ਬੁਰਹਾਨ ਵਾਨੀ ਮਗਰੋਂ ਸਾਂਭੀ ਸੀ ਕਮਾਨ;
ਅੱਠ ਸਾਲਾਂ ਤੋਂ ਸੀ ਸੁਰੱਖਿਆ ਬਲਾਂ ਨੂੰ ਭਾਲ
ਸ੍ਰੀਨਗਰ (ਸਮਾਜਵੀਕਲੀ) – ਹਿਜ਼ਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰ ਰਿਆਜ਼ ਨਾਇਕੂ ਜੋ ਕਿ ਅੱਠ ਸਾਲਾਂ ਤੋਂ ਫਰਾਰ ਸੀ, ਨੂੰ ਸੁਰੱਖਿਆ ਬਲਾਂ ਨੇ ਅੱਜ ਮੁਕਾਬਲੇ ਵਿਚ ਹਲਾਕ ਕਰ ਦਿੱਤਾ ਹੈ। ਇਹ ਮੁਕਾਬਲਾ ਦਹਿਸ਼ਤਗਰਦ ਦੇ ਪੁਲਵਾਮਾ ਜ਼ਿਲ੍ਹੇ ਵਿਚ ਸਥਿਤ ਜੱਦੀ ਪਿੰਡ ਵਿਚ ਹੋਇਆ।
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੇ ਖ਼ਦਸ਼ੇ ਦੇ ਮੱਦੇਨਜ਼ਰ ਵਾਦੀ ਵਿਚ ਮੋਬਾਈਲ ਟੈਲੀਫੋਨ ਸੇਵਾ ਤੇ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਹੈ। ਲੋਕਾਂ ਦੀ ਆਵਾਜਾਈ ’ਤੇ ਵੀ ਸਖ਼ਤ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ। ਫ਼ੌਜ ਨੇ ਹਿਜ਼ਬੁਲ ਕਮਾਂਡਰ ਨੂੰ ਪੁਲਵਾਮਾ ਦੇ ਬੇਗਪੁਰਾ ਪਿੰਡ ਵਿਚ ਘੇਰਾ ਪਾਇਆ।
ਇਸ ਤੋਂ ਪਹਿਲਾਂ ਪੁਲੀਸ ਨੇ ਸਵੇਰੇ ਜਾਣਕਾਰੀ ਦਿੱਤੀ ਸੀ ਕਿ ਦਹਿਸ਼ਤਗਰਦ ਆਪਣੇ ਇਕ ਸਾਥੀ ਨਾਲ ਪੁਲਵਾਮਾ ਦੇ ਪਿੰਡ ਵਿਚ ਘਿਰ ਗਿਆ ਹੈ ਪਰ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਸੀ। ਬਾਅਦ ਵਿਚ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਘੇਰਿਆ ਗਿਆ ਦਹਿਸ਼ਤਗਰਦ ਨਾਇਕੂ ਹੈ, ਜਿਸ ਦੇ ਸਿਰ ’ਤੇ 12 ਲੱਖ ਰੁਪਏ ਦਾ ਇਨਾਮ ਹੈ, ਉਸ ਨੂੰ 8 ਸਾਲਾਂ ਤੋਂ ਲੱਭਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਨਾਇਕੂ ਨੂੰ ਅਤਿਵਾਦੀ ਸੰਗਠਨ ਦਾ ਆਰਜ਼ੀ ਮੁਖੀ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਿਚ ਨਾਇਕੂ ਦੀ ਮੌਜੂਦਗੀ ਬਾਰੇ ਪਹਿਲਾਂ ਪੱਕੀ ਜਾਣਕਾਰੀ ਹਾਸਲ ਕੀਤੀ ਗਈ ਸੀ ਤੇ ਮਗਰੋਂ ਉਸ ਨੂੰ ਕਾਬੂ ਕਰਨ ਲਈ ਯੋਜਨਾਬੰਦੀ ਕੀਤੀ ਗਈ। ਇਹ ਯਕੀਨੀ ਬਣਾਇਆ ਗਿਆ ਸੀ ਕਿ ਉਹ ਕਿਸੇ ਵੀ ਹਾਲ ਵਿਚ ਫਰਾਰ ਨਾ ਹੋ ਸਕੇ।
ਨਾਇਕੂ ਦੇ ਸਹਿਯੋਗੀ ਨੇ ਮੁਕਾਬਲੇ ਦੌਰਾਨ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਮਗਰੋਂ ਉਹ ਵੀ ਮਾਰਿਆ ਗਿਆ।ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਦੀ ਮੌਤ ਨੂੰ ਅਤਿਵਾਦ ਖ਼ਿਲਾਫ਼ ਲੜਾਈ ਵਿਚ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਾਇਕੂ ਦੀ ਮੌਤ ਦੀ ਖ਼ਬਰ ਫੈਲਣ ਮਗਰੋਂ ਕਈ ਥਾਵਾਂ ’ਤੇ ਲੋਕਾਂ ਨੇ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਕੀਤੀ। ਅਧਿਕਾਰੀਆਂ ਮੁਤਾਬਕ ਇਨ੍ਹਾਂ ਘਟਨਾਵਾਂ ਨਾਲ ਬਹੁਤ ਸਾਵਧਾਨੀ ਨਾਲ ਨਜਿੱਠਿਆ ਗਿਆ ਤਾਂ ਕਿ ਜ਼ਿਆਦਾ ਨੁਕਸਾਨ ਨਾ ਹੋਵੇ।
ਸੁਰੱਖਿਆ ਬਲਾਂ ਨੇ ਨਾਇਕੂ ਦੇ ਟਿਕਾਣੇ ਦਾ ਪਤਾ ਮੰਗਲਵਾਰ ਹੀ ਲਾ ਲਿਆ ਸੀ, ਪਰ ਇਕਦਮ ਅਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤੇ ਬਚ ਨਿਕਲਣ ਦੇ ਸਾਰੇ ਰਸਤੇ ਬੰਦ ਕੀਤੇ ਗਏ। ਇਸ ਤੋਂ ਬਾਅਦ ਫ਼ੌਜੀ ਯੂਨਿਟਾਂ ਜੰਮੂ ਕਸ਼ਮੀਰ ਪੁਲੀਸ ਦੇ ‘ਸਪੈਸ਼ਲ ਅਪਰੇਸ਼ਨ ਗਰੁੱਪ’ ਨਾਲ ਇਲਾਕੇ ਵਿਚ ਸੁਵੱਖਤੇ ਹੀ ਪਹੁੰਚ ਗਈਆਂ।
ਨਾਇਕੂ ਤੇ ਉਸ ਦੇ ਸਹਿਯੋਗੀ ਨੇ ਦੁਪਹਿਰ ਤੋਂ ਬਾਅਦ ਜਦ ਗੋਲੀ ਚਲਾਈ ਤਾਂ ਫ਼ੌਜ ਨੇ ਵੀ ਜਵਾਬੀ ਫਾਇਰ ਕੀਤੇ ਅਤੇ ਦੋਵੇਂ ਮੁਕਾਬਲੇ ਵਿਚ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਸੀਆਰਪੀਐਫ ਤੇ ਪੁਲੀਸ ਨੇ ਲੋਕਾਂ ਨੂੰ ਦੂਰ ਰੱਖਿਆ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ ਕਿ ਨਾਇਕੂ ਦੀ ਮੌਤ ਨੂੰ ਬਹਾਨਾ ਬਣਾ ਕੇ ਕੁਝ ਗਿਣੇ-ਚੁਣੇ ਲੋਕ ਹਿੰਸਾ ਭੜਕਾ ਕੇ ਹੋਰਾਂ ਦਾ ਨੁਕਸਾਨ ਨਾ ਕਰਨ।
ਉਨ੍ਹਾਂ ਕਿਹਾ ਕਿ ਨਾਇਕੂ ਨੇ ਜਿਸ ਦਿਨ ਬੰਦੂਕ ਚੁੱਕ ਕੇ ਹਿੰਸਾ ਦਾ ਰਾਹ ਅਖ਼ਤਿਆਰ ਕੀਤਾ ਸੀ, ਉਸੇ ਦਿਨ ਉਸ ਦੀ ਹੋਣੀ ਤੈਅ ਹੋ ਗਈ ਸੀ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਨਾਇਕੂ ਤਿੰਨ ਵਾਰ ਪੁਲੀਸ ਦੀ ਘੇਰਾਬੰਦੀ ਵਿਚੋਂ ਫਰਾਰ ਹੋਣ ’ਚ ਕਾਮਯਾਬ ਰਿਹਾ ਸੀ। ਇਸੇ ਦੌਰਾਨ ਜ਼ਿਲ੍ਹੇ ਦੇ ਇਕ ਹੋਰ ਪਿੰਡ ਸ਼ਰਸ਼ਲੀ ਵਿਚ ਹੋਏ ਮੁਕਾਬਲੇ ਵਿਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ ਹਨ।
ਪਿੰਡ ਵਿਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਘੇਰਾ ਪਾ ਕੇ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਜਦੋਂ ਅਤਿਵਾਦੀਆਂ ਨੇ ਫਾਇਰ ਕੀਤੇ ਤਾਂ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਮਾਰੇ ਗਏ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੁਰੱਖਿਆ ਬਲਾਂ ਦੀ ਇਸ ਦਲੇਰਾਨਾ ਕਾਰਵਾਈ ਦੀ ਸ਼ਲਾਘਾ ਕੀਤੀ ਹੈ।