ਹੁਕਮਨਾਮੇ ਅਤੇ ਕੀਰਤਨ ’ਤੇ ਮਾਲਕੀ ਦਾ ਦਾਅਵਾ ਗੁਰਬਾਣੀ ਦਾ ਨਿਰਾਦਰ: ਬਾਜਵਾ

ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ’ਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦਾ ਘੋਰ ਨਿਰਾਦਰ ਹੈ। ਇਹ ਨਿਰਾਦਰ ਕਰਨ ਦੇ ਦੋਸ਼ੀਆਂ ਖ਼ਿਲਾਫ਼ ਸਿੱਖ ਪ੍ਰੰਪਰਾਵਾਂ ਅਤੇ ਮਰਿਯਾਦਾ ਅਨੁਸਾਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਇੱਥੇ ਇੱਕ ਬਿਆਨ ਰਾਹੀਂ ਸ੍ਰੀ ਬਾਜਵਾ ਨੇ ਕਿਹਾ ਕਿ ਗੁਰੂਆਂ ਵੱਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ ਵਿਚ ਵਸਦੇ ਪ੍ਰਾਣੀ ਮਾਤਰ ਦੇ ਭਲੇ ਲਈ ਹੈ ਅਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ, ਪਰ ਮਾਲਕ ਨਹੀਂ। ‘ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੋ ਸਕਦਾ ਹੈ।’ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀਵੀ ਚੈਨਲ ਵੱਲੋਂ ਦਰਬਾਰ ਸਾਹਿਬ ਵਿਚ ਹਰ ਰੋਜ਼ ਸਵੇਰੇ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਪਵਿੱਤਰ ਹੁਕਮਨਾਮੇ ਉੱਤੇ ਨਿਰੋਲ ਆਪਣਾ ਹੱਕ ਹੋਣ ਦਾ ਕੀਤਾ ਗਿਆ ਦਾਅਵਾ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁਲ ਉਲਟ ਹੈ।
ਸ੍ਰੀ ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਕਿਸੇ ਟੀਵੀ ਚੈਨਲ ਨੂੰ ਵੇਚਣ ਦੇ ਅਧਿਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਦੀ ਮਾਲਕ ਨਹੀਂ ਹੈ ਅਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੀ ਉਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਦਿੱਤਾ ਹੈ। ਪੰਚਾਇਤ ਮੰਤਰੀ ਮੁਤਾਬਕ ਬਾਦਲ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਵੀ ਆਪਣਾ ਇੱਕ ਨਵਾਂ ਕਾਰੋਬਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਉੱਤੇ ਦਬਾਅ ਪਾ ਕੇ ਆਪਣੀ ਮਾਲਕੀ ਵਾਲੇ ਟੀਵੀ ਚੈਨਲ ਨੂੰ ਪ੍ਰਸਾਰਨ ਦੇ ਹੱਕ ਦਿਵਾਏ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨ ਕਿ ਉਹ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਟੀਵੀ ਚੈਨਲਾਂ ਅਤੇ ਡਿਜੀਟਲ ਮੀਡੀਆ ਅਦਾਰਿਆਂ ਨੂੰ ਸਹੂਲਤ ਪ੍ਰਦਾਨ ਕਰਨ ਦਾ ਬੰਦੋਬਸਤ ਕਰੇ। ਸ੍ਰੀ ਬਾਜਵਾ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀਵੀ ਚੈਨਲ ਨਾਲ ਕੀਤੇ ਗਏ ਸਮਝੌਤੇ ਨੂੰ ਜਨਤਕ ਕਰਨ ਤਾਂ ਜੋ ਪੂਰੇ ਸਿੱਖ ਪੰਥ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗ ਸਕੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਜਾਰੀ ਕਰਨ ਲਈ ਕਿਹਾ ਕਿ ਉਹ ਮਰਿਆਦਾ ਵਿਚ ਰਹਿ ਕੇ ਗੁਰਬਾਣੀ ਕੀਰਤਨ ਪ੍ਰਸਾਰਤ ਕਰਨ ਦੇ ਚਾਹਵਾਨ ਮੀਡੀਆ ਅਦਾਰਿਆਂ ਨੂੰ ਸਿਗਨਲ ਮੁਹੱਈਆ ਕਰਾਵੇ।

Previous articleਨੌਵੇਂ ਪਾਤਸ਼ਾਹ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਪਟਨ ਵਲੋਂ ਮੋਦੀ ਨੂੰ ਪੱਤਰ
Next articleਮੋਦੀ ਅਤੇ ਮੈਕਰੌਂ ਨੇ ਕਸ਼ਮੀਰ ਮੁੱਦੇ ’ਤੇ ਗੱਲਬਾਤ ਕੀਤੀ