ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਕਾਰਨ ਰਾਜ ਦੀਆਂ 250 ਸੜਕਾਂ ਬੰਦ ਹੋ ਗਈਆਂ ਹਨ ਅਤੇ ਇਸ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਿਮਲਾ ਤੇ ਮਨਾਲੀ ਨਾ ਜਾਣ ਦਾ ਮਸ਼ਵਰਾ ਦਿੱਤਾ ਹੈ।
ਫੇਸਬੁੱਕ ਪੇਜ ’ਤੇ ਦਿੱਤੇ ਸੁਨੇਹੇ ਵਿੱਚ ਸ਼ਿਮਲਾ ਪੁਲੀਸ ਨੇ ਕਿਹਾ ਹੈ ਕਿ ਸ਼ਹਿਰ ਵੱਲ ਆਉਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ। ਸ਼ਿਮਲਾ ਦੇ ਐੱਸ.ਪੀ. ਓਮਪਤੀ ਜਾਮਵਾਲ ਨੇ ਦੱਸਿਆ ਕਿ ਇਨ੍ਹਾਂ ਸੜਕਾਂ ’ਤੇ ਟਰੈਫਿਕ ਬਹਾਲ ਹੋਣ ਤੱਕ ਇੱਥੋਂ ਦਾ ਸਫ਼ਰ ਕਰਨਾ ਉਚਿਤ ਨਹੀਂ ਹੋਵੇਗਾ। ਸੜਕਾਂ ’ਤੇ ਬਰਫ਼ ਹੋਣ ਕਾਰਨ ਸੈਲਾਨੀ ਕਈ-ਕਈ ਘੰਟੇ ਫਸੇ ਰਹੇ।
ਇਸੇ ਤਰ੍ਹਾਂ ਮਨਾਲੀ ਦੇ ਹੇਠਲੇ ਇਲਾਕਿਆਂ ਵਿੱਚ ਸੜਕਾਂ ਬੰਦ ਹਨ। ਕੁੱਲੂ ਦੇ ਐੱਸ.ਪੀ. ਗੌਰਵ ਸਿੰਘ ਨੇ ਦੱਸਿਆ ਕਿ ‘ਗਰੀਨ ਟੈਕਸ ਬੈਰੀਅਰ’ ਤੋਂ ਅੱਗੇ ਵਾਹਨਾਂ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਹੁਕਮਾਂ ਤੱਕ ਆਪਣੇ ਵਾਹਨ ਲੈ ਕੇ ਮਨਾਲੀ ਵੱਲ ਨਾ ਆਉਣ। ਮੌਸਮ ਵਿਭਾਗ ਅਨੁਸਾਰ ਸ਼ਿਮਲਾ ’ਚ ਮੰਗਲਵਾਰ ਨੂੰ ਸ਼ਾਮ 5.30 ਵਜੇ ਤੋਂ 8.30 ਵਜੇ ਤੱਕ 20 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਵਿਭਾਗ ਨੇ ਦੱਸਿਆ ਕਿ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ’ਚ 35 ਸੈਂਟੀਮੀਟਰ, ਕੁੱਲੂ ਜ਼ਿਲ੍ਹੇ ਦੇ ਮਨਾਲੀ ’ਚ 22 ਸੈਂਟੀਮੀਟਰ, ਕਿੰਨੌਰ ਜ਼ਿਲ੍ਹੇ ਦੇ ਕਲਪਾ ’ਚ 16 ਸੈਂਟੀਮੀਟਰ ਅਤੇ ਲਾਹੌਲ ਸਪਿੱਤੀ ਦੇ ਕੈਲਾਂਗ ’ਚ 8 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ।
INDIA ਹਿਮਾਚਲ ’ਚ ਭਾਰੀ ਬਰਫ਼ਬਾਰੀ ਕਾਰਨ 250 ਸੜਕਾਂ ਬੰਦ