂੰ ਹਮਾਇਤੀ ਦਰਸਾਉਂਦੇ ਹਨ ਕਿਵੇਂ ਖੜੇ ਤਮਾਸ਼ਾ ਵੇਖਦੇ ਸਨ । ਉਹ ਮਾਸੂਮਾਂ ਦੀਆਂ ਚੀਖਾਂ ਸੁਣਦੇ ਰਹੇ ਪਰ ਕਿਸੇ ਨੇ ਵੀ ਉਹਨਾਂ ਸਿੱਖਾਂ ਨੂੰ ਬਚਾਉਣਾ ਜਰੂਰੀ ਨਹੀਂ ਸਮਝਿਆ ਸਮੇਤ ਪੁਲਿਸ ਪ੍ਰਸ਼ਾਸਨ ਦੇ । ਇਹ ਮੈਂ ਆਪਣੇ ਕੋਲ਼ੋ ਨਹੀਂ ਕਹਿ ਰਿਹਾ ਗਰਗ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸੱਭ ਸੱਚੋ ਸੱਚ ਬਿਆਨ ਕੀਤਾ ਹੈ ।

ਹੌਦ ਚਿੱਲੜ ਦਾ ਕੇਸ ਮਾਰਚ 2011 ਤੋਂ 2016 ਤੱਕ ਹਿਸਾਰ ਵਿੱਖੇ ਇੱਕ ਮੈਂਬਰੀ ਕਮਿਸ਼ਨ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਚੱਲਿਆ ਤੇ ਹੁਣ 2017 ਤੋਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ । ਗਰਗ ਕਮਿਸ਼ਨ ਦੀ 26 ਸਾਲਾਂ ਬਾਅਦ 2011 ਨੂੰ ਨਿਯੁਕਤੀ ਕਰਵਾਉਣ ਲਈ ਮੈਂਨੂੰ ਆਪਣੀ ਨੌਕਰੀ ਦੀ ਬਲੀ ਦੇਣੀ ਪਈ ।ਹੁਣ ਤੱਕ ਜੋ ਇਸ ਕੇਸ ਵਿੱਚ ਹੋਇਆ ਉਸ ਅਨੁਸਾਰ ਹਰਿਆਣਾ ਸਰਕਾਰ ਵਲੋਂ 6 ਮਾਰਚ 2011 ਜਸਟਿਸ ਟੀ.ਪੀ. ਗਰਗ ਕਮਿਸਨ ਕਾਇਮ ਕੀਤਾ ।ਇਸ ਦਾ ਨੋਟੀਫਿਕੇਸ਼ਨ ਅਗਸਤ ਮਹੀਨੇ ਜਾਰੀ ਹੋਇਆ । ਜਦੋਂ ਕਮਿਸ਼ਨ ਕਾਇਮ ਹੋਇਆ ਸੀ ਤਾਂ ਸਰਕਾਰ ਨੇ ਕਿਹਾ ਸੀ ਕਿ ਇਸ ਦੀ ਰੀਪੋਰਟ ਛੇ ਮਹੀਨੇ ਵਿੱਚ ਆ ਜਾਏਗੀ ਪਰ ਛੇ ਸਾਲ ਸੁਣਵਾਈ ਚੱਲਦੀ ਰਹੀ ।ਪਹਿਲਾਂ ਕਮਿਸ਼ਨ ਬਾਰੇ ਇਹ ਸਮਝਦੇ ਸੀ ਕਿ ਇਹ ਕਮਿਸ਼ਨ ਪੂਰੇ ਹਰਿਆਣੇ ਲਈ ਹੈ । ਜਦੋਂ ਗੁੜਗਾਉਂ, ਪਟੌਦੀ ਦੇ ਪੀੜਤ ਗਰਗ ਕਮਿਸਨ ਦੇ ਸਨਮੁੱਖ ਪੇਸ਼ ਹੋਏ ਤਾਂ ਕਮਿਸ਼ਨ ਨੇ ਸਾਫ ਸ਼ਬਦਾ ਵਿੱਚ ਕਿਹਾ ਕਿ ਇਸ ਨੂੰ ਸਿਰਫ ਹੋਦ ਚਿੱਲੜ ਦੀ ਇੰਨਕੁਆਇਰੀ ਲਈ ਹੀ ਬਣਾਇਆ ਗਿਆ ਹੈ । ਸਾਡੇ ਵਲੋਂ ਦਸੰਬਰ 2011 ਵਿੱਚ ਰਿੱਟ 3821 ਪਾਈ ਗਈ ਅਤੇ ਉਸ ਰਿੱਟ ਤਹਿਤ 17.07.2012 ਨੂੰ ਨੋਟੀਫਿਕੇਸ਼ਨ ਜਰੀਏ ਕਮਿਸਨ ਦੇ ਘੇਰੇ ਵਿੱਚ ਗੁੜਗਾਉਂ, ਪਟੌਦੀ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਥੇ 47 ਸਿੱਖਾਂ ਦਾ ਵਹਿਸੀਆਨਾ ਕਤਲੇਆਮ ਕੀਤਾ ਗਿਆ ਸੀ । ‘ਗਰਗ ਕਮਿਸ਼ਨ’ ਵਲੋਂ 26.07.2013 ਨੂੰ ਹੋਦ ਚਿੱਲੜ ਪਿੰਡ ਦਾ ਦੌਰਾ ਕੀਤਾ ਗਿਆ ਉਸ ਦਿਨ ਜੱਜ ਸਾਹਿਬ ਦੇ ਅੱਖਾਂ ਵਿੱਚ ਛਲਕਦੇ ਹੰਝੂ ਸਾਫ ਦਿਖਾਈ ਦੇ ਰਹੇ ਸਨ ।

18.05.13 ਸੁਰਜੀਤ ਕੌਰ ਨੇ ਆਪਣੇ ਪਰਿਵਾਰ ਦੇ ਕਤਲ ਕੀਤੇ 12 ਜੀਆਂ ਦੀ ਸੂਚੀ ਗਰਗ ਕਮਿਸ਼ਨ ਨੂੰ ਸੌਂਪੀ । ਜਿਸ ਨੇ ਸਾਰੇ ਪੰਜਾਬ ਨੂੰ ਰੁਆ ਦਿੱਤਾ ਸੀ।  ਜਿਸ ਵਿੱਚ ਉਹਨਾਂ ਦੇ ਦਾਦਾ ਗੁਰਦਿਆਲ ਸਿੰਘ, ਦਾਦੀ ਜਮਨਾ ਬਾਈ, ਪਿਤਾ ਅਰਜਨ ਸਿੰਘ, ਮਾਤਾ ਪ੍ਰੀਤਮ ਕੌਰ । ਦੋ ਛੋਟੇ ਭਾਈ ਜਸਬੀਰ ਸਿੰਘ ਤੇ ਸਤਿਬੀਰ ਸਿੰਘ ਜਿਹੜੇ ਕ੍ਰਮਵਾਰ ਦੋ ਅਤੇ ਤਿੰਨ ਸਾਲ ਦੇ ਸਨ । ਤਿੰਨ ਭੂਆ ਜੋਗਿੰਦਰ ਕੌਰ, ਜਸਬੀਰ ਕੌਰ ਤੇ ਸੁਨੀਤਾ ਦੇਵੀ । ਤਿੰਨ ਚਾਚੇ ਮਹਿੰਦਰ ਸਿੰਘ,ਗੁਰਚਰਨ ਸਿੰਘ ਤੇ ਗਿਆਨ ਸਿੰਘ ਸਾਮਿਲ ਸਨ ।

4 ਜੂਨ 2013 ਗੁੜਗਾਉਂ ਪ੍ਰਸਾਸਨ ਨੇ ਰਿਪੋਰਟ ਗਰਗ ਕਮਿਸ਼ਨ ਦੇ ਸਨਮੁੱਖ ਦਰਜ ਕਰਵਾਈ ਕਿ ਏਥੇ ਅਜਿਹਾ ਕੁੱਝ ਨਹੀਂ ਹੋਇਆਂ ਜਦੋਂਕਿ ਪੀੜਤਾਂ ਵਲੋਂ ਗੁੜਗਾਓ, ਪਟੌਦੀ ਵਿੱਚ ਕਤਲ ਕੀਤੇ 47 ਸਿੱਖਾ ਦੀ ਸੂਚੀ ਜਿਸ ਵਿੱਚ ਮ੍ਰਿਤਕ ਦਾ ਨਾਮ ਅਤੇ ਸਾੜੇ ਘਰਾਂ ਦੀ ਲਿਸਟ ਸੀ, ਗਰਗ ਕਮਿਸ਼ਨ ਦੇ ਸਨਮੁੱਖ ਪੇਸ਼ ਕਰ ਪ੍ਰਸਾਸਨ ਦੇ ਝੂਠ ਦਾ ਪਰਦਾਫਾਸ ਕੀਤਾ ।

4 ਜੁਲਾਈ 2013 ਨੂੰ ਬਲਵੰਤ ਸਿੰਘ ਨੇ ਉਸ ਦੇ ਪਰਿਵਾਰ ਦੇੇ ਕਤਲ ਕੀਤੇ 11 ਜੀਆਂ ਦੀ ਸੂਚੀ ਜੱਜ ਸਾਹਿਬ ਨੂੰ ਸੌਂਪੀ ਜਿਸ ਵਿੱਚ ਉਹਨਾਂ ਦੇ ਦਾਦਾ ਗੁਲਾਬ ਸਿੰਘ ਪਿਤਾ ਕਰਤਾਰ ਸਿੰਘ,ਮਾਤਾ ਧੰਨੀ ਬਾਈ, ਭਾਈ ਭਗਵਾਨ ਸਿੰਘ, ਭਾਬੀ ਕ੍ਰਿਸਨਾ ਦੇਵੀ, ਚਾਰ ਭਤੀਜੇ ਮਨੋਹਰ ਸਿੰਘ,ਚੰਚਲ ਸਿੰਘ, ਸੁੰਦਰ ਸਿੰਘ ਤੇ ਇੰਦਰ ਸਿੰਘ, ਦੋ ਭੈਣਾਂ ਤਾਰਾ ਵੰਤੀ ਤੇ ਵੀਰਨਾ ਵਾਲੀ ਸ਼ਾਮਿਲ ਸਨ ।

ਅਗਸਤ 2013 ਨੂੰ ਫੌਜੀ ਜਵਾਨ ਦੀ ਵਿਧਵਾ ਬੀਬੀ ਕਮਲਜੀਤ ਕੌਰ ਵਲੋਂ ਆਪਣੇ ਪਤੀ ਇੰਦਰਜੀਤ ਸਿੰਘ ਦੀ ਮੌਤ ਦਾ ਖੁਲਾਸਾ ਕੀਤਾ ਗਿਆ, ਸਾਡੇ ਯਤਨਾ ਸਦਕਾ ਉਸ ਭੈਣ ਨੂੰ ਸਰਕਾਰੀ ਪੈਨਸ਼ਨ ਮਿਲਣੀ ਆਰੰਭ ਹੋਈ ਹੈ । ਅਕਤੂਬਰ 2013 ਵਿੱਚ ਈਸਵਰੀ ਦੇਵੀ ਆਪਣੇ ਪਿਤਾ ਤਖਤ ਸਿੰਘ ਦੀ ਮੌਤ ਦਾ ਖੁਲਸਾ ਕੀਤਾ ।

ਨਵੰਬਰ 2013 ਨੂੰ ਗੁੱਡੀ ਦੇਵੀ ਵਲੋਂ ਆਪਣੇ ਪਰਿਵਾਰ ਦੇ ਮੌਤ ਦੇ ਘਾਟ ਉਤਾਰੇ ਛੇ ਜੀਆਂ ਦਾ ਖੁਲਾਸਾ ਕੀਤਾ ਜਿਸ ਵਿੱਚ ਉਸ ਦੇ ਪਿਤਾ ਸਰਦਾਰ ਸਿੰਘ ਦੋ ਭਾਈ ਹਰਭਜਨ ਸਿੰਘ ਤੇ ਧੰਨ ਸਿੰਘ ਦੋ ਭੈਣਾ ਮੀਰਾਂ ਬਾਈ, ਸੁਰਜੀਤ ਕੌਰ ਤੇ ਭਰਜਾਈ ਦਯਾਵੰਤੀ ਸਨ ।

ਦਸੰਬਰ 2013 ਵਿੱਚ ਹਰਨਾਮ ਸਿੰਘ ਦੀ  ਪਤਨੀ ਅੰਮ੍ਰਿਤ ਕੌਰ ਦੀ ਮੌਤ ਦਾ ਖੁਲਾਸਾ ਹੋਇਆ । 30.01.2014 ਹੋਦ ਚਿੱਲੜ ਤਾਲਮੇਲ ਕਮੇਟੀ ਦੇ ਉੱਦਮ ਸਦਕਾ ਜ਼ਿਰਹਾ ਮੁਕੰਮਲ ਹੋਈ ਹੈ ।

2016 ਵਿੱਚ ਕਮਿਸ਼ਨ ਨੇ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਪੀਂ ਤੇ ਉਸ ਵਿੱਚ 22.6 ਕਰੋੜ ਰੁਪੈ ਪੀੜਤਾਂ ਨੂੰ ਮੁਆਵਜੇ ਦਾ ਜਿਕਰ ਸੀ ਅਤੇ ਕਤਲੇਆਮ ਦੇ ਸਹਿ ਭਾਗੀ ਚਾਰ ਪੁਲਿਸ ਦੇ ਅਫਸਰਾਂ ਦਾ ਜਿਕਰ ਕੀਤਾ ਗਿਆ ਕਿ ਇਹਨਾਂ ਮਿਲੀ ਭੁਗਤ ਨਾਲ਼ ਕਤਲੇਆਮ ਕਰਵਾਇਆ ਸੀ । ਜਨਵਰੀ 2017 ਤੱਕ ਹਰਿਆਣਾ ਸਰਕਾਰ ਨੇ ਪੀੜਤਾਂ ਨੂੰ 22.6 ਕਰੋੜ ਰੁਪੈ ਦੇ ਦਿੱਤੇ ਗਏ ਪਰ ਉਹਨਾਂ ਦੋਸ਼ੀ ਪੁਲਿਸ ਅਧਿਕਾਰੀਆਂ ਪ੍ਰਤੀ ਸਾਜਿਸੀ ਚੁੱਪੀ ਧਾਰ ਲਈ । ਸਿਰਫ ਪੈਸੇ ਮਿਲ਼ ਜਾਣੇ ਹੀ ਇੰਨਸਾਫ ਤਾਂ ਨਹੀਂ ਕਹਿ ਸਕਦੇ । ਹਿਰਦੇ ਤਾਂ ਸਾਂਤ ਉਦੋਂ ਹੋਣਗੇ ਜਦੋਂ ਦੋਸ਼ੀ ਟੰਗੇ ਜਾਣਗੇ ।

ਨਵੰਬਰ 2017 ਨੂੰ ਮੇਰੇ ਵਲੋਂ ਤਤਕਾਲੀਨ ਚਾਰ ਦੋਸ਼ੀ ਉੱਚ ਅਧਿਕਾਰੀਆਂ ਐਸ.ਪੀ. ਸਤਿੰਦਰ ਕੁਮਾਰ ਜਿਸ ਨੂੰ ਭਜਨ ਲਾਲ ਦੀ ਸਰਕਾਰ ਨੇ ਡੀ.ਜੀ.ਪੀ. ਲਗਾ ਦਿੱਤਾ ਸੀ, ਡੀ.ਐਸ.ਪੀ. ਰਾਮ ਭੱਜ ਜਿਸ ਨੂੰ ਐਸ ਐਸ.ਪੀ. ਬਣਾ ਦਿਤਾ ਗਿਆ, ਐਸ.ਆਈ ਰਾਮ ਕਿਸੋਰ ਜਿਸ ਨੂੰ ਵੀ ਐਸ ਪੀ. ਬਣਾ ਦਿਤਾ ਗਿਆ ਤੇ ਆਈ ਓ ਰਾਮ ਕੁਮਾਰ ਜਿਸ ਨੂੰ ਡੀ.ਐਸ ਪੀ ਬਣਾ ਦਿਤਾ ਗਿਆਂ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸਨ ਨੰ 17337 ਪਾਈ ਗਈ ਹੈ ਤਾਂ ਜੋ ਇਹਨਾਂ ਨੂੰ ਸਜਾ ਦਿਵਾਈ ਜਾ ਸਕੇ ਪਰ ਹਰਿਆਣਾ ਵਿਚਲੀ ਬੀ.ਜੇ.ਪੀ. ਦੀ ਸਰਕਾਰ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਗਾ ਰਹੀ ਹੈ ।ਅਗਲੀ ਪੇਸੀ 16 ਜਨਵਰੀ 2021 ਦੀ ਹੈ । ਕਈ ਕਹਿੰਦੇ ਹਨ ਕਿ ਕੀ ਫਾਇਦਾ ਸਜਾ ਤਾਂ ਹੋਣੀ ਨਹੀਂ ? ਕੀ ਇਹ ਸੋਚ ਕੇ ਅਸੀਂ ਹਥਿਆਰ ਸੁੱਟ ਕੇ ਬੈਠ ਜਾਈਏ । ਸਾਡੀ ਜੰਗ ਜਾਰੀ ਹੈ ਤੇ ਰਹੇਗੀ ।

ਮੈਂ ਜਾਨਤਾ ਹੂੰ ਕਿ ਦੁਸ਼ਮਨ ਭੀ ਕਮ ਨਹੀਂ, ਲੇਕਿਨ
ਹਮਾਰੀ ਤਰਹਾ ਜਾਨ ਹਥੇਲੀ ਪੇ ਥੋੜੀ ਹੈ (ਰਾਹਤ ਇੰਦੌਰੀ )

Previous articleUS Senate advances nomination of Judge Barrett to SC
Next articleਅੰਬੇਡਕਰ ਭਵਨ ਜਲੰਧਰ – ਬਾਬਾ ਸਾਹਿਬ ਦੀ ਵਿਰਾਸਤ ਇਸ ਦਿਨ 27 ਅਕਤੂਬਰ 1951 ਨੂੰ ਬਾਬਾ ਸਾਹਿਬ ਜਲੰਧਰ ਆਏ ਸਨ