ਚੰਡੀਗੜ੍ਹ (ਸਮਾਜ ਵੀਕਲੀ) : ਗੈਂਗਸਟਰ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਨੂੰ ਮੁੰਬਈ ਹਵਾਈ ਅੱਡੇ ਤੋਂ ਫੜੇ ਜਾਣ ਦੇ ਇਕ ਦਿਨ ਬਾਅਦ ਪੰਜਾਬ ਪੁਲੀਸ ਨੇ ਕਿਹਾ ਹੈ ਕਿ ਗੈਂਗਸਟਰ ਦੇ ਮੁਲਕ ਛੱਡ ਕੇ ਭੱਜਣ ਦਾ ਕੋਈ ਸਬੂਤ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲੀਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਟੀਨੂ ਦੀ ਪ੍ਰੇਮਿਕਾ ਤੋਂ ਪੁੱਛ-ਗਿੱਛ ਨਾਲ ਕਈ ਰਾਜ਼ ਖੁੱਲ੍ਹਣਗੇ। ਉਨ੍ਹਾਂ ਆਸ ਜਤਾਈ ਕਿ ਗੈਂਗਸਟਰ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ’ਚ ਰਹਿਣ ਵਾਲੀ ਮਹਿਲਾ ਅਤੇ ਟੀਨੂ ਇਕੱਠੇ ਹੀ ਭੱਜੇ ਸਨ। ਟੀਨੂ ਦੀ ਪ੍ਰੇਮਿਕਾ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਤਵਾਰ ਨੂੰ ਮੁੰਬਈ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਆਈਜੀ ਨੇ ਕਿਹਾ ਕਿ ਉਸ ਨੇ ਮੇਕਅੱਪ ਆਰਟਿਸਟ ਦਾ ਕੋਰਸ ਕੀਤਾ ਹੋਇਆ ਹੈ ਅਤੇ ਇਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਕਿ ਉਹ ਪੰਜਾਬ ਪੁਲੀਸ ਦੀ ਮੁਲਾਜ਼ਮ ਹੈ। ਸ੍ਰੀ ਗਿੱਲ ਨੇ ਕਿਹਾ ਕਿ ਟੀਨੂ ਨੇ ਆਪਣੀ ਪ੍ਰੇਮਿਕਾ ਨਾਲ ਬਰਖਾਸਤ ਕੀਤੇ ਗਏ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ ਅਤੇ ਉਹ ਬਾਅਦ ’ਚ ਇਕ ਕਾਰ ਰਾਹੀਂ ਫਰਾਰ ਹੋ ਗਏ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly