ਭਾਰਤ ਦੇ ਚੋਟੀ ਦੇ ਦੌੜਾਕ ਹਿਮਾ ਦਾਸ ਅਤੇ ਮੁਹੰਮਦ ਅਨਸ ਨੇ ਚੈੱਕ ਗਣਰਾਜ ਵਿੱਚ ਅਥਲੈਟਿਕੀ ਮਿਤਿੰਕ ਰੀਟਰ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ 300 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ। ਦੋ ਜੁਲਾਈ ਤੋਂ ਯੂਰੋਪੀ ਮੁਕਾਬਲਿਆਂ ਵਿੱਚ ਇਹ ਹਿਮਾ ਦਾ ਛੇਵਾਂ ਸੋਨ ਤਗ਼ਮਾ ਹੈ। ਉਸ ਨੇ ਆਪਣਾ ਆਖ਼ਰੀ ਸੋਨ ਤਗ਼ਮਾ 20 ਜੁਲਾਈ ਨੂੰ ਚੈੱਕ ਗਣਰਾਜ ਦੇ ਨੋਵ ਮੈਸਤੋ ਵਿੱਚ 400 ਮੀਟਰ ਦੌੜ ਵਿੱਚ ਹਾਸਲ ਕੀਤਾ ਸੀ। ਅਥਲੈਟਿਕੀ ਮਿਤਿੰਕ ਰੀਟਰ ਵਿੱਚ ਹਾਲਾਂਕਿ ਜ਼ਿਆਦਾਤਰ ਵੱਡੇ ਨਾਮ ਵਾਲੇ ਅਥਲੀਟਾਂ ਨੇ ਹਿੱਸਾ ਨਹੀਂ ਲਿਆ। ਹਿਮਾ ਨੇ ਸ਼ਨਿੱਚਰਵਾਰ ਨੂੰ ਸੋਨ ਤਗ਼ਮਾ ਜਿੱਤਣ ਮਗਰੋਂ ਕਿਹਾ, ‘‘ਚੈੱਕ ਗਣਰਾਜ ਵਿੱਚ ਅੱਜ ਅਥਲੈਟਿਕੀ ਮਿਤਿੰਕ ਰੀਟਰ-2019 ਵਿੱਚ 300 ਮੀਟਰ ਮੁਕਾਬਲੇ ਵਿੱਚ ਅੱਵਲ ਰਹੀ।’’ ਦੂਜੇ ਪਾਸੇ ਅਨਸ ਨੇ ਪੁਰਸ਼ 300 ਮੀਟਰ ਦੌੜ 32.41 ਸੈਕਿੰਡ ਦੇ ਸਮੇਂ ਨਾਲ ਜਿੱਤੀ। ਉਸ ਨੇ ਟਵੀਟ ਕੀਤਾ, ‘‘ਚੈੱਕ ਗਣਰਾਜ ਵਿੱਚ ਅਥਲੈਟਿਕੀ ਮਿਤਿੰਕ ਰੀਟਰ 2019 ਵਿੱਚ ਪੁਰਸ਼ 300 ਮੀਟਰ ਦਾ ਸੋਨ ਤਗ਼ਮਾ 32.41 ਸੈਕਿੰਡ ਦੇ ਸਮੇਂ ਨਾਲ ਜਿੱਤਣ ਦੀ ਖ਼ੁਸ਼ੀ ਹੈ।’’ ਅਨਸ ਸਤੰਬਰ-ਅਕਤੂਬਰ ਵਿੱਚ ਦੋਹਾ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੇ 400 ਮੀਟਰ ਮੁਕਾਬਲੇ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਿਆ ਹੈ, ਜਦਕਿ ਹਿਮਾ ਨੇ ਹੁਣ ਤੱਕ ਅਜਿਹਾ ਨਹੀਂ ਕੀਤਾ।
Sports ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ