ਹੈਪੀ ਸੀਡਰ ਨਾਲ ਕਣਕ ਦੀ ਕਾਸ਼ਤ ਕਰਕੇ ਕਿਸਾਨ ਵੀਰ ਆਪਣੇ ਖੇਤ ਖ਼ਰਚੇ ਘਟਾ ਸਕਦੇ ਹਨ: ਸਨਦੀਪ ਸਿੰਘ ਏ ਡੀ ਓ ,ਸਮਰਾਲਾ

(ਸਮਾਜ ਵੀਕਲੀ)

ਨਿੰਦਣਾ ਕਦ ਛੱਡੋਗੇ…
ਨਿੰਦਣਾ ਸ਼ਬਦ ਇਹੋ ਜਿਹਾ ਹੈ ਜੋ ਸਾਡੇ ਸਮਾਜ ਵਿੱਚ,ਸਾਡੇ ਦੇਸ਼ ਵਿੱਚ ਅਮਲੀ ਤੌਰ ਤੇ ਕੁਝ ਜ਼ਿਆਦਾ ਹੀ ਵਰਤਿਆ ਜਾਂਦਾ ਹੈ। ਕਹਿੰਦੇ ਹਨ ਕਿ ਪਹਿਲਾਂ “ਭੰਡ” ਹੁੰਦੇ ਸਨ ਜੋ ਲੋਕਾਂ ਨੂੰ ਵਿਆਹਾਂ ਸ਼ਾਦੀਆਂ ਜਾਂ ਹੋਰ ਮੌਕਿਆਂ ਤੇ ਹੋਰ ਲੋਕਾਂ ਦੀਆਂ ਰੀਸਾਂ ਲਾ ਕੇ ਭਾਵ ਭੰਡ ਕੇ ਹਸਾਉਣ ਦਾ ਕੰਮ ਕਰਦੇ ਸਨ।ਫਿਰ ਭੰਡ ਤੋਂ ਸ਼ਬਦ ‘ਭੰਡਣਾ’ ਦੀ ਉਤਪਤੀ ਹੋ ਗਈ।ਭਾਵ ਦੂਜੇ ਦੀ ਬੁਰੀ ਗੱਲ ਨੂੰ ਚੁੱਕ ਕੇ ਥਾਂ ਥਾਂ ਉਸ ਬਾਰੇ ਚਰਚਾ ਕਰਨਾ।ਇਹ ਭੰਡਣ ਵਾਲੀ ਆਦਤ ਫਿਰ ਨਿੰਦਣ ਦਾ ਰੂਪ ਧਾਰਨ ਕਰ ਗਈ।ਨਿੰਦਣ ਵਾਲਾ ਮਨੁੱਖ ਤਾਂ ਫਿਰ ਆਪਣੇ ਆਪ ਨੂੰ ਐਨਾ ਕੁ ਸਿਆਣਾ , ਸੁਲਝਿਆ ਹੋਇਆ, ਬੁੱਧੀਜੀਵੀ, ਬੁੱਧੀਮਾਨ,ਮੰਨ ਲਓ ਕਿ ਸੋਲ਼ਾਂ ਕਲਾ ਸੰਪੂਰਨ ਸਮਝਦਾ ਹੈ। ਨਿੰਦਿਆ ਘਰਾਂ ਤੋਂ ਸ਼ੁਰੂ ਹੋ ਕੇ,ਆਂਢ ਗੁਆਂਢ, ਦਫ਼ਤਰਾਂ ਵਿੱਚ, ਸੱਥਾਂ ਵਿੱਚ, ਧਾਰਮਿਕ ਤੇ ਸਿਆਸੀ ਪ੍ਰਚਾਰਾਂ ਵਿੱਚ ,ਗੱਲ ਕੀ ਹਰ ਜਗ੍ਹਾ ਆਪਣੇ ਤੋਂ ਛੋਟੇ ਜਾਂ ਨਵਿਆਂ ਨੂੰ ਪੁਰਾਣਿਆਂ ਦੁਆਰਾ ਨਿੰਦ ਜਾਂ ਭੰਡ ਕੇ ਖੂਬ ਨੀਵਾਂ ਦਿਖਾਇਆ ਜਾਂਦਾ ਹੈ।

ਭਗਤ ਕਬੀਰ ਜੀ ਨੇ ਤਾਂ ਨਿੰਦਕ ਨੂੰ ਮਾਂ ਬਾਪ ਦਾ ਦਰਜਾ ਦੇ ਕੇ ਆਖ ਦਿੱਤਾ ਹੈ ਕਿ ਨਿੰਦਕ ਦੂਜਿਆਂ ਦਾ ਮਲਮੂਤਰ ਸਾਫ਼ ਕਰਨ ਦੇ ਸਮਾਨ ਕੰਮ ਕਰਦਾ ਹੈ:
“ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥”
ਇਸ ਦੁਨੀਆਂ ਵਿੱਚ ਜਿਸ ਮਨੁੱਖ ਨੂੰ ਮਾੜੀ ਜਿਹੀ ਸ਼ੌਹਰਤ ਮਿਲ ਜਾਵੇ ,ਬੱਸ ਫੇਰ ਕੀ ਆ,ਉਸ ਨੂੰ ਤਾਂ ਬਾਕੀ ਦੇ ਲੋਕ ਕੀੜੇ ਮਕੌੜੇ ਹੀ ਜਾਪਣ ਲੱਗ ਜਾਂਦੇ ਹਨ। ਇਹ ਨਿੰਦਣ ਵਾਲੇ ਲੋਕ ਹਰ‌ ਖੇਤਰ ਵਿੱਚ ਮੌਜੂਦ ਹੁੰਦੇ ਹਨ ਜੋ ਨਵੇਂ ਆਏ ਨੌਜਵਾਨਾਂ ਨੂੰ ਸਿਖਾਉਣ ਦੀ ਥਾਂ ਉਹਨਾਂ ਦੀ ਗਲਤੀ ਨੂੰ ਭੰਡ ਭੰਡ ਕੇ ਐਨਾ ਕੁ ਨਿੰਦਦੇ ਹਨ ਕਿ ਉਸ ਵਿਅਕਤੀ ਦਾ ਮਨੋਬਲ ਗਿਰ ਜਾਂਦਾ ਹੈ ਕਿ ਉਹ ਉਸ ਕੰਮ ਨੂੰ ਮੁੜ ਕੇ ਸਹੀ ਤਰੀਕੇ ਨਾਲ਼ ਜਾਂ ਤਾਂ ਕਰ ਨਹੀਂ ਸਕਦਾ ਜਾਂ ਫਿਰ ਨਿੰਦਣ ਵਾਲ਼ੇ ਨੇ ਉਸ ਦੀ ਪੜਤ ਐਨੀ ਕੁ ਘਟੀਆ ਬਣਾ ਦਿੱਤੀ ਹੁੰਦੀ ਹੈ ਕਿ ਉਹਨਾਂ ਨੂੰ ਉਸ ਖੇਤਰ ਵਿੱਚ ਪੈਰ ਜਮਾਉਣੇ ਔਖੇ ਹੋ ਜਾਂਦੇ ਹਨ।

ਅੱਜ ਮੈਂ ਗੱਲ ਪੰਜਾਬੀ ਦੇ ਸਾਹਿਤ ਦੇ ਖੇਤਰ ਦੀ ਕਰਨ ਲੱਗੀ ਹਾਂ। ਪਿੱਛੇ ਜਿਹੇ ਮੈਂ ਇੱਕ ਲਿਖਾਰੀ ਭਾਈ ਦੀ ਪੋਸਟ ਪੜੀ ਜਿਸ ਨੂੰ ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ।ਉਸ ਰਾਹੀਂ ਉਸ ਨੇ ਨਵੇਂ ਲੇਖਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਬਾਰੇ ਲਿਖਿਆ ਸੀ ਕਿ ਉਹ ਕੁਝ ਸਿੱਖ ਕੇ ਨਹੀਂ ਆਉਂਦੇ ,ਉਹ ਗੁਰੂ ਧਾਰਨ ਕੀਤੇ ਬਿਨਾਂ ਹੀ ਲਿਖਣ ਲੱਗ ਜਾਂਦੇ ਹਨ,ਉਹ ਲਿਖਣ ਦੀ ਟ੍ਰੇਨਿੰਗ ਨਹੀਂ ਲੈਂਦੇ ਹਨ ਆਦਿ ਹੋਰ ਬਹੁਤ ਕੁਝ ਲਿਖਿਆ ਹੋਇਆ ਸੀ ਕਿ ਜਿਸ ਨਾਲ ਨਵੀਂ ਪੀੜ੍ਹੀ ਦੇ ਬੱਚਿਆਂ ਵਿੱਚ ਲਿਖ਼ਣ ਸ਼ੈਲੀ ਨੂੰ ਢਾਹ ਲਾਉਣ ਵਾਲੀ ਸਿੱਧੇ ਤੌਰ ਤੇ ਗੱਲ ਕੀਤੀ ਗਈ ਸੀ।

ਜੇ ਨੌਜਵਾਨ ਪੀੜ੍ਹੀ ਆਪਣੀ ਕਲਾ ਦਾ ਪ੍ਰਗਟਾਵਾ ਫ਼ੇਸਬੁੱਕ ਉੱਪਰ ਕਰਕੇ ਆਪਣਾ ਚਿੱਤ ਪ੍ਰਚਾਉਂਦੀ ਹੈ ਜਾਂ ਆਪਣੀ ਕਲਾ ਨੂੰ ਦੂਜਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਇਸ ਵਿੱਚ ਕੀ ਬੁਰਾਈ ਹੈ ? ਪਰ ਅਕਸਰ ਹੀ ਉਹ ਲਿਖ਼ਾਰੀ ਜੋ ਨਾਂ ਤਾਂ ਜ਼ਿਆਦਾ ਪੜ੍ਹੇ ਹੋਏ ਹੁੰਦੇ ਹਨ ਤੇ ਨਾ ਹੀ ਉਹਨਾਂ ਨੂੰ ਸਾਹਿਤ ਪ੍ਰਤੀ ਕੋਈ ਬਹੁਤਾ ਗੂੜ੍ਹਾ ਗਿਆਨ ਹੁੰਦਾ ਹੈ ,ਪਰ ਆਪਣੀਆਂ ਲਿਖਤਾਂ ਰਾਹੀਂ ਪੰਜ ਦਸ ਵਰ੍ਹਿਆਂ ਵਿੱਚ ਥੋੜ੍ਹੀ ਬਹੁਤ ਪਛਾਣ ਬਣਾ ਕੇ ਪੈਰ ਜਮਾ ਲਏ ਹੁੰਦੇ ਹਨ। ਅਸਲ ਵਿੱਚ ਇਹੋ ਜਿਹੇ ਲੋਕ ਦੂਜਿਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਉਹਨਾਂ ਬਾਰੇ ਭੰਡੀ ਪ੍ਰਚਾਰ ਕਰਕੇ ਉਹਨਾਂ ਦਾ ਮਨੋਬਲ ਗਿਰਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣਾ ਨਾਂ ਪਿੱਛੇ ਧੱਕੇ ਜਾਣ ਦਾ ਅੰਦਰੋ ਅੰਦਰੀ ਡਰ ਪੈਦਾ ਹੋਣ ਲੱਗਦਾ ਹੈ।

ਸੋਚਣ ਦੀ ਗੱਲ ਹੈ ਕਿ ਕੀ ਕਿਸੇ ਨੂੰ ਕਵਿਤਾ ਲਿਖਣ ਦੀ ਸਿਖਲਾਈ ਲੈਣ ਦੀ ਲੋੜ ਹੈ? ਕੀ ਕਿਸੇ ਨੂੰ ਕਹਾਣੀਆਂ, ਲੇਖ ਜਾਂ ਵਾਰਤਕ ਲਿਖਣ ਦੀ ਸਿਖਲਾਈ ਲੈਣ ਦੀ ਲੋੜ ਹੈ? ਕੀ ਕਿਸੇ ਨੂੰ ਗੁਰੂ ਧਾਰਨ ਦੀ ਲੋੜ ਹੈ ? ਫਿਰ ਤਾਂ ਇਹਨਾਂ ਦੀ ਸਿਖਲਾਈ ਦੇ ਸਕੂਲ ਵੀ ਖੋਲ੍ਹ ਦਿੱਤੇ ਜਾਣੇ ਚਾਹੀਦੇ ਹਨ। ਕਿੰਨੀ ਹਾਸੋਹੀਣੀ ਗੱਲ ਹੈ। ਕਿਸੇ ਦੇ ਅੰਦਰੋਂ ਉਪਜੀ ਪ੍ਰਤਿਭਾ ਨੂੰ ਕਿਉਂ ਇਹ ਨਿੰਦਕ ਦਬਾਉਣਾ ਚਾਹੁੰਦੇ ਹਨ? ਸਰੋਜਨੀ ਨਾਇਡੂ ਤਾਂ ਤੇਰਾਂ ਸਾਲ ਦੀ ਉਮਰ ਵਿੱਚ ਕਵਿੱਤਰੀ ਬਣ ਗਈ ਸੀ।ਜੇ ਉਹ ਗੁਰੂ ਧਾਰਨ ਜਾਂ ਸਿਖਲਾਈ ਲੈਣ ਦੇ ਚੱਕਰਾਂ ਵਿੱਚ ਪੈ ਜਾਂਦੇ ਤਾਂ ਉਹ ਐਨੀ ਛੋਟੀ ਉਮਰ ਵਿੱਚ ਕਵਿੱਤਰੀ ਨਾ ਬਣਦੀ।ਇਹ ਗੱਲ ਵੱਖਰੀ ਹੈ ਕਿ ਕਿਸੇ ਦੇ ਅੰਦਰ ਪ੍ਰਤਿਭਾ ਦੀ ਉਪਜ ਕਿਸੇ ਵੱਡੇ ਵਿਅਕਤੀ ਦੀ ਪ੍ਰੇਰਨਾ ਸਦਕਾ ਹੋਵੇ।

ਮੁੱਕਦੀ ਗੱਲ ਇਹ ਹੈ ਕਿ ਨਵੀਂ ਪੀੜ੍ਹੀ ਨੂੰ ਸੰਭਾਲਣ ਅਤੇ ਸਿੱਧੇ ਰਾਹ ਪਾਉਣ ਲਈ ਸਮਾਜ ਦੇ ਲੋਕਾਂ , ਸਾਹਿਤਕਾਰਾਂ ਅਤੇ ਵੱਡਿਆਂ ਦਾ ਬਹੁਤ ਯੋਗਦਾਨ ਹੁੰਦਾ ਹੈ। ਨਵੇਂ ਉੱਭਰ ਰਹੇ ਕਲਾਕਾਰਾਂ ਦੀ ਕਲਾ ਨੂੰ ਨਿੰਦਣ ਵਾਲੇ ਲੋਕ ਹਰਗਿਜ਼ ਵੱਡੇ ਨਹੀਂ ਬਣ ਸਕਦੇ। ਵਡੱਪਣ ਇਸ ਗੱਲ ਦਾ ਹੁੰਦਾ ਹੈ ਕਿ ਜੇ ਉਹਨਾਂ ਦੀ ਗਲਤੀ ਨਜ਼ਰ ਆਵੇ ਤਾਂ ਉਹਨਾਂ ਨੂੰ ਦੱਸ ਕੇ ਸੁਧਾਰਿਆ ਜਾਵੇ ਨਾ ਕਿ ਫੇਸਬੁੱਕ ਤੇ ਪਾ ਕੇ ਆਪਣੀ ਵਾਹ ਵਾਹ ਖੱਟਣ ਲਈ ਦਸ ਵੀਹ ਚਮਚਿਆਂ ਦੇ ਮਜ਼ਾਕ ਉਡਾਉਂਦੇ ਕੁਮੈਂਟਾਂ ਨਾਲ ਦੋ ਚਾਰ ਦਿਨ ਦਾ ਮਨ ਪ੍ਰਚਾਵਾ ਕਰਕੇ ਆਪਣੇ ਆਪ ਨੂੰ ਮਹਾਨ ਬਣਨ ਦੀ ਕੋਸ਼ਿਸ਼ ਕੀਤੀ ਜਾਵੇ। ਕੋਈ ਵੀ ਵਿਅਕਤੀ ਬਾਰੇ ਇਹੀ ਕਹਿ ਸਕਦੇ ਹਾਂ ਕਿ ਜੇ ਤੁਸੀਂ ਵਾਕਿਆ ਹੀ ਵੱਡੇ ਹੋ ਤਾਂ ਫੇਸਬੁੱਕ ਜਾਂ ਸਭਾਵਾਂ ਵਿੱਚ ਨਿੰਦਿਆ ਪ੍ਰਚਾਰ ਛੱਡ ਕੇ ਕੋਈ ਚੰਗੇ ਅਗਵਾਈ ਕਰਨ ਵਾਲੇ ਮਾਰਗਦਰਸ਼ਕ ਬਣੋ। ਕਿਉਂ ਕਿ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ 
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਵਧਾਨ ! ਕੇ. ਵਾਈ. ਸੀ. ਅਪਡੇਟ ਦੇ ਨਾਮ ਤੇ ਤੁਹਾਡੇ ਨਾਲ ਹੋ ਸਕਦੀ ਹੈ ਠੱਗੀ
Next articleਮਨੁੱਖ