ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਤੇ ਮੀਂਹ ਨੇ ਕੰਬਣੀ ਛੇੜੀ

ਹਿਮਾਚਲ ਪ੍ਰਦੇਸ਼ ’ਚ ਸ਼ੁੱਕਰਵਾਰ ਨੂੰ ਬਰਫ਼ਬਾਰੀ ਤੇ ਮੀਂਹ ਮਗਰੋਂ ਕੰਬਣੀ ਛੇੜਨ ਵਾਲੀ ਸੀਤ ਲਹਿਰ ਚੱਲ ਪਈ। ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਦੇ ਡਾਇਰੈਕਟਰ ਨੇ ਮਨਮੋਹਨ ਸਿੰਘ ਦੱਸਿਆ ਕਿ ਲਾਹੌਲ-ਸਪਿਤੀ ਅਤੇ ਕਿਨੌਰ ਤੋਂ ਇਲਾਵਾ ਸੈਲਾਨੀ ਥਾਵਾਂ ਕੁਫ਼ਰੀ ਅਤੇ ਮਨਾਲੀ ’ਚ ਲਗਾਤਾਰ ਦੂਜੇ ਦਿਨ ਵੀ ਬਰਫ਼ਬਾਰੀ ਹੋਈ। ਡਲਹੌਜ਼ੀ ਤੇ ਸ਼ਿਮਲਾ ’ਚ ਮੀਂਹ ਕਾਰਨ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਕੁਫ਼ਰੀ ਵਿੱਚ 30 ਅਤੇ ਮਨਾਲੀ ਵਿੱਚ 12 ਸੈਂਟੀਮੀਟਰ ਤੱਕ ਬਰਫ਼ ਪਈ। ਇਸ ਦੌਰਾਨ ਕੁਫ਼ਰੀ, ਮਨਾਲੀ, ਡਲਹੌਜ਼ੀ ਅਤੇ ਕਲਪਾ ’ਚ ਕ੍ਰਮਵਾਰ ਮਨਫ਼ੀ 2.6, 1.6 , .1.5 ਅਤੇ 1.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੰਮੂ/ਸ੍ਰੀਨਗਰ: ਤ੍ਰਿਕੁਟਾ ਪਹਾੜੀਆਂ ’ਚ ਸਥਿਤ ਵੈਸ਼ਨੋ ਦੇਵੀ ਮੰਦਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਜਦਕਿ ਜੰਮੂ ,ਕਸ਼ਮੀਰ ਤੇ ਲੱਦਾਖ ਤੋਂ ਇਲਾਵਾ ਹੋਰ ਸਥਾਨਾਂ ’ਤੇ ਦੂਜੇ ਦਿਨ ਵੀ ਬਰਫ਼ਬਾਰੀ ਤੇ ਬਾਰਿਸ਼ ਹੁੰਦੀ ਰਹੀ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਅਨੁਸਾਰ ਕਸ਼ਮੀਰ ’ਚ ਸ਼ੁੱਕਰਵਾਰ ਨੂੰ 5 ਇੰਚ ਤੋਂ 3 ਫੁੱਟ ਤੱਕ ਬਰਫ਼ ਪਈ। ਬਰਫ਼ਬਾਰੀ ਕਰ ਕੇ ਜੰਮੂ-ਕਸ਼ਮੀਰ ਕੌਮੀ ਮਾਰਗ ਦੂਜੇ ਦਿਨ ਵੀ ਬੰਦ ਰਹਿਣ ਅਤੇ ਸ੍ਰੀਨਗਰ ਤੋਂ ਸੱਤਵੇਂ ਦਿਨ ਵੀ ਹਵਾਈ ਉਡਾਣਾਂ ਰੱਦ ਹੋਣ ਕਾਰਨ ਕਸ਼ਮੀਰ ਦਾ ਬਾਕੀ ਦੇਸ਼ ਨਾਲ ਸੰਪਰਕ ਟੁੱਟਿਆ ਰਿਹਾ। ਅਧਿਕਾਰੀਆਂ ਅਨੁਸਾਰ ਵੈਸ਼ਨੋ ਦੇਵੀ ਮੰਦਰ ’ਚ ਬਰਫ਼ਬਾਰੀ ਕਾਰਨ ਯਾਤਰੀਆਂ ਲਈ ਹੈਲੀਕਾਪਟਰ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

Previous articleਰਾਹੁਲ ਦੀਆਂ ਟਿੱਪਣੀਆਂ ਤੋਂ ਲੋਕ ਸਭਾ ਵਿੱਚ ਹੰਗਾਮਾ
Next articleਅਫ਼ਸਰਸ਼ਾਹੀ ਤੇ ਸੂਬੇ ਦੇ ਲੋਕਾਂ ਵਿਚਾਲੇ ਪਾੜਾ ਵਧਿਆ: ਜਾਖੜ