ਲੁਧਿਆਣਾ- ਸਨਅਤੀ ਸ਼ਹਿਰ ਦੇ ਡਾਬਾ ਇਲਾਕੇ ਨੇੜੇ ਸੁਰਜੀਤ ਨਗਰ ਵਿੱਚ ਹੋਲੀ ਵਾਲੇ ਦਿਨ ਮਾਮੂਲੀ ਗੱਲ ਨੂੰ ਲੈ ਕੇ ਦੋ ਭਰਾਵਾਂ ਨੇ ਆਪਣੇ ਦੋਸਤ ਨਾਲ ਮਿਲ ਕੇ ਗੁਆਂਢ ਵਿੱਚ ਰਹਿੰਦੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਡਾਬਾ ਦੀ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਜਿਨ੍ਹਾਂ ਨੇ ਦੀਪਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਨੇ ਇਸ ਮਾਮਲੇ ਵਿਚ ਦੀਪਕ ਦੇ ਭਰਾ ਸ਼ੁਕੀਲ ਕੁਮਾਰ ਦੀ ਸ਼ਿਕਾਇਤ ’ਤੇ ਗੁਆਂਢ ’ਚ ਰਹਿੰਦੇ ਬੀਰੂ, ਉਸ ਦੇ ਭਰਾ ਰਾਮ ਮੋਹਨ, ਜਤਿੰਦਰ ਕੁਮਾਰ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਹੈ ਤੇ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਡਾਬਾ ਦੇ ਐੱਸਐੱਚਓ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਸ਼ੁਕੀਲ ਤੇ ਦੀਪਕ ਦੇ ਘਰ ਸਾਹਮਣੇ ਰੰਜੂ ਦੇਵੀ ਨਾਂ ਦੀ ਔਰਤ ਰਹਿੰਦੀ ਹੈ। ਇਨ੍ਹਾਂ ਦੋਵੇਂ ਭਰਾਵਾਂ ਨੇ ਉਸ ਔਰਤ ਨੂੰ ਭੈਣ ਬਣਾਇਆ ਹੋਇਆ ਹੈ। ਦੋ ਦਿਨ ਪਹਿਲਾਂ ਐਤਵਾਰ ਨੂੰ ਰੰਜੂ ਦਾ ਮੁਲਜ਼ਮਾਂ ਦੇ ਨਾਲ ਝਗੜਾ ਹੋ ਗਿਆ ਸੀ। ਬਾਅਦ ਵਿਚ ਇਹ ਮਾਮਲਾ ਸ਼ਾਂਤ ਹੋ ਗਿਆ। ਹੋਲੀ ਵਾਲੇ ਦਿਨ ਸਭ ਆਰਾਮ ਨਾਲ ਹੋਲੀ ਖੇਡ ਰਹੇ ਸਨ ਤੇ ਮੁਲਜ਼ਮਾਂ ਨੇ ਆ ਕੇ ਰੰਜੂ ਦੇਵੀ ਨਾਲ ਫਿਰ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੀਪਕ ਤੇ ਸ਼ੁਕੀਲ ਨੂੰ ਜਿਵੇਂ ਹੀ ਲੜਾਈ ਦਾ ਪਤਾ ਲੱਗਿਆ ਤਾਂ ਉਹ ਵੀ ਬਚਾਅ ਕਰਨ ਲਈ ਆ ਗਏ। ਦੀਪਕ ਬਚਾਅ ਲਈ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਤੇ ਤੇਜ਼ਧਾਰ ਹਥਿਆਰ ਨਾਲ ਦੀਪਕ ’ਤੇ ਕਈ ਵਾਰ ਕੀਤੇ। ਉਪਰੰਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਦੀਪਕ ਦੇ ਪਰਿਵਾਰ ਵਾਲੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਾਬਾ ਦੀ ਪੁਲੀਸ ਮੌਕੇ ’ਤੇ ਪੁੱਜੀ। ਥਾਣਾ ਡਾਬਾ ਦੇ ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਹ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕਰਨਗੇ।
INDIA ਹੋਲੀ ਵਾਲੇ ਦਿਨ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ