ਪਾਕਿ ਵੱਲੋਂ ਭਾਰਤ ਵਿਰੋਧੀ ਹਿੰਸਾ ਭੜਕਾਉਣਾ ਸ਼ਾਂਤੀ ਲਈ ਠੀਕ ਨਹੀਂ: ਰਾਜਨਾਥ

ਵਾਸ਼ਿੰਗਟਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਆਗੂਆਂ ਨੂੰ ਕਿਹਾ ਹੈ ਕਿ ਪਾਕਿਸਤਾਨ ਦੀ ਸਿਖਰਲੀ ਲੀਡਰਸ਼ਿਪ ਭੜਕਾਊ ਅਤੇ ਦੁਸ਼ਮਣੀ ਵਾਲੇ ਬਿਆਨ ਦੇ ਰਹੀ ਹੈ ਅਤੇ ਭਾਰਤ ਵਿਰੋਧੀ ਹਿੰਸਾ ਨੂੰ ਹੱਲਾਸ਼ੇਰੀ ਦੇਣਾ ਖ਼ਿੱਤੇ ’ਚ ਸ਼ਾਂਤੀ ਲਈ ਸਹਾਇਕ ਨਹੀਂ ਹੈ। ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਅਮਰੀਕੀ ਹਮਰੁਤਬਾ ਮਾਰਕ ਐਸਪਰ ਅਤੇ ਮਾਈਕ ਪੌਂਪੀਓ ਨਾਲ ਦੋ ਜਮ੍ਹਾਂ ਦੋ ਮੰਤਰੀ ਪੱਧਰ ਦੀ ਵਾਰਤਾ ਇਥੇ ਮੁਕੰਮਲ ਹੋ ਗਈ। ਵਾਰਤਾ ਦੌਰਾਨ ਪਾਕਿਸਤਾਨ ਤੋਂ ਪੈਣਾ ਹੋਣ ਵਾਲੇ ਸੀਮਾ ਪਾਰ ਅਤਿਵਾਦ ਦਾ ਮੁੱਦਾ ਵੀ ਉਭਰਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ,‘‘ਅਸੀਂ ਬੈਠਕ ਦੌਰਾਨ ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ, ਸ੍ਰੀਲੰਕਾ ਅਤੇ ਹਿੰਦ ਮਹਾਸਾਗਰ ਖ਼ਿੱਤੇ ’ਚ ਹਾਲਾਤ ਬਾਰੇ ਆਪਣਾ ਆਪਣਾ ਮੁਲਾਂਕਣ ਸਾਂਝਾ ਕੀਤਾ ਹੈ।’’ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੌਂਪੀਓ ਨੇ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਫੈਲਾਏ ਜਾ ਰਹੇ ਅਤਿਵਾਦ ਬਾਰੇ ਵੀ ਜ਼ਿਕਰ ਕੀਤਾ। ਅਫ਼ਗਾਨਿਸਤਾਨ ’ਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਬਾਰੇ ਪੌਂਪੀਓ ਨੇ ਕਿਹਾ,‘‘ਅਸੀਂ ਭਾਰਤ ਦੀ ਫਿਕਰਮੰਦੀ ਸਮਝਦੇ ਹਾਂ। ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਬਾਰੇ ਉਸ ਦੀ ਚਿੰਤਾ ਸਹੀ ਹੈ ਅਤੇ ਅਸੀਂ ਭਰੋਸਾ ਦਿੰਦੇ ਹਾਂ ਕਿ ਅਮਰੀਕਾ ਇਸ ’ਤੇ ਵਿਚਾਰ ਕਰੇਗਾ।’ ’

Previous articleਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਲਾਗੂ ਹੋਣਗੇ: ਨੱਢਾ
Next articleਹਿੰਦੂ ਸ਼ਰਨਾਰਥੀਆਂ ਨੂੰ ਕਿੱਥੇ ਵਸਾਏਗਾ ਕੇਂਦਰ: ਊਧਵ