(ਸਮਾਜ ਵੀਕਲੀ)
ਇਕ ਤੰਦਰੁਸਤ ਮਨੁੱਖੀ ਜੀਵਨ ਲਈ ਸਾਫ ਤੇ ਸਵੱਛ ਪਾਣੀ ਦੀ ਓਨੀ ਹੀ ਜ਼ਰੂਰਤ ਹੈ,ਜਿੰਨੀ ਸਾਫ ਤੇ ਸਵੱਛ ਹਵਾ ਦੀ। ਧਰਤੀ ਦਾ 70% ਭਾਗ ਪਾਣੀ ਅਤੇ 30 % ਹਿੱਸਾ ਜ਼ਮੀਨ ਹੈ। ਪਾਣੀ ਦੀ ਮਿਕਦਾਰ ਜ਼ਿਆਦਾ ਹੋਣ ਕਰਕੇ ਇਸ ਦੇ ਪ੍ਰਦੂਸ਼ਣ ਦੀ ਮਿਕਦਾਰ ਵੀ ਘੱਟ ਨਹੀਂ। ਪਾਣੀ ਨੂੰ ਪ੍ਰਦੂਸ਼ਿਤ ਕਰਨ ਲਈ ਧੜਾਧੜ ਲੱਗ ਰਹੀਆਂ ਫੈਕਟਰੀਆਂ ਅਤੇ ਕਾਰਖਾਨੇ ਵਧੇਰੇ ਜ਼ਿੰਮੇਵਾਰ ਹਨ।
ਇਨ੍ਹਾਂ ਦੁਆਰਾ ਬਾਹਰ ਵਾਧੂ ਕਚਰੇ ਤੇ ਤਰਲ ਪਦਾਰਥਾਂ ਨੂੰ ਨਾਲਿਆਂ ਰਾਹੀਂ ਨਾਲ ਲੱਗਦੀਆਂ ਨਹਿਰਾਂ, ਝੀਲਾਂ ਜਾਂ ਦਰਿਆਵਾਂ ਆਦਿ ਨਾਲ ਜੋੜਨ ਨਾਲ ਪਾਣੀ ਪ੍ਰਦੂਸ਼ਿਤ ਹੋਣ ਦੇ ਨਾਲ-ਨਾਲ ਜ਼ਹਿਰੀਲਾ ਵੀ ਹੋਈ ਜਾ ਰਿਹਾ ਹੈ ਕਿਉਂਕਿ ਇਹ ਪਾਣੀ ਤੇਜ਼ਾਬਾਂ ਅਤੇ ਜ਼ਹਿਰੀਲੀਆਂ ਗੈਸਾਂ ਦਾ ਮਿਸ਼ਰਣ ਬਣ ਰਿਹਾ ਹੈ। ਜੋ ਕਿ ਲਾ-ਇਲਾਜ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇਹ ਇਕ ਨਹੀਂ, ਸਗੋਂ ਪੰਜਾਬ ਦੇ ਲੱਗਭਗ ਸਾਰੇ ਪਿੰਡਾਂ ਦਾ ਇਸ ਤਰ੍ਹਾਂ ਦਾ ਮਾਹੌਲ ਵੇਖਿਆ ਜਾ ਸਕਦਾ ਹੈ।
ਬਿਨਾਂ ਸ਼ੱਕ ਇਸ ਪਾਣੀ ਨਾਲ ਪੰਜਾਬ ਦੇ ਲੋਕ ਤੇਜ਼ੀ ਨਾਲ ਖਤਰਨਾਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡਾਂ ਵਿਚ ਔਰਤਾਂ ਦੇ ਗਰਭਪਾਤ ਦਾ ਪ੍ਰਮੁੱਖ ਕਾਰਨ ਵੀ ਇਹ ਪਾਣੀ ਹੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦਾ ਪ੍ਰਦੂਸ਼ਿਤ ਪਾਣੀ ਪੀਣ ਨਾਲ ਸਰੀਰ ‘ਤੇ ਖੂਨ ਦੇ ਧੱਬੇ ਪੈਣ, ਚੱਕਰ ਆਉਣ ਅਤੇ ਹੱਥਾਂ – ਪੈਰਾਂ ਦੇ ਸੁੰਨ ਹੋਣ ਦੀਆਂ ਬਿਮਾਰੀਆਂ.’ਚ ਵੀ ਬੇਹਿਸਾਬਾ ਵਾਧਾ ਹੋ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਸਥਿਤ ਪੀ. ਜੀ. ਆਈ. ਹਸਪਤਾਲ ਵੱਲੋਂ ਇਕ ਸਰਵੇ ਵੀ ਕੀਤਾ ਗਿਆ।
ਇਸ ਸਰਵੇ ਵਿਚ 25 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਖੁੱਲ੍ਹੀਆਂ ਨਹਿਰਾਂ ਲੰਘਦੀਆਂ ਹਨ ਅਤੇ ਉਦਯੋਗਾਂ ਦਾ ਪ੍ਰਦੂਸ਼ਿਤ ਪਾਣੀ ਇਨ੍ਹਾਂ ਵਿਚ ਡਿੱਗਦਾ ਹੈ। ਸਰਵੇ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਸਥਾਨਾਂ ‘ਤੇ 65 ਤੋਂ 70% ਲੋਕਾਂ ਦੇ ਡੀ. ਐਨ. ਏ. ਵਿਚ ਬਦਲਾਅ ਆਇਆ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਪ੍ਰਜਨਣ ਸਬੰਧੀ ਸਮੱਸਿਆਵਾਂ ਵੀ ਉਤਪੰਨ ਹੋਈਆਂ ਹਨ। ਉਦਯੋਗਾਂ ਦਾ ਬਦਬੂਦਾਰ ਪਾਣੀ ਡਿੱਗਣ ਕਾਰਨ ਧਰਤੀ ਹੇਠਲੇ ਪਾਣੀ ਵਿਚ ਵੀ ਕਾਪਰ, ਮਰਕਰੀ, ਕੈਡਮੀਅਮ, ਕਰੋਮੀਅਮ ਆਦਿ ਧਾਤਾਂ ਸ਼ਾਮਲ ਹੋਣ ਕਾਰਨ ਜ਼ਹਿਰੀਲਾ ਹੋ ਗਿਆ ਹੈ।
ਇਸ ਤੋਂ ਇਲਾਵਾ ਇਹ ਜ਼ਹਿਰੀਲੇ ਤੱਤ ਹੁਣ ਭੋਜਨ ਵਿਚ ਵੀ ਪਾਏ ਜਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਾਰੂ ਰਸਾਇਣਾਂ ਕਾਰਨ ਭਵਿੱਖ ਵਿਚ ਵੀ ਜ਼ਿਆਦਾਤਰ ਬੱਚੇ ਨਾਮੁਰਾਦ ਰੋਗਾਂ ਦਾ ਸ਼ਿਕਾਰ ਹੋਣਗੇ। ਇਸ ਪਾਣੀ ਦੀ ਲਗਾਤਾਰ ਵਰਤੋਂ ਨਾਲ ਬੁੱਧੀ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਗਰਭਵਤੀ ਔਰਤਾਂ ਦਾ ਅਚਾਨਕ ਆਪਣੇ – ਆਪ ਗਰਭਪਾਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪਾਣੀ ਮਨੁੱਖ ਦੀਆਂ ਹੱਡੀਆਂ ਵਿਚ ਵੀ ਵਿਗਾੜ ਪੈਦਾ ਕਰਦਾ ਹੈ। ਗੋਡਿਆਂ ਦਾ ਦਰਦ, ਜੋੜਾਂ ਦਾ ਦਰਦ, ਹੱਡੀਆਂ ਦਾ ਟੁੱਟਣਾ, ਹੱਡੀਆਂ ਦੀ ਕਮਜ਼ੋਰੀ ਅਤੇ ਹੱਡੀਆਂ ਦਾ ਟੇਢਾਪਣ ਇਸੇ ਪਾਣੀ ਦੀ ਹੀ ਦੇਣ ਹੈ।
ਇਸ ਦਿਲ ਕੰਬਾਊ ਸਰਵੇਖਣ ਦੇ ਬਾਵਜੂਦ ਲੋਕ ਉਹੀ ਪਾਣੀ ਪੀ ਜਾ ਰਹੇ ਹਨ। ਇਹ ਲੋਕ ਪਾਣੀ ਜਦੋਂ ਤੱਕ ਦੇਖਣ ‘ਚ ਸਾਫ ਦਿਖਾਈ ਦਿੰਦਾ ਪੀਣ ਯੋਗ ਸਮਝਦੇ ਹਨ। ਇਨ੍ਹਾਂ ਲੋਕਾਂ ਨੂੰ ਇਸ ਪਾਣੀ.’ਚ ਘੁਲੇ ਜ਼ਹਿਰੀਲੇ ਤੱਤਾਂ ਬਾਰੇ ਜਾਗਰੂਕਤਾ ਨਹੀਂ ਹੈ। ਇਸ ਲਈ ਪਾਣੀ ਦੀ ਸਮੱਸਿਆ ਦੋ ਧਾਰੀ ਹੈ। ਪਹਿਲੀ ਲੋਕਾਂ ਨੂੰ ਦੂਸ਼ਿਤ ਪਾਣੀ ਬਾਰੇ ਅਤੇ ਇਸ ਦੇ ਨਤੀਜਿਆਂ ਬਾਰੇ ਜਾਗਰੂਕ ਕਰਨਾ। ਦੂਜੀ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ।
ਪਾਣੀ ਸਾਫ ਕਰਨ ਦੇ ਪੁਰਾਣੇ ਪ੍ਰਚੱਲਤ ਤਰੀਕੇ ਇੰਨੇ ਪ੍ਰਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਕਾਰਗਰ ਨਹੀਂ ਹੋ ਸਕਦੇ। ਇਸ ਤਰ੍ਹਾਂ ਦੇ ਦੂਸ਼ਿਤ ਪਾਣੀ ਨੂੰ ਸ਼ੁੱਧ ਅਤੇ ਪੀਣ ਯੋਗ ਕਰਨ ਲਈ ਪਿਛਲੇ ਕੁਝ ਸਾਲਾਂ ਤੋਂ ਵਾਟਰ ਫੈਲਟਰ ਟ੍ਰੀਟਮੈਂਟ ਪਲਾਂਟ ਵੀ ਲਗਾਏ ਗਏ ਹਨ, ਪਰ ਇਹ ਪਲਾਂਟ ਵੀ ਬਹੁਤੇ ਕਾਰਗਰ ਨਹੀਂ ਹੋ ਸਕੇ ਕਿਉਂਕਿ ਇਨ੍ਹਾਂ ਪਲਾਂਟਾਂ ਦਾ ਸ਼ੁੱਧ ਪਾਣੀ ਪੀਣ ਦੇ ਬਾਵਜੂਦ ਵੀ ਲੋਕ ਰੋਗ ਮੁਕਤ ਨਹੀਂ ਹੋ ਰਹੇ ਕਿਉਂਕਿ ਸਿਹਤ ਮਾਹਿਰ ਇਸ ਪਾਣੀ ਨੂੰ ਲੈ ਕੇ ਸ਼ੰਕਾ ਵਿਚ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪਲਾਂਟ ਪਾਣੀ ਨੂੰ ਸਾਫ ਤਾਂ ਕਰ ਦਿੰਦੇ ਹਨ, ਪਰ ਪਾਣੀ ‘ਚੋਂ ਉਹ ਤੱਤ ਸ਼ੋਖ ਲੈਂਦੇ ਹਨ ਜੋ ਮਨੁੱਖੀ ਸਿਹਤ ਲਈ ਜ਼ਰੂਰੀ ਹਨ।
ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ-ਖੋਸਾ ਪਾਂਡੋ (ਮੋਗਾ) ।