ਮੋਦੀ ਅਤੇ ਮੈਕਰੌਂ ਨੇ ਕਸ਼ਮੀਰ ਮੁੱਦੇ ’ਤੇ ਗੱਲਬਾਤ ਕੀਤੀ

ਕਸ਼ਮੀਰ ਦੀ ਸਥਿਤੀ ’ਤੇ ਫਰਾਂਸ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਜਾਣਕਾਰੀ ਫਰਾਂਸ ਸਰਕਾਰ ਨੇ ਦਿੱਤੀ ਹੈ। ਫਰਾਂਸ ਦਾ ਕਹਿਣਾ ਹੈ ਕਿ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁੂਅਲ ਮੈਕਰੌਂ ਵਿਚਾਲੇ ਟੈਲੀਫੋਨ ’ਤੇ ਗੱਲਬਾਤ ਹੋਈ ਸੀ, ਜਿਸ ਵਿੱਚ ਕਸ਼ਮੀਰ ਮੁੱਦੇ ’ਤੇ ਚਰਚਾ ਕੀਤੀ ਗਈ ਸੀ।
ਐਲਸੀ ਪੈਲੇਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਕਸ਼ਮੀਰ ਖਿੱਤੇ ਦੀ ਸਥਿਤੀ ਨੂੰ ਭਰੋਸੇ ਅਤੇ ਖੁੱਲ੍ਹ ਕੇ ਵਿਚਾਰਿਆ। ਫਰਾਂਸ ਇਸ ਦਾ ਹਮੇਸ਼ਾ ਪਾਲਣ ਕਰਦਾ ਰਿਹਾ ਹੈ। ਮੋਦੀ ਅਤੇ ਮੈਕਰੌਂ ਵਿਚਾਲੇ ਗੱਲਬਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਨੇ ਵੀ ਇਕ ਬਿਆਨ ਜਾਰੀ ਕੀਤਾ ਸੀ ਪਰ ਉਸ ਵਿਚ ਕਸ਼ਮੀਰ ਦਾ ਜ਼ਿਕਰ ਨਹੀਂ ਸੀ। ਪੀਐਮਓ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਖੇਤਰੀ ਅਤੇ ਆਲਮੀ ਹਾਲਾਤ ਵਿੱਚ ਆਪਸੀ ਰੁਚੀ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ।’’ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ, ਸਰਕਾਰ 15 ਵਿਦੇਸ਼ੀ ਰਾਜਦੂਤਾਂ ਦੇ ਸਮੂਹ ਨੂੰ ਜੰਮੂ-ਕਸ਼ਮੀਰ ਲੈ ਗਈ ਸੀ ਤਾਂ ਜੋ ਉਹ ਖਿੱਤੇ ਵਿੱਚ ਪਰਤੀ ਸ਼ਾਂਤੀ ਅਤੇ ਮਾਹੌਲ ਸੁਖਾਵਾਂ ਬਣਾਉਣ ਲਈ ਕੀਤੇ ਗਏ ਯਤਨਾਂ ਨੂੰ ਖ਼ੁਦ ਮਹਿਸੂਸ ਕਰ ਸਕਣ। ਯੂਰੋਪੀਅਨ ਦੇਸ਼ਾਂ ਦੇ ਰਾਜਦੂਤ ਇਸ ਸਮੂਹ ਦਾ ਹਿੱਸਾ ਨਹੀਂ ਸਨ। ਫਰੈਂਚ ਬਿਆਨ ਵਿਚ ਕਿਹਾ ਗਿਆ ਹੈ ਕਿ ਮੈਕਰੌਂ ਅਤੇ ਮੋਦੀ ਨੇ ਮੱਧ ਪੂਰਬ ਵਿਚ ਤਣਾਅ ਨੂੰ ਖਤਮ ਕਰਨ ਦੀ ਜ਼ਰੂਰਤ ‘ਤੇ ਆਪਣੇ ਸਾਂਝੇ ਨਜ਼ਰੀਏ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਤਣਾਅ ਘੱਟ ਕਰਨ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਹਨ ਤੇ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਸੰਜਮ ਅਤੇ ਜ਼ਿੰਮੇਵਾਰੀ ਦਿਖਾਉਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਡਰੋਨ ਹਮਲੇ ਵਿਚ ਇਰਾਨ ਦੇ ਅਲ-ਕੁਦਸ ਫੋਰਸ ਦੇ ਮੁਖੀ ਮੇਜਰ ਜਨਰਲ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਮੱਧ ਪੂਰਬ ਵਿਚ ਤਣਾਅ ਵਧ ਰਿਹਾ ਹੈ। ਇਰਾਨ ਨੇ ਇਰਾਕ ਵਿੱਚਲੇ ਅਮਰੀਕੀ ਠਿਕਾਣਿਆਂ ’ਤੇ ਮਿਜ਼ਾਈਲਾਂ ਦਾਗ ਕੇ ਜਵਾਬੀ ਕਾਰਵਾਈ ਕੀਤੀ ਹੈ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਫੌਜੀ ਅਤੇ ਸਿਵਲ ਪਰਮਾਣੂ ਖੇਤਰਾਂ ਵਿਚ ਭਾਈਵਾਲੀ ਮਜ਼ਬੂਤ ​​ਕਰਨ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿਚ ਜਾਰੀ ਸਹਿਯੋਗ ਨੂੰ ਵਧਾਉਣ ਦੀ ਇੱਛਾ ਜ਼ਾਹਰ ਕੀਤੀ ਹੈ।

Previous articleਹੁਕਮਨਾਮੇ ਅਤੇ ਕੀਰਤਨ ’ਤੇ ਮਾਲਕੀ ਦਾ ਦਾਅਵਾ ਗੁਰਬਾਣੀ ਦਾ ਨਿਰਾਦਰ: ਬਾਜਵਾ
Next articleਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਮੈਚ ਅੱਜ