(ਸਮਾਜ ਵੀਕਲੀ)
ਹੁੰਦਿਆਂ ਸੁੰਦਿਆਂ,ਭਰ ਨਾ ਹੋਵੇ
ਲੂਸੇ ਕਾਲਜਾ,ਠਰ ਨਾ ਹੋਵੇ
ਹਰ ਇਕ ਮੂੰਹੋਂ,ਮੂੰਹ ਭਵਾਂਇਆ
ਇੱਕੋ ਬਾਝੋਂ,ਸਰ ਨਾ ਹੋਵੇ
ਸੁਰਤ ਇੱਕੋ ਟਿਕਾਣੇ ਆ ਠਹਿਰੀ
ਵੱਖਰੀ ਗੱਲ,ਕਰ ਨਾ ਹੋਵੇ
ਬਣ ਬਣ ਮੋਮ ਪਿੰਘਲਦੀ ਜਾਵਾਂ
ਪੱਥਰ ਦਿਲੇ,ਧਰ ਨਾ ਹੋਵੇ
ਸਭੇ ਰੀਝਾਂ ਮੈਂ ਚਾੜਾਂ ਸੂਲੀ
ਇਸ਼ਕੇ ਤਾਈਂ,ਹਰ ਨਾ ਹੋਵੇ
ਹਜ਼ਾਰਾਂ ਸੁਫ਼ਨੇ ਮਰਦੇ ਤੇ ਜੰਮਦੇ
ਇੱਕਾ ਚਾਅ,ਮਰ ਨਾ ਹੋਵੇ
ਪਹਿਲੀਆਂ ਤੇਰੀਆਂ ਸਿਰ ਮੱਥੇ ਮੰਨੀਆਂ
ਆਖ਼ਰੀ ਗੱਲ,ਜਰ ਨਾ ਹੋਵੇ
ਹਰ ਖੜਕੇ ਚਿੱਤ ਡੋਲੇ ਖਾਂਦਾ
ਸੱਜਣਾ ਸਾਹਵੇਂ,ਘਰ ਨਾ ਹੋਵੇ
ਮਹਿਬੂਬ ਡੂੰਘੇ ਸਾਗਰਾਂ ਦੇ ਵਰਗੇ
ਖਾਈਏ ਗੋਤੇ,ਤਰ ਨਾ ਹੋਵੇ
ਜਾਨ ਕਿੰਨੀ ਹੋ ਜਾਵੇ ਸੌਖੀ
ਵਿਛੜਣ ਵਾਲਾ,ਡਰ ਨਾ ਹੋਵੇ
ਮੀਨਾ ਤੋਂ ਹੋ ਜਾਵਾਂ ਮੀਰਾਂ
ਸ਼ਾਮਰੰਗਾ ਕੋਈ,ਪਰ ਨਾ ਹੋਵੇ
ਮੀਨਾ ਮਹਿਰੋਕ
ਜਲਾਲਾਬਾਦ ਪੱਛਮੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly