ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ’ਤੇ ਵੀਰਵਾਰ ਨੂੰ ਭਾਜਪਾ ’ਤੇ ਹਮਲਾ ਬੋਲਦਿਆਂ ਸਵਾਲ ਕੀਤਾ ਕਿ ਸਰਕਾਰ ਇਨ੍ਹਾਂ ਹਿੰਦੂ ਸ਼ਰਨਾਰਥੀਆਂ ਨੂੰ ਮੁਲਕ ’ਚ ਕਿਹੜੀ ਥਾਂ ਅਤੇ ਕਿਵੇਂ ਵਸਾਏਗੀ? ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਬੇਲਗਾਮ ਸਰਹੱਦੀ ਵਿਵਾਦ ਮਾਮਲੇ ’ਚ ਉਹ ਮਹਾਰਾਸ਼ਟਰ ਦੀ ਬਜਾਏ ਕਰਨਾਟਕ ਦਾ ਪੱਖ ਲੈ ਰਹੀ ਹੈ। ਉਹ ਮਹਾਰਾਸ਼ਟਰ ਵਿਧਾਨ ਸਭਾ ’ਚ ਰਾਜਪਾਲ ਬੀ ਐੱਸ ਕੋਸ਼ਿਆਰੀ ਦੇ ਭਾਸ਼ਨ ’ਤੇ ਹੋਈ ਬਹਿਸ ਦਾ ਜਵਾਬ ਦੇ ਰਹੇ ਸਨ। ਰਾਜਪਾਲ ਨੇ ਪਹਿਲੀ ਦਸੰਬਰ ਨੂੰ ਵਿਧਾਨ ਸਭਾ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ ਸੀ। ਸੋਧੇ ਹੋਏ ਨਾਗਰਿਕਤਾ ਕਾਨੂੰਨ ’ਤੇ ਭਾਜਪਾ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਕੋਲ ਹਿੰਦੂ ਸ਼ਰਨਾਰਥੀਆਂ ਨੂੰ ਵਸਾਉਣ ਸਬੰਧੀ ਕੋਈ ਵੀ ਯੋਜਨਾ ਨਹੀਂ ਹੈ। ਮੁੱਖ ਮੰਤਰੀ ਨੇ ਮਹਾਰਾਸ਼ਟਰ ਅਤੇ ਕਰਨਾਟਕ ਵਿਚਕਾਰ ਸਰਹੱਦੀ ਵਿਵਾਦ ਦਾ ਮੁੱਦਾ ਵੀ ਉਭਾਰਿਆ। ਮਹਾਰਾਸ਼ਟਰ ਬੇਲਗਾਮ ’ਤੇ ਆਪਣਾ ਦਾਅਵਾ ਦੱਸਦਾ ਹੈ ਕਿਉਂਕਿ ਉਹ ਬੰਬਈ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ ਪਰ ਮੌਜੂਦਾ ਸਮੇਂ ’ਚ ਉਹ ਭਾਸ਼ਾ ਦੇ ਆਧਾਰ ’ਤੇ ਕਰਨਾਟਕ ਦਾ ਜ਼ਿਲ੍ਹਾ ਬਣ ਗਿਆ ਹੈ। ਸ੍ਰੀ ਠਾਕਰੇ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ’ਚ ਕਾਨੂੰਨੀ ਲੜਾਈ ਦੌਰਾਨ ਕੇਂਦਰ ਸਰਕਾਰ ਨੇ ਕਰਨਾਟਕ ਦਾ ਸਾਥ ਦਿੱਤਾ ਅਤੇ ਮਹਾਰਾਸ਼ਟਰ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਭਾਜਪਾ ਨੂੰ ਕਿਹਾ ਕਿ ਉਹ ਗਊਆਂ ਬਾਰੇ ਵੀਰ ਦਾਮੋਦਰ ਸਾਵਰਕਰ ਵੱਲੋਂ ਪ੍ਰਗਟਾਏ ਗਏ ਵਿਚਾਰਾਂ ’ਤੇ ਆਪਣਾ ਰਵੱਈਆ ਸਪੱਸ਼ਟ ਕਰੇ।
INDIA ਹਿੰਦੂ ਸ਼ਰਨਾਰਥੀਆਂ ਨੂੰ ਕਿੱਥੇ ਵਸਾਏਗਾ ਕੇਂਦਰ: ਊਧਵ