ਜੀਓ ਤੇ ਗੂਗਲ ਤਿਆਰ ਕਰਨਗੇ ਕਿਫ਼ਾਇਤੀ ਸਮਾਰਟਫੋਨ

ਨਵੀਂ ਦਿੱਲੀ, (ਸਮਾਜਵੀਕਲੀ) :  ਰਿਲਾਇੰਸ ਇੰਡਸਟਰੀਜ਼ ਨੇ ਅੱਜ ਕਿਹਾ ਕਿ ਜੀਓ ਨੇ ਭਾਰਤ ਵਿੱਚ ਨਿਰਮਿਤ 5ਜੀ ਸੌਲਿਊਸ਼ਨ ਵਿਕਸਤ ਕੀਤਾ ਹੈ, ਜੋ ਅਗਲੇ ਸਾਲ ਤਕ ਫੀਲਡ ਵਿੱਚ ਤਾਇਨਾਤੀ ਲਈ ਤਿਆਰ ਹੋ ਜਾਵੇਗਾ। ਰਿਲਾਇੰਸ ਨੇ ਕਿਹਾ ਕਿ ਉਹ ਗੂਗਲ ਨਾਲ ਮਿਲ ਕੇ ਕਿਫਾਇਤੀ ਸਮਾਰਟਫੋਨਜ਼ ਵਿਕਸਤ ਕਰੇਗਾ।

ਇਸ ਦੌਰਾਨ ਗੂਗਲ ਨੇ ਜੀਓ ਪਲੈਟਫਾਰਮਾਂ ਦੀ 7.7 ਫੀਸਦ ਹਿੱਸੇਦਾਰੀ ਲਈ 33,737 ਕਰੋੜ ਰੁਪੲੇ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੀਓ ਦੇ ਭਾਰਤ ਨੂੰ ‘2ਜੀ-ਮੁਕਤ’ ਕਰਨ ਦੇ ਇਰਾਦੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਜਦੋਂ ਭਾਰਤ 5ਜੀ ਯੁੱਗ ਦੇ ਦਰਵਾਜ਼ੇ ’ਤੇ ਖੜ੍ਹਾ ਹੈ ਤਾਂ 35 ਕਰੋੜ ਭਾਰਤੀਆਂ ਨੂੰ ਕਿਫਾਇਤੀ ਸਮਾਰਟਫੋਨਾਂ ਵੱਲ ਪਰਵਾਸ ਕਰਵਾਉਣ ਦੀ ਲੋੜ ਹੈ।

ਅੰਬਾਨੀ ਨੇ ਐਲਾਨ ਕੀਤਾ ਕਿ ਗੂਗਲ, ਜੀਓ ਪਲੈਟਫਾਰਮਾਂ ਦੀ 7.7 ਫੀਸਦ ਹਿੱਸੇਦਾਰੀ ਲਈ 33,737 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਜੀਓ ਅਮਰੀਕਾ ਦੀ ਇਸ ਮੂਹਰੀ ਕੰਪਨੀ ਦੀ ਭਾਈਵਾਲੀ ਨਾਲ ਐਂਡਰੌਇਡ ਅਧਾਰਿਤ ਸਮਾਰਟਫੋਨ ਅਪਰੇਟਿੰਗ ਸਿਸਟਮ ਤਿਆਰ ਕਰੇਗਾ। ਅੰਬਾਨੀ ਇਥੇ ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਸਾਲਾਨਾ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਅੰਬਾਨੀ ਨੇ ਕਿਹਾ, ‘ਕਈ ਫੀਚਰ ਫੋਨ ਵਰਤੋਂਕਾਰ ਇਸ ਉਡੀਕ ਵਿੱਚ ਹਨ ਕਿ ਕਿਹੜੇ ਵੇਲੇ ਉਹ ਅਪਗ੍ਰੇਡ ਹੋ ਕੇ ਰਵਾਇਤੀ ਤੇ ਕਿਫਾਇਤੀ ਸਮਾਰਟਫੋਨ ਵਰਤਣਗੇ।

ਲਿਹਾਜ਼ਾ ਅਸੀਂ ਇਸ ਚੁਣੌਤੀ ਨਾਲ ਮੱਥਾ ਲਾਉਣ ਦਾ ਫੈਸਲਾ ਕੀਤਾ ਹੈ।’ ਅੰਬਾਨੀ ਨੇ ਕਿਹਾ ਕਿ ਸਾਊਦੀ ਅਰਬ ਦੀ ਕੰਪਨੀ ਅਰਾਮਕੋ ਨੂੰ 15 ਅਰਬ ਅਮਰੀਕੀ ਡਾਲਰ ਵਿੱਚ ਤੇਲ ਤੇ ਰਸਾਇਣ ਕਾਰੋਬਾਰ ਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਨਿਰਧਾਰਿਤ ਸਮੇਂ ਤੋਂ ਪੱਛੜ ਗਈ ਹੈ। ਅੰਬਾਨੀ ਨੇ ਕਿਹਾ ਕਿ ਉਹ ਇਸ ਅਮਲ ਨੂੰ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ’ਚ ਪੂਰਾ ਕਰ ਲੈਣਗੇ।

Previous articleਰਾਜਨਾਥ ਸਿੰਘ ਭਲਕੇ ਲੱਦਾਖ ਦਾ ਦੌਰਾ ਕਰਨਗੇ
Next articleਸੋਨੇ ਦੀ ਤਸਕਰੀ: ਆਈਏਐੱਸ ਅਧਿਕਾਰੀ ਤੋਂ 9 ਘੰਟੇ ਤੱਕ ਪੁੱਛ-ਪੜਤਾਲ