ਹਾੜ ਮਹੀਨੇ ਦੇ ਅੰਤਲੇ ਦਿਨ ਪਏ ਭਰਵੇਂ ਮੀਂਹ ਨੇ ਮਾਨਸਾ ਵਾਸੀਆਂ ਦੇ ਹਾੜੇ ਕਢਵਾ ਦਿੱਤੇ ਹਨ। ਤੇਜ਼ ਬਾਰਸ਼ ਨਾਲ ਵੇਖਦੇ ਹੀ ਵੇਖਦੇ ਮਾਨਸਾ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਜਲ-ਥਲ ਹੋ ਗਈਆਂ। ਬਾਜ਼ਾਰ ਦੀਆਂ ਸੜਕਾਂ ’ਤੇ ਕਈ ਕਈ ਫੁੱਟ ਪਾਣੀ ਭਰਨ ਨਾਲ ਆਵਾਜਾਈ ਠੱਪ ਹੋ ਗਈ। ਸਿਵਲ ਹਸਪਤਾਲ ਦੇ ਜਨਰਲ ਵਾਰਡਾਂ ’ਚ ਪਾਣੀ ਭਰਨ ਨਾਲ ਹਸਪਤਾਲ ’ਚ ਦਾਖ਼ਲ ਮਰੀਜ਼ ਤੇ ੳਨ੍ਹਾਂ ਦੇ ਰਿਸਤੇਦਾਰ ਮਰੀਜ਼ਾਂ ਵਾਲੇ ਮੰਜਿਆਂ ’ਤੇ ਹੀ ਕੈਦ ਹੋ ਗਏ। ਸੀਆਈਏ ਸਟਾਫ ਦਫਤਰ ’ਚ ਵੀ ਪਾਣੀ ਭਰ ਗਿਆ। ਸਭ ਤੋਂ ਮੰਦੀ ਹਾਲਤ ਸਿਨੇਮਾ ਰੋਡ, ਤਿਕੋਣੀ, ਗਉਸ਼ਾਲਾ ਰੋਡ, ਚੁਗਲੀ ਘਰ ਅਤੇ ਵੀਰ ਨਗਰ ਮਹੁੱਲੇ ਦੀ ਬਣੀ। ਇਨ੍ਹਾਂ ਖੇਤਰਾਂ ’ਚ ਦੋ ਪਹੀਆ ਵਾਹਨਾਂ ਦੀ ਆਵਾਜਾਈ ਬਿੱਲਕੁੱਲ ਠੱਪ ਹੋ ਗਈ। ਵਾਹਨਾਂ ’ਚ ਪਾਣੀ ਭਰਨ ਨਾਲ ਕਈ ਰਾਗਰੀਗਰ ਆਪਣੇ ਵਾਹਨ ਧੱਕੀ ਜਾਂਦੇ ਵੀ ਦਿਖਾਈ ਦਿੱਤੇ। ਸ਼ਹਿਰ ਦੇ ਦੋਵੇਂ ਹਿੱਸਿਆਂ ਨੂੰ ਜੋੜਦੇ ਅੰਡਰਬਰਿੱਜ਼ ’ਚ ਕਈ ਕਈ ਫੁੱਟ ਪਾਣੀ ਭਰਨ ਨਾਲ ਇੱਕ ਵਾਰ ਆਵਾਜਾਈ ਬਿੱਲਕੁਲ ਹੀ ਠੱਪ ਹੋ ਗਈ। ਨੀਵੇਂ ਬਾਜ਼ਾਰਾਂ ਦੀਆਂ ਨੀਵੀਆਂ ਦੁਕਾਨਾਂ ’ਚ ਵੀ ਮੀਂਹ ਦਾ ਪਾਣੀ ਭਰ ਗਿਆ। ਦੁਕਾਨਦਾਰ ਬਚਾਅ ਵਜੋਂ ਦੁਕਾਨਾਂ ਵਿਚਲਾ ਕੀਮਤੀ ਸਾਮਾਨ ਉੱਚੀਆਂ ਥਾਵਾਂ ’ਤੇ ਟਿਕਾਉਂਦੇ ਰਹੇ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਰਮੀ ਉਨ੍ਹਾਂ ਪ੍ਰੇਸ਼ਾਨ ਨਹੀਂ ਕਰਦੀ ਜਿੰਨਾ ਮੀਂਹ ਕਰਦਾ ਹੈ। ਸਿਨੇਮਾ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਜਦੋਂ ਵੀ ਅਸਮਾਨ ’ਤੇ ਕਾਲੇ ਬੱਦਲ ਛਾਉਂਦੇ ਹਨ ਤਾਂ ਸਾਨੂੰ ਹੌਲ ਪੈਣ ਲੱਗ ਜਾਂਦੇ ਹਨ। ਅੱਜ ਦੇ ਮੀਂਹ ਨੇ ਮਾਨਸਾ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਮੁੜ ਪੋਲ-ਖੋਲ੍ਹ ਕੇ ਰੱਖ ਦਿੱਤੀ। ਨਗਰ ਕੌਂਸਲ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ, ਜਿਸ ਕਾਰਨ ਲੰਘਣ-ਟੱਪਣ ਵਾਲਿਆਂ ਨੂੰ ਵੱਡੀ ਮੁਸ਼ਿਕਲ ਦਾ ਸਾਹਮਣਾ ਕਰਨਾ ਪਿਆ। ਸੀਵਰੇਜ ਦੇ ਜਾਮ ਕਾਰਨ ਗੰਦਾ ਪਾਣੀ, ਮੀਂਹ ਦੇ ਪਾਣੀ ’ਚ ਰਲ ਗਿਆ। ਕਈ ਮੁਹੱਲਿਆਂ ’ਚ ਮੀਂਹ ਦਾ ਪਾਣੀ ਗਲੀਆਂ ਭਰਨ ਤੋਂ ਬਾਅਦ ਘਰਾਂ ’ਚ ਦਾਖਲ ਹੋ ਗਿਆ, ਲੋਕਾਂ ਨੂੰ ਇਹ ਪਾਣੀ ਘਰਾਂ _ਚੋਂ ਬਾਲਟੀਆਂ ਨਾਲ ਬਾਹਰ ਕੱਢਣਾ ਪਿਆ।
INDIA ਹਾੜ ਦੇ ਮੀਂਹ ਨੇ ਮਾਨਸਾ ਵਾਸੀਆਂ ਦੇ ਕਢਵਾਏ ਹਾੜੇ