ਆਮ ਵਾਂਗ ਬੱਤੀ ਵੀ ਬੰਦ ਕੀਤੀ ਹੋਈ ਸੀ , ਤਾਕੀ ਦਾ ਮੋਟਾ ਪੜ੍ਹਦਾ ਘੁੱਟ ਕਿ ਬੰਨਿਆ ਹੋਇਆ ਸੀ। ਕਮਰੇ ਵਿਚ ਘੁੱਪ ਹਨ੍ਹੇਰਾ ਸੀ , ਇਸੇ ਲਈ ਮੈਨੂੰ ਗੂੜ੍ਹੀ ਨੀਂਦ ਨੇ ਘੇਰ ਲਿਆ। ‘ ਰੋਟੀ ਖਾ ਲੋ ‘ ਦੀ ਉੱਚੀ ਆਵਾਜ਼ ਨੇ ਮੈਨੂੰ ਜਗਾਅ ਦਿੱਤਾ। ਅੱਧ ਖੁੱਲ੍ਹੀਆਂ ਅੱਖਾਂ ਨੂੰ ਹਮੇਸ਼ਾਂ ਵਾਂਗ, ਕੰਮਪੀਊਟਰ ਦੀ ਸਦਾ ਚੱਲਦੀ ਸਕਰੀਨ ਦੀ ਮੱਧਮ ਰੋਸ਼ਨੀ ਵਿਚ ਸਾਹਮਣੇ ਲੱਗੀ , ਮੇਰੀ ਛੋਟੀ ਪੋਤੀ ਸਹਿਰ ਦੀ ਬਣਾਈ ਪੇਂਟਿੰਗ ਦਿਸ ਪਈ। ਆਮ ਬੱਚਿਆਂ ਦੀ ਪਸੰਦ ਦੇ ਉਲਟ ਇਸ ਵਿਚ ਕੋਈ ਵੀ ਸ਼ੋਖ ਰੰਗ ਨਹੀਂ ਹੈ। ਸਾਰੇ ਹੀ ਸਹਿਜ ਦੇ ਰੰਗ ਹਨ , ਜਿਵੇਂ ਕੱਚਾ ਪੀਲਾ , ਹਵਾ ਪਿਆਜ਼ੀ , ਅਰਧ ਗੁਲਾਬੀ , ਅਸਮਾਨੀ ਆਦਿ ਆਦਿ। ਇਹ ਬਣੀ ਵੀ ਉਂਗਲਾਂ ਨਾਲ ਹੈ , ਇਸ ਲਈ ਇਸ ਵਿਚ ਤਿੱਖਾ ਪਨ ਵੀ ਕਿਤੇ ਨਹੀਂ ਹੈ। ਮੈਂ ਰੋਜ਼ ਇਸਨੂੰ ਸਵੇਰੇ ਦੇਖਦਾ ਹਾਂ ਤੇ ਇਹ ਮੇਰੇ ਅੰਦਰ ਸਹਿਜ ਭਰ ਦੇਂਦੀ ਹੈ।
ਇਸਦੇ ਨਾਲ ਹੀ ਇਕ ਕੰਧ ਘੜੀ ਲੱਗੀ ਹੈ। ਮੈਂ ਅੱਖਾਂ ਮੱਲਦੇ ਨੇ ਦੇਖਿਆ ਕਿ ਸਮਾਂ ਅੱਠ ਤੋਂ ਉੱਤੇ ਹੋ ਗਿਆ ਹੈ। ਮੇਰੇ ਦਿਮਾਗ ਨੇ ਸੋਚਿਆ ਕਿ ਇਹ ਕਿਵੇਂ ਹੋ ਸਕਦਾ ਹੈ? ਮੈਂ ਸਵੇਰੇ ਅੱਠ ਵਜੇ ਤਕ ਸੁੱਤਾ ਨਾ ਉੱਠਾਂ, ਇਹ ਹੋ ਨਹੀਂ ਸਕਦਾ ? ਖ਼ੈਰ ਸੁੱਤ ਨੀਂਦਾ ਜਿਹਾ ਹੀ ਗੁਸਲਖਾਨੇ ਜਾ ਵੱੜਿਆ। ਤਾਕੀ ਵਿਚਦੀ ਆਉੰਦੀ ਬਰਸਾਤ ਦੀ ਆਵਾਜ਼ ਨੇ ਭੁਲੇਖਾ ਪਾ ਦਿੱਤਾ ਕਿ ਹਾਲੇ ਦੁਪਹਿਰ ਹੀ ਹੈ ਤੇ ਇਸੇ ਕਰਕੇ ਹਨ੍ਹੇਰਾ ਹੈ ਤੇ ਦੁਪਹਿਰ ਦੀ ਰੋਟੀ ਦਾ ਟਾਇਮ ਹੋ ਗਿਆ, ਸ਼ਾਹ ਵੇਲੇ ਦੀਆਂ ਮਿੱਸੀਆਂ ਖਾਧੀਆਂ ਕਰਕੇ ਨੀਂਦ ਲੰਮੀ ਹੋ ਗਈ ਹੈ , ਤੇ ਖੜ੍ਹੀ ਘੜੀ ਦਾ ਸੈੱਲ ਬਦਲਣ ਵਾਲਾ ਹੈ । ਮੂੰਹ ਧੋ ਕੇ ਹੁਣ ਅੱਖਾਂ ਪੂਰੀਆਂ ਖੁੱਲ੍ਹ ਗਈਆਂ ਸਨ। ਬਾਹਰ ਆਕੇ ਦੇਖਿਆ , ਘੜੀ ਤਾਂ ਚੱਲ ਰਹੀ ਸੀ । ਘੜੀ ਨੂੰ ਕੀ ਪਤਾ ਸੀ ਕਿ ਕਰੋਨਾ ਯੁੱਗ ਵੀ ਚੱਲ ਰਿਹਾ ਹੈ। ਜਦ ਨੂੰ ਫਿਰ ਆਵਾਜ਼ ਪੈ ਗਈ , ‘ ਰੋਟੀ ਖਾ ਲੋ , ਮੈਂ ਫਿਰ ਕੰਮ ਸਮੇਟ ਕਿ ਸੌਣਾ ਵੀ ਹੈ । ‘ ਹੁਣ ਹਨੇਰ੍ਹਾ ਪਰਦੇ ਦੇ ਪਿੱਛੇ ਵੀ ਅੰਦਰ ਜਿੰਨ੍ਹਾ ਹੀ ਦਿੱਸ ਰਿਹਾ ਸੀ ।
ਜਨਮੇਜਾ ਸਿੰਘ ਜੌਹਲ